Welcome to Seerat.ca
Welcome to Seerat.ca

ਦਾਰੇ ਦੁਲਚੀਪੁਰੀਏ ਦੀ ਦਾਸਤਾਨ

 

- ਪ੍ਰਿੰ. ਸਰਵਣ ਸਿੰਘ

ਬਾਰੀ ਵਿਚ ਖੜ੍ਹੀ ਔਰਤ

 

- ਅਮਰਜੀਤ ਚੰਦਨ

ਸਰਗਮ ਦਾ ਸਫ਼ਰਨਾਮਾ

 

- ਸਰਗਮ ਸੰਧੂ

ਵਗਦੀ ਏ ਰਾਵੀ
ਰੌਸ਼ਨੀਆਂ ਦਾ ਸ਼ਹਿਰ

 

- ਵਰਿਆਮ ਸਿੰਘ ਸੰਧੂ

ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ

 

- ਚੰਦਰ ਮੋਹਨ

ਮੇਰੀ ਅੱਖਰ ਮਾਲਾ ਚੇਤਨਾ

 

- ਸੁਰਿੰਦਰ ਪਾਮਾ

ਨਜ਼ਮ

 

- ਉਂਕਾਰਪ੍ਰੀਤ

ਕਹਾਣੀ / ਕੀ ਕੀਤਾ ਜਾਵੇ

 

- ਵਕੀਲ ਕਲੇਰ

ਇਉਂ ਵੇਖਿਆ ਮੈ ਕੇਨਜ਼ ਦਾ ਪਹਿਲਾ ਸਿੱਖ ਖੇਡ ਮੇਲਾ

 

- ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਦੋ ਕਵਿਤਾਵਾਂ

 

- ਗੁਰਦਾਸ ਮਿਨਹਾਸ

ਮੇਰੀ ਜਾਣਕਾਰੀ ਭਰਪੂਰ ਚੀਨ ਯਾਤਰਾ

 

- ਸਤਵੰਤ ਸਿੰਘ

ਪੰਜਾਬੀ ਫ਼ਿਲਮ ਅੰਨ੍ਹੇ ਘੋੜੇ ਦਾ ਦਾਨ ਲੰਡਨ ਦੇ ਕੌਮਾਂਤਰੀ ਫ਼ਿਲਮ ਮੇਲੇ ਚ

 

- ਸੁਖਦੇਵ ਸਿੱਧੂ

 

ਦਾਰੇ ਦੁਲਚੀਪੁਰੀਏ ਦੀ ਦਾਸਤਾਨ
- ਪ੍ਰਿੰ. ਸਰਵਣ ਸਿੰਘ

 

ਦਾਰਾ ਦੁਲਚੀਪੁਰੀਆ ਸੱਤ ਫੁੱਟਾ ਪਹਿਲਵਾਨ ਸੀ। ਉਹਨੇ ਵਰਲਡ ਚੈਂਪੀਅਨ ਕਿੰਗਕਾਂਗ ਨੂੰ ਢਾਹ ਕੇ ਦੁਨੀਆ ਵਿਚ ਦਾਰਾ ਦਾਰਾ ਕਰਵਾ ਦਿੱਤੀ ਸੀ। ਉਹ ਜੀਂਦੇ ਜੀਅ ਮਿੱਥ ਬਣ ਗਿਆ ਸੀ ਤੇ ਉਹਦੇ ਬਾਰੇ ਦੰਦ ਕਥਾਵਾਂ ਚੱਲ ਪਈਆਂ ਸਨ। ਇਕ ਦੰਦ ਕਥਾ ਸੀ ਕਿ ਉਸ ਨੇ ਦੋ ਜਣਿਆਂ ਨੂੰ ਧੌਣੋਂ ਫੜ ਕੇ ਆਪਸ ਵਿਚ ਭਿੜਾ ਕੇ ਛੱਪੜ ਵਿਚ ਡੋਬ ਦਿੱਤਾ ਸੀ। ਦੂਜੀ ਦੰਦ ਕਥਾ ਸੀ ਪਈ ਉਹਨੂੰ ਮਾਰਖੰਡਾ ਸਾਨ੍ਹ ਪੈ ਗਿਆ ਪਰ ਦਾਰੇ ਨੇ ਸਿੰਗ ਫੜ ਲਏ। ਫਿਰ ਦੋਵੇਂ ਧੱਕਮਧੱਕੀ ਹੋਣ ਲੱਗੇ। ਕਦੇ ਦਾਰਾ ਸਾਨ੍ਹ ਨੂੰ ਦਸ ਕਦਮ ਪਿਛੇ ਧੱਕ ਲਿਜਾਂਦਾ ਤੇ ਕਦੇ ਸਾਨ੍ਹ ਦਾਰੇ ਦੇ ਪੈਰ ਉਖਾੜ ਦਿੰਦਾ। ਆਖ਼ਰ ਸਾਨ੍ਹ ਦੀ ਮੋਕ ਵਗ ਗਈ ਤੇ ਸਿੰਗ ਛੁਟਦਿਆਂ ਅਜਿਹਾ ਭੱਜਿਆ ਕਿ ਮੁੜ ਉਸ ਪਿੰਡ ਦੀ ਜੂਹ ਵਿਚ ਨਾ ਵੜਿਆ।
ਦਾਰਾ ਸਿੰਘ ਦੇ ਜੀਵਨ ਵਿਚ ਬੜੇ ਉਤਰਾਅ ਚੜ੍ਹਾਅ ਆਏ। ਉਸ ਦੀ ਜੀਵਨ ਗਾਥਾ ਖੇਤੀ, ਕੁਸ਼ਤੀ, ਖੂੰਨ, ਸਜ਼ਾ, ਰੁਮਾਂਸ, ਸਰਪੰਚੀ, ਨਸ਼ੇ ਤੇ ਭਲਵਾਨੀ ਕਲਚਰ ਵਿਚ ਗੁੱਧੀ ਹੋਈ ਹੈ ਜਿਸ ਤੇ ਕਾਮਯਾਬ ਫਿਲਮ ਬਣ ਸਕਦੀ ਹੈ। ਉਸ ਦਾ ਆਖ਼ਰੀ ਸਮਾਂ ਬੜਾ ਬੁਰਾ ਬੀਤਿਆ ਸੀ। ਉਹ ਸ਼ੂਗਰ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਸਿ਼ਕਾਰ ਹੋ ਗਿਆ ਸੀ, ਪੈਰਾਂ ਦੇ ਅੰਗੂਠੇ ਕੱਟੇ ਗਏ ਸਨ ਤੇ ਚੂਲਾ ਟੁੱਟ ਗਿਆ ਸੀ। ਉਸ ਦਾ ਜੁੱਸਾ ਸਵਾ ਕੁਇੰਟਲ ਤੋਂ ਘਟ ਕੇ ਸਿਰਫ਼ 70 ਕਿਲੋ ਰਹਿ ਗਿਆ ਸੀ ਤੇ ਉਹ ਸੱਤਰਵੇਂ ਸਾਲ ਦੀ ਉਮਰ ਵਿਚ ਗੁਜ਼ਰ ਗਿਆ।
ਮੈਂ 1956-57 ਵਿਚ ਦਾਰੇ ਦੀ ਕੁਸ਼ਤੀ ਫਾਜਿ਼ਲਕਾ ਦੇ ਗਊਸ਼ਾਲਾ ਮੈਦਾਨ ਵਿਚ ਆਪਣੀ ਅੱਖੀਂ ਵੇਖੀ ਸੀ। ਫਿਰ ਬਲਵੰਤ ਸਿੰਘ ਸੰਧੂ ਦਾ ਲਿਖਿਆ ਦਾਰਾ ਸਿੰਘ ਦਾ ਜੀਵਨੀ ਮੂਲਕ ਨਾਵਲ ਗੁੰਮਨਾਮ ਚੈਂਪੀਅਨ ਪੜ੍ਹਿਆ ਜਿਸ ਤੋਂ ਦਾਰਾ ਸਿੰਘ ਦੇ ਜੀਵਨ ਦੀਆਂ ਕਈ ਨਵੀਆਂ ਗੱਲਾਂ ਦਾ ਪਤਾ ਲੱਗਾ। 1965-66 ਤੋਂ ਮੈਂ ਖ਼ੁਦ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਾ ਆ ਰਿਹਾਂ। ਸੈਂਕੜੇ ਖਿਡਾਰੀਆਂ ਤੇ ਖੇਡ ਮੇਲਿਆਂ ਬਾਰੇ ਲਿਖਿਆ। ਦਾਰੇ ਦੁਲਚੀਪੁਰੀਏ ਬਾਰੇ ਵੀ ਲਿਖਿਆ ਤੇ ਦਾਰੇ ਧਰਮੂਚੱਕੀਏ ਬਾਰੇ ਵੀ ਲਿਖਿਆ। ਪਰ ਮੈਂ ਉਨ੍ਹਾਂ ਦੇ ਪਿੰਡ ਨਹੀਂ ਸੀ ਵੇਖੇ ਤੇ ਨਾ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲ ਸਕਿਆ ਸਾਂ। ਮੇਰਾ ਭਤੀਜਾ ਬਲਵੰਤ ਦੁਲਚੀਪੁਰੇ ਵਿਆਹਿਆ ਹੋਣ ਕਾਰਨ ਦਾਰਾ ਸਿੰਘ ਦੇ ਜੀਵਨ ਨੂੰ ਵਧੇਰੇ ਨੇੜਿਓਂ ਜਾਣ ਸਕਿਆ ਤੇ ਉਹਦੀ ਜੀਵਨ ਕਹਣੀ ਵਧੇਰੇ ਸਿ਼ਦਤ ਨਾਲ ਪੇਸ਼ ਕਰ ਸਕਿਆ ਹੈ। ਉਸ ਨੇ ਇਹ ਨਾਵਲ ਦਾਰਾ ਸਿੰਘ ਦੇ ਪਰਿਵਾਰਕ ਜੀਆਂ ਤੇ ਪਿੰਡ ਦੇ ਲੋਕਾਂ ਨੂੰ ਪੁੱਛ ਪੁਛਾ ਕੇ ਲਿਖਿਆ ਹੈ। ਦਾਰਾ ਸਿੰਘ ਦੀ ਪਤਨੀ ਬਲਬੀਰ ਕੌਰ ਉਦੋਂ ਜਿਊਂਦੀ ਸੀ ਜਿਸ ਨੂੰ ਮਿਲ ਕੇ ਉਸ ਨੇ ਨੇੜਲੀਆਂ ਗੱਲਾਂ ਪੁੱਛੀਆਂ।
ਪੁਸਤਕ ਗੁੰਮਨਾਮ ਚੈਂਪੀਅਨ ਪੜ੍ਹਦਿਆਂ ਮੇਰੇ ਮਨ ਵਿਚ ਵਾਰ ਵਾਰ ਇਹ ਖਿ਼ਆਲ ਆਉਂਦਾ ਰਿਹਾ ਕਿ ਮੈਂ ਉਹ ਪਿੰਡ ਤੇ ਘਰ ਵੇਖਾਂ ਜਿਥੇ ਸੱਤ ਫੁੱਟਾ ਦਾਰਾ ਜੰਮਿਆ ਤੇ ਮਰਿਆ। ਉਹ ਬੀਹੀ ਵੇਖਾਂ ਜਿਥੇ ਦਾਰੇ ਦੇ ਸ਼ਰੀਕ ਭਰਾਵਾਂ ਨੇ ਉਸ ਦੇ ਭਰਾ ਦਲੀਪ ਸਿੰਘ ਨੂੰ ਬਰਛੀ ਮਾਰ ਕੇ ਮਾਰਿਆ ਤੇ ਦੂਜੇ ਭਰਾ ਇੰਦਰ ਸਿੰਘ ਦਾ ਗੁੱਟ ਵੱਢਿਆ। ਨਾਲੇ ਉਹ ਛੱਪੜ ਵੇਖਾਂ ਜਿਸ ਵਿਚ ਸਾਰੇ ਪਿੰਡ ਦੇ ਸਾਹਮਣੇ ਦਾਰੇ ਨੇ ਆਪਣੇ ਸ਼ਰੀਕ ਭਰਾ ਸਰਦਾਰੇ ਨੂੰ ਕੁਹਾੜੀ ਮਾਰ ਕੇ ਤੇ ਛੱਪੜ ਵਿਚ ਡੁਬੋ ਕੇ ਬਦਲਾ ਲਿਆ। ਦਾਰੇ ਨੇ ਲਾਸ਼ ਨੂੰ ਪੈਰਾਂ ਨਾਲ ਹੀ ਛੱਪੜ ਦੀ ਗਾਰ ਵਿਚ ਦੱਬ ਦਿੱਤਾ ਸੀ ਪਰ ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਸੀ। ਦਾਰੇ ਨੂੰ ਪਹਿਲਾਂ ਫਾਂਸੀ ਤੇ ਪਿਛੋਂ ਵੀਹ ਸਾਲ ਦੀ ਸਜ਼ਾ ਹੋਈ ਪਰ ਉਸ ਦੀਆਂ ਲੋਕ ਭਲਾਈ ਫੰਡ ਲਈ ਵਿਖਾਈਆਂ ਨੁਮਾਇਸ਼ੀ ਕੁਸ਼ਤੀਆਂ ਤੇ ਦਰਸ਼ਨੀ ਜੁੱਸੇ ਦੇ ਮੱਦੇ ਨਜ਼ਰ ਸੱਤ ਸਾਲ ਦੀ ਕੈਦ ਪਿੱਛੋਂ ਰਿਹਾਈ ਮਿਲ ਗਈ ਸੀ।
ਰਿਹਾਅ ਹੋ ਕੇ ਦਾਰੇ ਨੇ ਕੁਸ਼ਤੀਆਂ ਲੜੀਆਂ, ਦੋ ਫਿਲਮਾਂ ਸੈਮਸਨ ਤੇ ਖ਼ੂਨ ਕਾ ਬਦਲਾ ਖ਼ੂਨ ਵਿਚ ਰੋਲ ਨਿਭਾਇਆ ਤੇ ਪਿੰਡ ਦੀ ਸਰਪੰਚੀ ਕੀਤੀ। ਜਿਥੇ ਉਸ ਦੀਆਂ ਕੁਸ਼ਤੀਆਂ ਦਾ ਲੇਖਾ ਨਹੀਂ ਉਥੇ ਉਸ ਦੀ ਵਧੇਰੇ ਸ਼ਰਾਬ, ਮੋਟੀ ਫੀਮ ਤੇ ਸੁੱਖੇ ਨੇ ਮੱਤ ਮਾਰੀ ਰੱਖੀ। ਉਸ ਨੇ ਪਹਿਲੀ ਪਤਨੀ ਦੇ ਹੁੰਦਿਆਂ ਇਕ ਹੋਰ ਤੀਵੀਂ ਘਰ ਲੈ ਆਂਦੀ। ਲੰਮੀ ਲੰਝੀ ਤੇ ਸੋਹਣੀ ਸੁਨੱਖੀ ਪੰਡਤਾਣੀ ਦੇ ਨਾ ਪਹਿਲਾਂ ਬੱਚਾ ਸੀ ਤੇ ਨਾ ਪਿੱਛੋਂ ਹੋਇਆ। ਉਹ ਦਾਰਾ ਸਿੰਘ ਤੋਂ ਪਹਿਲਾਂ ਹੀ ਚੱਲ ਵਸੀ। ਪਤਨੀ ਬਲਬੀਰ ਕੌਰ ਨੇ ਪਹਿਲਾਂ ਸੌਂਕਣ ਤੇ ਪਿਛੋਂ ਪਤੀ ਦੀ ਮੌਤ ਕਰਕੇ ਸਾਲਾਂ ਬੱਧੀ ਰੰਡੇਪਾ ਕੱਟਿਆ। ਉਹ ਦਾਰਾ ਸਿੰਘ ਤੋਂ ਅਠਾਰਾਂ ਸਾਲ ਪਿਛੋਂ 2006 ਵਿਚ ਪ੍ਰਮਾਤਮਾ ਨੂੰ ਪਿਆਰੀ ਹੋਈ। ਉਸ ਦਾ ਇਕੋ ਇਕ ਪੁੱਤਰ ਹਰਬੰਸ ਸਿੰਘ ਪਿਓ ਤੋਂ ਪਿੱਛੋਂ ਪਰ ਮਾਂ ਤੋਂ ਪਹਿਲਾਂ ਚੱਲ ਵਸਿਆ। ਰਣਜੀਤ ਸਿੰਘ ਤੇ ਰਘਬੀਰ ਸਿੰਘ ਦੋ ਪੋਤਰੇ ਹਨ ਅਤੇ ਇਕ ਪੜਪੋਤਾ ਤੇ ਇਕ ਪੜਪੋਤੀ ਹੈ। ਪੜਪੋਤੀ ਵਿਆਹੀ ਗਈ ਹੈ ਤੇ ਪੜਪੋਤਾ ਪੜ੍ਹਦਾ ਹੈ। ਉਹ ਖੇਤੀ ਕਰ ਕੇ ਤੇ ਮਾਲ ਡੰਗਰ ਪਾਲ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਆਪਣੀ ਰਹਾਇਸ਼ ਬਾਹਰ ਖੇਤਾਂ ਵਿਚ ਰੱਖੀ ਹੋਈ ਹੈ।
ਦਾਰਾ ਸਿੰਘ ਨਾਂ ਦੇ ਬੰਦੇ ਕਈ ਮਸ਼ਹੂਰ ਹਨ ਜਿਨ੍ਹਾਂ ਵਿਚੋਂ ਦੋ ਦਾਰਿਆਂ ਨੇ ਕੁਸ਼ਤੀਆਂ ਵਿਚ ਆਪਣਾ ਨਾਂ ਚਮਕਾਇਆ। ਆਮ ਲੋਕ ਕੁਸ਼ਤੀਆਂ ਵਾਲੇ ਦੋਹਾਂ ਦਾਰਿਆਂ ਨੂੰ ਇਕੋ ਸਮਝਦੇ ਹਨ ਪਰ ਉਹ ਇਕ ਨਹੀਂ। ਵਧੇਰੇ ਲੋਕ ਛੋਟੇ ਦਾਰੇ ਨੂੰ ਹੀ ਜਾਣਦੇ ਹਨ ਕਿਉਂਕਿ ਉਹ ਫਿਲਮੀ ਪਰਦੇ ਉਤੇ ਵਧੇਰੇ ਆਇਐ ਤੇ ਉਹਦੀ ਮਸ਼ਹੂਰੀ ਵੀ ਬਹੁਤ ਹੋਈ। ਉਹ ਰਾਜ ਸਭਾ ਦਾ ਵੀ ਮੈਂਬਰ ਰਿਹਾ। ਉਸ ਨੇ ਰਾਮਾਇਣ ਸੀਰੀਅਲ ਵਿਚ ਹਨੂੰਮਾਨ ਦਾ ਰੋਲ ਅਦਾ ਕਰ ਕੇ ਘਰ ਘਰ ਵਿਚ ਆਪਣੀ ਪਛਾਣ ਬਣਾਈ। ਵੱਡਾ ਦਾਰਾ ਅਸਲੋਂ ਅਨਪੜ੍ਹ ਸੀ ਜਦ ਕਿ ਛੋਟਾ ਦਾਰਾ ਸਮੇਂ ਅਨੁਸਾਰ ਹੁਸਿ਼ਆਰ ਰਿਹਾ। ਕੁਦਰਤ ਉਹਦੇ ਤੇ ਕੁਝ ਵਧੇਰੇ ਹੀ ਮਿਹਰਬਾਨ ਰਹੀ।
ਦੋਹਾਂ ਪਹਿਲਵਾਨਾਂ ਦੀ ਵੱਖਰੀ ਸਿਆਣ ਕਰਾਉਣੀ ਹੋਵੇ ਤਾਂ ਵੱਡੇ ਨੂੰ ਦਾਰਾ ਦੁਲਚੀਪੁਰੀਆ ਤੇ ਛੋਟੇ ਨੂੰ ਦਾਰਾ ਧਰਮੂਚੱਕੀਆ ਕਹਿ ਸਕਦੇ ਹਾਂ। ਵੱਡਾ ਸਿੱਧੂ ਜੱਟ ਸੀ ਤੇ ਛੋਟਾ ਰੰਧਾਵਾ ਜੱਟ ਹੈ। ਵੱਡੇ ਦਾ ਕੱਦ ਸੱਤ ਫੁਟ ਦੇ ਕਰੀਬ ਸੀ ਤੇ ਛੋਟੇ ਦਾ ਸਵਾ ਛੇ ਫੁੱਟ ਦੇ ਕਰੀਬ ਹੈ। ਵੱਡਾ ਰਤਾ ਸਾਂਵਲੇ ਰੰਗ ਦਾ ਸੀ ਤੇ ਛੋਟਾ ਕਣਕਵੰਨੇ ਰੰਗ ਦਾ ਹੈ। ਵੱਡੇ ਨੂੰ ਦਾਰਾ ਕਿੱਲਰ ਕਿਹਾ ਜਾਂਦਾ ਸੀ ਜਾਂ ਦਾਰਾ ਜੇਲ੍ਹਰ। ਸੀਰੀਅਲ ਰਾਮਾਇਣ ਵਿਚ ਹਨੂੰਮਾਨ ਦਾ ਰੋਲ ਕਰਕੇ ਛੋਟਾ ਦਾਰਾ ਬਜਰੰਗ ਬਲੀ ਵੱਜਿਆ। ਛੋਟੇ ਦਾਰਾ ਸਿੰਘ ਨੂੰ ਤਾਂ ਜੱਗ ਜਾਣਦਾ ਹੈ ਜਦ ਕਿ ਵੱਡਾ ਦਾਰਾ ਸਿੰਘ ਰੁਸਤਮੇ ਜਮਾਂ ਬਣਨ ਤੋਂ ਬਾਅਦ ਵੀ ਗੁੰਮਨਾਮੀ ਦੀਆਂ ਗਲੀਆਂ ਵਿਚ ਗੁਆਚ ਗਿਆ।
ਜਦੋਂ ਮੈਂ ਆਪਣੀ ਚੜ੍ਹਦੀ ਜੁਆਨੀ ਦੇ ਦਿਨਾਂ ਵੱਲ ਝਾਤ ਮਾਰਦਾ ਹਾਂ ਤਾਂ ਛਿੰਝਾਂ ਦੇ ਰੁਮਾਂਚਿਕ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਤੈਰਨ ਲੱਗਦੇ ਹਨ। ਇਕ ਦ੍ਰਿਸ਼ ਹੈ ਫਾਜਿ਼ਲਕਾ ਦੇ ਗਊਸ਼ਾਲਾ ਮੈਦਾਨ ਵਿਚ ਹੋਈਆਂ ਦਰਸ਼ਨੀ ਕੁਸ਼ਤੀਆਂ ਦਾ। ਨੰਦਗੜ੍ਹ ਦਾ ਵਕੀਲ ਬਲਦੇਵ ਸਿੰਘ ਸਿਵੀਆ ਜੋ ਕੁਝ ਸਮਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਉਦੋਂ ਫਾਜਿ਼ਲਕਾ ਦੇ ਮੁਨਸ਼ੀ ਰਾਮ ਕਾਲਜ ਵਿਚ ਪੜ੍ਹਦਾ ਸੀ। ਮੈਂ ਉਸ ਤੋਂ ਦੋ ਜਮਾਤਾਂ ਪਿੱਛੇ ਸਾਂ। ਉਸ ਨੇ ਦਾਰਾ ਸਿੰਘ ਦੀ ਕੁਸ਼ਤੀ ਵੇਖਣ ਲਈ ਦੋ ਟਿਕਟਾਂ ਲੈ ਲਈਆਂ ਤੇ ਮੈਨੂੰ ਵੀ ਨਾਲ ਜਾਣ ਲਈ ਤਿਆਰ ਕਰ ਲਿਆ। ਇਹ 1956-57 ਦੀ ਗੱਲ ਹੈ। ਦਾਰਾ ਸਿੰਘ ਦੀ ਕੁਸ਼ਤੀ ਦੇ ਵੱਡੇ ਵੱਡੇ ਇਸ਼ਤਿਹਾਰ ਕੰਧਾਂ ਉਤੇ ਲੱਗੇ ਸਨ। ਢੋਲ ਤੇ ਛੈਣਿਆਂ ਨਾਲ ਰਾਜਾ ਥੇਟਰ ਵਿਚ ਲੱਗੀ ਫਿ਼ਲਮ ਦੀ ਮਸ਼ਹੂਰੀ ਕਰਨ ਵਾਲੇ ਦਾਰੇ ਦੇ ਦੰਗਲ ਦੀ ਮਸ਼ਹੂਰੀ ਕਰ ਰਹੇ ਸਨ।
ਜਦੋਂ ਹਜ਼ਾਰਾਂ ਦਰਸ਼ਕ ਗਊਸ਼ਾਲਾ ਦੇ ਮੈਦਾਨ ਤੇ ਛੱਤਾਂ ਉਤੇ ਬੈਠੇ ਖੜ੍ਹੇ ਦਾਰਾ ਸਿੰਘ ਦੀ ਉਡੀਕ ਕਰ ਰਹੇ ਸਨ ਤਾਂ ਉਹ ਵੱਡੇ ਦਰਵਾਜ਼ੇ ਰਾਹੀਂ ਆਉਂਦਾ ਵਿਖਾਈ ਦਿੱਤਾ। ਅਸੀਂ ਛੱਤ ਉਤੇ ਚੜ੍ਹੇ ਬੈਠੇ ਸਾਂ ਜਿਥੋਂ ਸਭ ਕੁਝ ਦਿਸਦਾ ਸੀ। ਧੁੱਪ ਖਿੜੀ ਹੋਈ ਸੀ ਤੇ ਹਵਾ ਕੁਝ ਤੇਜ਼ ਵਗ ਰਹੀ ਸੀ। ਪਹਿਲਾਂ ਕਬੱਡੀ ਦੇ ਮੈਚਾਂ ਨਾਲ ਅਖਾੜਾ ਭਰਿਆ ਗਿਆ ਸੀ ਫਿਰ ਛੋਟੇ ਜੋੜਾਂ ਦੇ ਭੇੜ ਹੋ ਰਹੇ ਸਨ। ਅੰਤਾਂ ਦੀ ਮੁਲੱਖ ਕੱਠੀ ਹੋਈ ਪਈ ਸੀ। ਦਾਰਾ ਵਿਖਾਈ ਦਿੱਤਾ ਤਾਂ ਹਰ ਪਾਸਿਓਂ ਆਵਾਜ਼ਾਂ ਆਉਣ ਲੱਗੀਆਂ ਔਹ ਦਾਰਾ ਸਿੰਘ ਔਹ ਦਾਰਾ ਸਿੰਘ। ਉਹਦੇ ਸਿਰ ਉਤੇ ਟੌਰੇ ਵਾਲੀ ਸਫੈਦ ਪੱਗ ਬੱਧੀ ਹੋਈ ਸੀ। ਕਲੀਆਂ ਵਾਲਾ ਚਿੱਟਾ ਕੁੜਤਾ ਤੇ ਤੰਬਾ ਲਾਇਆ ਹੋਇਆ ਸੀ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹਦੇ ਦੋਹੀਂ ਪਾਸੀਂ ਦੋ ਸਿਪਾਹੀ ਸਨ ਜਿਨ੍ਹਾਂ ਨੇ ਉਹਨੂੰ ਹੱਥਕੜੀਆਂ ਲਾ ਕੇ ਸੰਗਲੀਆਂ ਫੜੀਆਂ ਹੋਈਆਂ ਸਨ। ਦੰਗਲ ਦੇ ਪ੍ਰਬੰਧਕ ਵੀ ਦਾਰੇ ਨਾਲ ਆ ਰਹੇ ਸਨ।
ਹੱਥਕੜੀਆਂ ਦੇ ਲੱਗਿਆਂ ਹੀ ਉਹਦੀ ਮੈਦਾਨ ਵਿਚ ਗੇੜੀ ਲੁਆਈ ਗਈ। ਉਹ ਹੱਥਕੜੀ ਵਾਲਾ ਹੱਥ ਉਠਾ ਕੇ ਹੀ ਦਰਸ਼ਕਾਂ ਦੀ ਦੁਆ ਸਲਾਮ ਦਾ ਜਵਾਬ ਦਿੰਦਾ। ਦਰਸ਼ਕ ਉਹਦਾ ਕੱਦ ਕਾਠ ਵੇਖ ਕੇ ਹੈਰਾਨ ਸਨ। ਜਿਹੜੇ ਬੰਦੇ ਉਹਦੇ ਨਾਲ ਤੁਰੇ ਫਿਰਦੇ ਸਨ ਉਹ ਉਹਨਾਂ ਤੋਂ ਹੱਥ ਉੱਚਾ ਦਿਸਦਾ ਸੀ। ਫਿਰ ਉਸ ਨੂੰ ਰਿੰਗ ਕੋਲ ਲਿਜਾਇਆ ਗਿਆ। ਰਿੰਗ ਵਿਚ ਪਹਿਲਾਂ ਹੀ ਕੁਸ਼ਤੀਆਂ ਚੱਲ ਰਹੀਆਂ ਸਨ। ਛੋਟੇ ਪਹਿਲਵਾਨਾਂ ਨੇ ਉਹਦੇ ਗੋਡੀਂ ਹੱਥ ਲਾਏ। ਉਥੇ ਦੋ ਪਹਿਲਵਾਨ ਐਸੇ ਵੀ ਵੇਖੇ ਜਿਨ੍ਹਾਂ ਦੇ ਢਿੱਡ ਬਹੁਤ ਵੱਡੇ ਸਨ। ਜਦ ਉਹ ਘੁਲਣ ਲੱਗੇ ਤਾਂ ਉਨ੍ਹਾਂ ਦੇ ਢਿੱਡ ਇਕ ਦੂਜੇ ਨਾਲ ਭਿੜ ਰਹੇ ਸਨ ਤੇ ਬਾਹਾਂ ਧੌਣਾਂ ਤਕ ਨਹੀਂ ਸਨ ਪਹੁੰਚ ਰਹੀਆਂ। ਉਹ ਦੰਗਲ ਵਿਚ ਜੋਕਰਾਂ ਵਰਗੇ ਲੱਗਦੇ ਸਨ ਤੇ ਲੋਕ ਉਨ੍ਹਾਂ ਦੀ ਕੁਸ਼ਤੀ ਉਤੇ ਹੱਸ ਹੱਸ ਲੋਟ ਪੋਟ ਹੋ ਰਹੇ ਸਨ।
ਫਿਰ ਐਲਾਨ ਹੋਇਆ ਕਿ ਹੁਣ ਦਾਰਾ ਸਿੰਘ ਦੀ ਕੁਸ਼ਤੀ ਹੋਵੇਗੀ। ਦਾਰਾ ਸਿੰਘ ਦੀਆਂ ਹੱਥਕੜੀਆਂ ਖੋਲ੍ਹ ਦਿੱਤੀਆਂ ਗਈਆਂ ਤੇ ਉਹ ਕਪੜੇ ਉਤਾਰ ਕੇ ਰਿੰਗ ਵਿਚ ਜਾ ਵੜਿਆ। ਉਸ ਨੇ ਅੰਗੜਾਈ ਭਰੀ, ਬਾਹਾਂ ਉਠਾਈਆਂ ਤੇ ਜੁੱਸੇ ਨੂੰ ਇਧਰ ਉਧਰ ਘੁਮਾਇਆ। ਉਹਦਾ ਤਾਂਬੇ ਰੰਗਾ ਸਰੀਰ ਸੂਰਜ ਦੀਆਂ ਕਿਰਨਾਂ ਵਿਚ ਲਿਸ਼ਕਾਂ ਮਾਰ ਰਿਹਾ ਸੀ ਤੇ ਲੋਕ ਉਹਦੇ ਲੰਮੇ ਕੱਦ ਦੀਆਂ ਸਿਫਤਾਂ ਕਰ ਰਹੇ ਸਨ। ਉਹਦੇ ਮੁਕਾਬਲੇ ਵਿਚ ਚਾਂਦ ਨਾਂ ਦਾ ਪਹਿਲਵਾਨ ਨਿਕਲਿਆ ਜਿਹੜਾ ਮੁੜ੍ਹਕੇ ਨਾਲ ਭਿੱਜਿਆ ਹੋਇਆ ਸੀ। ਉਹਦਾ ਰੰਗ ਗੋਰਾ ਸੀ ਤੇ ਜੁੱਸਾ ਭਾਰਾ ਸੀ। ਪ੍ਰਚਾਰ ਸੀ ਕਿ ਮੁਕਾਬਲਾ ਬੜਾ ਸਖ਼ਤ ਹੋਵੇਗਾ ਪਰ ਭੇਤੀ ਬੰਦੇ ਜਾਣਦੇ ਸਨ ਕਿ ਇਹ ਵਿਖਾਵੇ ਦੀ ਕੁਸ਼ਤੀ ਹੋਵੇਗੀ।
ਕੁਸ਼ਤੀ ਫਰੀ ਸਟਾਈਲ ਸੀ ਜਿਸ ਵਿਚ ਦਾਰਾ ਸਿੰਘ ਨੇ ਵਿਰੋਧੀ ਭਲਵਾਨ ਨੂੰ ਬੁਰੀ ਤਰ੍ਹਾਂ ਭੰਨਿਆਂ। ਕਦੇ ਉਹਦੀ ਲੱਤ ਖਿੱਚ ਕੇ ਬਹੁੜੀਆਂ ਪੁਆਉਂਦਾ ਤੇ ਕਦੇ ਬਾਂਹ ਖਿੱਚ ਕੇ। ਇਥੋਂ ਤਕ ਕਿ ਇਕ ਵਾਰ ਰਿੰਗ ਤੋਂ ਬਾਹਰ ਈ ਚਲਾ ਮਾਰਿਆ। ਚਾਂਦ ਦੀਆਂ ਚੀਕਾਂ ਨਿਕਲ ਗਈਆਂ। ਦਰਸ਼ਕ ਸਕਤੇ ਵਿਚ ਆ ਗਏ। ਦਾਰੇ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਤੇ ਰਿੰਗ ਚੋਂ ਨਿਕਲਦੇ ਨੂੰ ਫਿਰ ਹੱਥਕੜੀਆਂ ਲਾ ਕੇ ਉਹਦੀ ਜੇਤੂ ਗੇੜੀ ਲੁਆਈ ਗਈ। ਲੋਕ ਉਹਦੇ ਦਰਸ਼ਨਾਂ ਲਈ ਧੱਕਮਧੱਕੀ ਹੁੰਦੇ ਰਹੇ ਤੇ ਨੋਟਾਂ ਨਾਲ ਉਹਦਾ ਪਰਨਾ ਭਰਦੇ ਗਏ।
ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਹੀ ਸੋਨੀਪਤ ਲਾਗੇ ਪਿੰਡ ਭੱਟਗਾਓਂ ਚ ਹੋਈਆਂ ਕੁਸ਼ਤੀਆਂ ਸਮੇਂ ਬੱਝਾ ਸੀ। ਅਖਾੜਾ ਝੰਡੇ ਝੰਡੀਆਂ ਨਾਲ ਸਿੰ਼ਗਾਰਿਆ ਗਿਆ ਸੀ। ਉਹ ਪਿੰਡ ਦਿੱਲੀ ਦੇ ਨੇੜ ਹੋਣ ਕਾਰਨ ਦੰਗਲ ਲਈ ਚੁਣਿਆ ਗਿਆ ਸੀ। ਉਥੇ ਦਾਰਾ ਸਿੰਘ ਦੀ ਕੁਸ਼ਤੀ ਪੰਡਤ ਜਵਾਹਰ ਲਾਲ ਨਹਿਰੂ ਆਪਣੇ ਵਿਸ਼ੇਸ਼ ਮਹਿਮਾਨਾਂ ਨੂੰ ਵਿਖਾ ਰਹੇ ਸਨ। ਵਿਸ਼ੇਸ਼ ਮਹਿਮਾਨ ਸਨ ਸੋਵੀਅਤ ਰੂਸ ਦੇ ਮਾਰਸ਼ਲ ਬੁਲਗਾਨਿਨ ਤੇ ਨਿਕੀਤਾ ਖਰੋਸ਼ਚੋਵ। ਸਭ ਤੋਂ ਪਹਿਲਾਂ ਪੰਡਤ ਨਹਿਰੂ ਦੇ ਅਸ਼ੀਰਵਾਦ ਨਾਲ ਦਾਰੇ ਤੇ ਜੋਗਿੰਦਰ ਟਾਈਗਰ ਦੀ ਕੁਸ਼ਤੀ ਹੋਈ। ਇਹ ਨੁਮਾਇਸ਼ੀ ਕੁਸ਼ਤੀ ਸੀ ਜੋ ਦਾਰਾ ਸਿੰਘ ਕੁਝ ਪਕੜਾਂ ਵਿਖਾ ਕੇ ਜਿੱਤ ਗਿਆ। ਉਸ ਤੋਂ ਬਾਅਦ ਕਈ ਹੋਰ ਭਲਵਾਨਾਂ ਦੀਆਂ ਕੁ਼ਸ਼ਤੀਆਂ ਹੋਈਆਂ। ਅਖਾੜਾ ਪੂਰਾ ਭਰ ਗਿਆ ਸੀ ਤੇ ਕਿਧਰੇ ਤਿਲ ਸੁੱਟਣ ਜੋਗੀ ਜਗ੍ਹਾ ਨਹੀਂ ਸੀ। ਫਿਰ ਦਾਰਾ ਸਿੰਘ ਤੇ ਹਰਦਿੱਤ ਸਿੰਘ ਐਟਮ ਬੰਬ ਦੀ ਫਾਈਨਲ ਕੁਸ਼ਤੀ ਹੋਈ। ਦੋਹਾਂ ਦੇ ਜੁੱਸੇ ਦਿਓਆਂ ਵਰਗੇ ਸਨ। ਹਰਿਆਣਵੀ ਜਾਟ ਕਹਿ ਰਹੇ ਸਨ, ਬਈ ਮੰਨ੍ਹੇ ਤੋ ਐਸੇ ਪਅ੍ਹਾੜੋਂ ਜੈਸੇ ਭਲਵਾਨ ਪਹਿਲੀ ਬਾਰ ਦੇਖੇ ਹੈਂ।
ਦਾਰੇ ਤੇ ਹਰਦਿੱਤ ਦੀ ਕੁਸ਼ਤੀ ਪੰਜ ਸੱਤ ਮਿੰਟ ਚੱਲੀ ਹੋਵੇਗੀ ਕਿ ਦਾਰੇ ਨੇ ਉਸ ਦਾ ਕਲਾਵਾ ਭਰਿਆ ਤੇ ਰਿੰਗ ਤੋਂ ਬਾਹਰ ਚਲਾ ਮਾਰਿਆ। ਹਰਦਿੱਤ ਦੇ ਚਾਰ ਦੰਦ ਟੁਟ ਕੇ ਬਾਹਰ ਜਾ ਪਏ। ਦਾਰੇ ਦੀ ਜਿੱਤ ਦੇ ਡੰਕੇ ਵੱਜ ਗਏ। ਰੂਸੀ ਮਹਿਮਾਨ ਦਾਰੇ ਦੀ ਤਾਕਤ ਤੋਂ ਦੰਗ ਸਨ। ਦਾਰੇ ਨੂੰ ਫਿਰੋਜ਼ਪੁਰ ਜੇਲ੍ਹ ਚੋਂ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਸੀ। ਜਿਉਂ ਹੀ ਕੁਸ਼ਤੀ ਜਿੱਤਣ ਪਿੱਛੋਂ ਉਹਦੇ ਹੱਥਕੜੀ ਲਾਈ ਜਾਣ ਲੱਗੀ ਤਾਂ ਦਰਸ਼ਕਾਂ ਨੇ ਰੌਲਾ ਪਾ ਦਿੱਤਾ, ਦਾਰੇ ਨੂੰ ਰਿਹਾਅ ਕਰੋ।
ਰੂਸੀ ਮਹਿਮਾਨਾਂ ਨੇ ਦੁਭਾਸ਼ੀਏ ਰਾਹੀਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ? ਜਦੋਂ ਦੱਸਿਆ ਗਿਆ ਕਿ ਲੋਕ ਉਸ ਦੀ ਰਿਹਾਈ ਮੰਗਦੇ ਹਨ ਤਾਂ ਉਨ੍ਹਾਂ ਨੇ ਪੰਡਤ ਨਹਿਰੂ ਨਾਲ ਗੱਲ ਕੀਤੀ। ਪੰਡਤ ਜੀ ਨੇ ਹੀ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੂੰ ਕਹਿ ਕੇ ਮਹਿਮਾਨਾਂ ਲਈ ਦਾਰਾ ਸਿੰਘ ਦੀ ਕੁਸ਼ਤੀ ਦਾ ਪ੍ਰਬੰਧ ਕਰਾਇਆ ਸੀ। ਮਹਿਮਾਨਾਂ ਦੀ ਇੱਛਾ ਤੇ ਦਾਰਾ ਸਿੰਘ ਦੀਆਂ ਕੁਸ਼ਤੀਆਂ ਰਾਹੀਂ ਕੱਠੇ ਕੀਤੇ ਜਾ ਰਹੇ ਰਿਲੀਫ਼ ਫੰਡ ਨੂੰ ਮੁੱਖ ਰੱਖਦਿਆਂ ਦਾਰਾ ਸਿੰਘ ਤੋਂ ਰਹਿਮ ਦੀ ਅਪੀਲ ਕਰਵਾਈ ਗਈ ਜੋ ਰਾਸ਼ਟਰਪਤੀ ਨੇ ਪਰਵਾਨ ਕਰ ਕੇ ਦਾਰਾ ਸਿੰਘ ਨੂੰ ਰਿਹਾਅ ਕਰ ਦਿੱਤਾ। ਦਾਰੇ ਨੇ ਰਿਲੀਫ਼ ਫੰਡ ਚੋਂ ਆਪਣਾ ਦੋ ਲੱਖ ਰੁਪਏ ਦਾ ਕੁਸ਼ਤੀ ਕਮਿਸ਼ਨ ਲੋੜਵੰਦ ਗਰੀਬਾਂ ਨੂੰ ਦੇ ਦੇਣ ਲਈ ਕਿਹਾ ਜਿਨ੍ਹਾਂ ਦੀਆਂ ਦੁਆਵਾਂ ਨਾਲ ਉਹ ਰਿਹਾਅ ਹੋਇਆ।
ਦਾਰੇ ਦੁਲਚੀਪੁਰੀਏ ਦੀ ਦਾਸਤਾਨ ਦਰਦਨਾਕ ਤੇ ਜੱਗੋਂ ਨਿਆਰੀ ਹੈ। ਉਹ 1918 ਵਿਚ ਤਰਨਤਾਰਨ ਤੇ ਖਡੂਰ ਸਾਹਿਬ ਵਿਚਕਾਰ ਛੋਟੇ ਜਿਹੇ ਪਿੰਡ ਦੁਲਚੀਪੁਰ ਵਿਚ ਪਿਆਰਾ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਪੈਦਾ ਹੋਇਆ ਸੀ। ਉਦੋਂ ਪਹਿਲੀ ਵਿਸ਼ਵ ਜੰਗ ਮੁੱਕਣ ਵਾਲੀ ਸੀ ਤੇ ਜਲ੍ਹਿਆਂ ਵਾਲੇ ਦਾ ਸਾਕਾ ਵਰਤਣ ਵਾਲਾ ਸੀ। ਉਹ ਛੇ ਭੈਣ ਭਰਾ ਸਨ। ਦਾਰਾ ਅਜੇ ਦਸ ਸਾਲ ਦਾ ਹੀ ਸੀ ਕਿ ਪਿਆਰਾ ਸਿੰਘ ਪਲੇਗ ਦੀ ਬਿਮਾਰੀ ਨਾਲ ਪਰਲੋਕ ਸਿਧਾਰ ਗਿਆ। ਵੱਡੇ ਪਰਿਵਾਰ ਦੀ ਜਿ਼ੰਮੇਵਾਰੀ ਵੱਡੇ ਭਰਾ ਇੰਦਰ ਸਿੰਘ ਦੇ ਸਿਰ ਆਣ ਪਈ। ਇੰਦਰ ਸਿੰਘ ਖ਼ੁਦ ਭਲਵਾਨੀ ਕਰਨ ਲੱਗਾ ਸੀ ਪਰ ਉਸ ਦੀਆਂ ਪਹਿਲਵਾਨ ਬਣਨ ਦੀਆਂ ਰੀਝਾਂ ਮਨ ਵਿਚ ਹੀ ਰਹਿ ਗਈਆਂ।
ਦੁਲਚੀਪੁਰ ਉਸ ਇਲਾਕੇ ਦਾ ਪਿੰਡ ਹੈ ਜਿਥੇ ਪਹਿਲਵਾਨੀ ਦੀ ਪਰੰਪਰਾ ਬੜੀ ਪੁਰਾਣੀ ਹੈ। ਲਾਗੇ ਹੀ ਗੁਰੂ ਕੀ ਨਗਰੀ ਖਡੂਰ ਸਾਹਿਬ ਹੈ ਜਿਥੇ ਗੁਰੂ ਅੰਗਦ ਦੇਵ ਜੀ ਮੱਲਾਂ ਦੇ ਘੋਲ ਕਰਵਾਇਆ ਕਰਦੇ ਸਨ ਤੇ ਮਾਤਾ ਖੀਵੀ ਜੀ ਘਿਉਲੀ ਖੀਰ ਵਰਤਾਇਆ ਕਰਦੇ ਸਨ। ਉਥੇ ਗੁਰਦਵਾਰਾ ਮੱਲ ਅਖਾੜਾ ਸਾਹਿਬ ਸੁਭਾਏਮਾਨ ਹੈ। ਖਡੂਰ ਸਾਹਿਬ ਦੇ ਮੇਲੇ ਵਿਚ ਵੀ ਕੁਸ਼ਤੀਆਂ ਹੁੰਦੀਆਂ ਸਨ ਜਿਥੋਂ ਗਭਰੂਆਂ ਨੂੰ ਕੁਸ਼ਤੀਆਂ ਦੀ ਚੇਟਕ ਲੱਗਦੀ। ਆਲੇ ਦੁਆਲੇ ਦੇ ਪਿੰਡਾਂ ਵਿਚ ਕੁਸ਼ਤੀਆਂ ਦੇ ਅਖਾੜੇ ਆਮ ਸਨ।
ਇੰਦਰ ਸਿੰਘ ਨੇ ਆਪਣੇ ਛੋਟੇ ਭਰਾ ਦਾਰਾ ਸਿੰਘ ਦੀ ਖੁਰਾਕ ਦਾ ਚੰਗਾ ਪ੍ਰਬੰਧ ਕੀਤਾ ਤੇ ਉਸ ਨੂੰ ਪਹਿਲਵਾਨ ਬਣਾਉਣਾ ਚਾਹਿਆ। ਦਾਰਾ ਮੁੱਢੋਂ ਹੀ ਬੜਾ ਹੁੰਦੜਹੇਲ ਸੀ ਤੇ ਚੌਦਾਂ ਪੰਦਰਾਂ ਸਾਲ ਦੀ ਉਮਰ ਵਿਚ ਆਪਣੇ ਨਾਲੋਂ ਵਡੇਰੇ ਜੁਆਨਾਂ ਨੂੰ ਢਾਹੁਣ ਲੱਗ ਪਿਆ ਸੀ। ਮਾਲ ਚਾਰਦਿਆਂ ਉਹ ਹਾਣੀਆਂ ਨਾਲ ਡਹਿਣ ਲੱਗ ਪੈਂਦਾ ਤੇ ਕਈ ਵਾਰ ਉਲਾਂਭੇ ਵੀ ਲਿਆਉਂਦਾ। ਉਸ ਵਿਚ ਮਾਰਖੋਰੀ ਬਿਰਤੀ ਜਮਾਂਦਰੂ ਸੀ। ਇਕੇਰਾਂ ਉਸ ਨੇ ਆਪਣੇ ਨਾਲ ਡੰਗਰ ਚਾਰਦੇ ਇਕ ਮੁੰਡੇ ਦਾ ਡਲਾ ਮਾਰ ਕੇ ਸਿਰ ਲਹੂ ਲੁਹਾਣ ਕਰ ਦਿੱਤਾ ਸੀ। ਪਿੰਡ ਦੇ ਸਿਆਣੇ ਬੰਦਿਆਂ ਨੇ ਇੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਇਸ ਨੂੰ ਕਿਸੇ ਚੰਗੇ ਪਹਿਲਵਾਨ ਦੇ ਅਖਾੜੇ ਵਿਚ ਛੱਡੋ ਤਾਂ ਕਿ ਇਹ ਤਕੜਾ ਪਹਿਲਵਾਨ ਬਣ ਸਕੇ। ਗੁਆਂਢੀ ਪਿੰਡ ਦੇ ਕਿਸੇ ਪਹਿਲਵਾਨ ਨੇ ਦੱਸ ਪਾ ਦਿੱਤੀ ਕਿ ਇਹਨੂੰ ਲਾਹੌਰ ਪਹਿਲਵਾਨ ਸੱਜਣ ਸਿੰਘ ਦਾ ਪੱਠਾ ਬਣਾਓ।
ਇੰਦਰ ਸਿੰਘ ਨੇ ਘਿਓ ਦਾ ਪੀਪਾ, ਸੁੱਕੇ ਮੇਵਿਆਂ ਦਾ ਝੋਲਾ, ਸਵਾ ਰੁਪਿਆ ਤੇ ਪੱਗ ਲੈ ਕੇ ਦਾਰੇ ਨਾਲ ਲਾਹੌਰ ਨੂੰ ਚਾਲੇ ਪਾ ਲਏ। ਉਸਤਾਦ ਸੱਜਣ ਸਿੰਘ ਨੂੰ ਪੱਗ ਤੇ ਸਵਾ ਰੁਪਿਆ ਮੱਥਾ ਟੇਕ ਕੇ ਗੁਰੂ ਧਾਰਨ ਕਰ ਲਿਆ। ਸੱਜਣ ਸਿੰਘ ਦੇ ਅਖਾੜੇ ਵਿਚ ਦਾਰੇ ਨੇ ਤਿੰਨ ਚਾਰ ਸਾਲ ਕੁਸ਼ਤੀਆਂ ਦੀ ਸਿਖਲਾਈ ਲਈ ਤੇ ਦਾਅ ਰਵਾਂ ਕੀਤੇ। ਲਾਹੌਰ ਵਿਚ ਉਹ ਕਈ ਅਖਾੜਿਆਂ ਵਿਚ ਘੁੰਮਿਆ ਤੇ ਵੱਡੇ ਵੱਡੇ ਪਹਿਲਵਾਨਾਂ ਨੂੰ ਮਿਲਿਆ। ਉਹ ਗਾਮੇ ਤੇ ਅਮਾਮ ਬਖਸ਼ ਵਰਗੇ ਵੱਡੇ ਪਹਿਲਵਾਨਾਂ ਦੇ ਸੰਪਰਕ ਵਿਚ ਆਇਆ। ਅਜੇ ਉਹ ਵੀਹ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਹਦੀ ਕੁਸ਼ਤੀ ਦੀਆਂ ਧੁੰਮਾਂ ਪੈਣ ਲੱਗੀਆਂ।

ਖੇਤੀਬਾੜੀ ਨਾਲ ਪਰਿਵਾਰ ਦਾ ਗੁਜ਼ਾਰਾ ਔਖਾ ਹੋਣ ਕਾਰਨ ਦਾਰਾ ਸਿੰਘ ਦੇ ਇਕ ਭਰਾ ਦਲੀਪ ਸਿੰਘ ਨੂੰ ਖੱਟੀ ਕਮਾਈ ਲਈ ਸਿੰਘਾਪੁਰ ਜਾਣਾ ਪਿਆ। ਉਥੇ ਉਸ ਨੇ ਡੇਅਰੀ ਫਾਰਮ ਦਾ ਧੰਦਾ ਚਲਾਇਆ ਤੇ ਕੁਝ ਸਮੇਂ ਪਿਛੋਂ ਦਾਰਾ ਸਿੰਘ ਨੂੰ ਵੀ ਆਪਣੇ ਕੋਲ ਬੁਲਾ ਲਿਆ। ਉਦੋਂ ਉਹਦੀ ਉਮਰ ਵੀਹ ਕੁ ਸਾਲ ਦੀ ਸੀ। ਇਹ 1937-38 ਦੀਆਂ ਗੱਲਾਂ ਹਨ। ਉਨ੍ਹੀਂ ਦਿਨੀਂ ਮਲਾਇਆ ਸਿੰਗਾਪੁਰ ਵਿਚ ਫਰੀ ਸਟਾਈਲ ਕੁਸ਼ਤੀਆਂ ਦੇ ਦੰਗਲ ਹੁੰਦੇ ਸਨ ਜਿਨ੍ਹਾਂ ਚ ਦਾਰਾ ਸਿੰਘ ਵੀ ਭਾਗ ਲੈਣ ਲੱਗਾ। ਦੁੱਧ ਘਿਉ ਘਰ ਦੀ ਡੇਅਰੀ ਦਾ ਖੁੱਲ੍ਹਾ-ਡੁੱਲ੍ਹਾ ਹੋਣ ਕਾਰਨ ਉਹਦਾ ਜੁੱਸਾ ਪੂਰਾ ਭਰ ਗਿਆ ਤੇ ਉਹਦਾ ਕੱਦ ਛੇ ਫੁਟ ਗਿਆਰਾਂ ਇੰਚ ਹੋ ਗਿਆ। ਦੇਸੀ ਕੁਸ਼ਤੀ ਤਾਂ ਉਸ ਨੂੰ ਆਉਂਦੀ ਹੀ ਸੀ, ਉਹ ਸਿੰਘਾਪੁਰ ਵਿਚ ਫਰੀ ਸਟਾਈਲ ਕੁਸ਼ਤੀਆਂ ਦੀ ਵੀ ਸਿਖਲਾਈ ਲੈਣ ਲੱਗਾ। ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਅਣਪੜ੍ਹਤਾ ਸੀ ਜਿਸ ਕਰਕੇ ਕੋਈ ਚੰਗੀ ਨੌਕਰੀ ਨਹੀਂ ਸੀ ਮਿਲ ਰਹੀ।
ਇਕ ਦਿਨ ਮਲਾਇਆ ਪੁਲਿਸ ਦੀ ਭਰਤੀ ਹੋ ਰਹੀ ਸੀ ਜਿਥੇ ਉਹ ਵੀ ਲਾਈਨ ਵਿਚ ਜਾ ਲੱਗਾ। ਅੰਗਰੇਜ਼ ਅਫਸਰ ਉਹਦਾ ਕੱਦ ਮਿਣ ਕੇ ਹੈਰਾਨ ਰਹਿ ਗਿਆ। ਦਾਰਾ ਅਣਪੜ੍ਹ ਹੋਣ ਕਾਰਨ ਭਰਤੀ ਕਰਨ ਦੇ ਯੋਗ ਨਹੀਂ ਸੀ। ਕਿਹਾ ਜਾਂਦੈ ਕਿ ਅਫਸਰ ਨੇ ਸ਼ਰਤ ਰੱਖੀ ਪਈ ਪਹਿਲਾਂ ਹੀ ਭਰਤੀ ਛੇ ਪਹਿਲਵਾਨਾਂ ਨਾਲ ਉਸ ਨੂੰ ਘੁਲਣਾ ਪਵੇਗਾ। ਦਾਰਾ ਸਿੰਘ ਨੇ ਉਨ੍ਹਾਂ ਨੂੰ ਵੇਖੇ ਬਿਨਾਂ ਹੀ ਹਾਂ ਕਰ ਦਿੱਤੀ। ਜਦੋਂ ਕੁਸ਼ਤੀਆਂ ਹੋਈਆਂ ਤਾਂ ਉਸ ਨੇ ਸਾਰੇ ਪਹਿਲਵਾਨ ਚਿੱਤ ਕਰ ਦਿੱਤੇ। ਉਹਦੀ ਤਾਕਤ ਦੀਆਂ ਧੁੰਮਾਂ ਪੈ ਗਈਆਂ ਤੇ ਅਫਸਰ ਨੇ ਉਸ ਨੂੰ ਸਿਪਾਹੀ ਭਰਤੀ ਕਰਨ ਦੀ ਥਾਂ ਇਕ ਦਰਜਾ ਤਰੱਕੀ ਦੇ ਕੇ ਲਾਂਸ ਕਾਰਪੋਰਲ ਬਣਾ ਦਿੱਤਾ। ਫਿਰ ਉਹ ਤਰੱਕੀ ਕਰ ਕੇ ਸਬ ਇੰਸਪੈਕਟਰ ਬਣ ਗਿਆ।
ਉਧਰ ਦੂਜੀ ਵਿਸ਼ਵ ਜੰਗ ਸ਼ੁਰੂ ਹੋ ਗਈ। ਜਪਾਨ ਮਾਰੋ ਮਾਰ ਕਰਦਾ ਮਲਾਇਆ ਵੱਲ ਵਧਣ ਲੱਗਾ। ਮਲਾਇਆ ਦੀ ਪੁਲਿਸ ਨੂੰ ਵੀ ਅੰਗਰੇਜ਼ਾਂ ਨੇ ਜਪਾਨੀਆਂ ਵਿਰੁੱਧ ਲੜਨ ਦਾ ਹੁਕਮ ਦਿੱਤਾ। ਦਾਰਾ ਸਿੰਘ ਦਾ ਨਿਸ਼ਾਨਾ ਕੁਸ਼ਤੀਆਂ ਵਿਚ ਨਾਂ ਚਮਕਾਉਣ ਦਾ ਸੀ ਤੇ ਉਹ ਲੜਨਾ ਨਹੀਂ ਸੀ ਚਾਹੁੰਦਾ ਪਰ ਬੱਧੇ ਰੁਧੇ ਨੂੰ ਮੋਰਚੇ ਵਿਚ ਜਾਣਾ ਪਿਆ। ਜਪਾਨੀਆਂ ਨੇ ਮਲਾਇਆ ਤੇ ਕਬਜ਼ਾ ਕਰ ਲਿਆ। ਦਾਰਾ ਸਿੰਘ ਨੂੰ ਪਹਿਲਾਂ ਤਾਂ ਜਪਾਨੀ ਸਜ਼ਾ ਦੇਣ ਲੱਗੇ ਪਰ ਉਸ ਨੂੰ ਤਕੜਾ ਪਹਿਲਵਾਨ ਜਾਣ ਕੇ ਬਰੀ ਕਰ ਦਿੱਤਾ ਤੇ ਆਪਣੀ ਨੌਕਰੀ ਦੇ ਦਿੱਤੀ। ਦਾਰਾ ਸਿੰਘ ਨੇ ਰੱਬ ਦਾ ਸ਼ੁਕਰ ਕੀਤਾ। ਫਿਰ ਅੰਗਰੇਜ਼ ਮਲਾਇਆ ਤੇ ਕਾਬਜ਼ ਹੋਏ ਤਾਂ ਦਾਰਾ ਸਿੰਘ ਤੇ ਜਪਾਨੀਆਂ ਦੀ ਮਦਦ ਕਰਨ ਦਾ ਮੁਕੱਦਮਾ ਚੱਲਿਆ। ਦਾਰਾ ਸਿੰਘ ਨੇ ਜਪਾਨੀਆਂ ਦੀ ਕੋਈ ਐਸੀ ਵੈਸੀ ਮਦਦ ਨਹੀਂ ਸੀ ਕੀਤੀ ਜਿਸ ਕਰਕੇ ਉਹ ਮੁਕੱਦਮੇ ਵਿਚੋਂ ਬਰੀ ਹੋ ਗਿਆ।
ਉਹਨਾਂ ਦਿਨੀਂ ਉਸ ਦਾ ਵਿਆਹ ਮਲਾਇਆ ਵਿਚ ਬੀਬੀ ਬਲਬੀਰ ਕੌਰ ਨਾਲ ਹੋ ਗਿਆ ਤੇ ਉਸ ਨੇ ਕੁਸ਼ਤੀਆਂ ਪੇਸੇ਼ ਦੇ ਤੌਰ ਤੇ ਅਪਣਾ ਲਈਆਂ। ਉਹ ਡੇਅਰੀ ਦਾ ਦੁੱਧ ਪਾਉਣ ਬਲਬੀਰ ਹੋਰਾਂ ਦੇ ਘਰ ਜਾਇਆ ਕਰਦਾ ਸੀ। ਬਲਬੀਰ ਦੇ ਮਾਪੇ ਪਿਛੋਂ ਮਾਝੇ ਦੇ ਹੀ ਸਨ। ਉਹ ਆਪਣੀ ਮੁਟਿਆਰ ਹੋ ਰਹੀ ਧੀ ਲਈ ਵਰ ਲੱਭ ਰਹੇ ਸਨ। ਉਨ੍ਹਾਂ ਨੇ ਦਲੀਪ ਸਿੰਘ ਨੂੰ ਕਹਿ ਰੱਖਿਆ ਸੀ ਕਿ ਬੀਰੋ ਲਈ ਵਰ ਟੋਲਣਾ ਹੈ। ਦਲੀਪ ਸਿੰਘ ਨੇ ਦਾਰੇ ਬਾਰੇ ਪੁਛਿਆ ਤਾਂ ਬੀਰੋ ਦੇ ਮਾਪਿਆਂ ਨੇ ਹਾਂ ਕਰ ਦਿੱਤੀ ਤੇ ਉਨ੍ਹਾਂ ਦਾ ਉਥੇ ਹੀ ਵਿਆਹ ਹੋ ਗਿਆ। ਉਹ ਰੰਗੀਂ ਵਸਣ ਲੱਗੇ ਤੇ ਉਨ੍ਹਾਂ ਦੇ ਘਰ ਪੁੱਤਰ ਹੋਇਆ। ਦਲੀਪ ਸਿੰਘ ਪਿੰਡ ਪਰਤ ਆਇਆ।
ਮਲਾਇਆ ਸਿੰਘਾਪੁਰ ਵਿਚ ਟਿਕਟਾਂ ਉਤੇ ਹੁੰਦੀਆਂ ਕੁਸ਼ਤੀਆਂ ਚੋਂ ਦਾਰੇ ਨੂੰ ਚੰਗੇ ਪੈਸੇ ਬਣਨ ਲੱਗੇ। ਉਦੋਂ ਕੁ ਹੀ ਦਾਰਾ ਸਿੰਘ ਧਰਮੂਚੱਕੀਆ ਵੀ ਉਧਰ ਪੁੱਜ ਗਿਆ ਜੋ ਉਸ ਤੋਂ ਦਸ ਸਾਲ ਛੋਟਾ ਸੀ। ਉਸ ਦੇ ਚਾਚੇ ਨਿਰੰਜਣ ਸਿੰਘ ਨਾਲ ਦਾਰੇ ਦੁਲਚੀਪੁਰੀਏ ਦਾ ਚੰਗਾ ਬਹਿਣ ਉਠਣ ਸੀ। ਉਹ ਰਲ ਕੇ ਸ਼ਰਾਬ ਪੀਂਦੇ ਤੇ ਕਦੇ ਕਦੇ ਚੀਨਿਆਂ ਦਾ ਚੰਡੂ ਸੂਟਾ ਵੀ ਲਾਉਂਦੇ। ਇਕ ਲੜਾਈ ਝਗੜੇ ਕਾਰਨ ਉਹ ਠਾਣੇ ਵਿਚ ਬੰਦ ਵੀ ਹੋਏ ਜੋ ਦਾਰੇ ਦੇ ਕੁਸ਼ਤੀ ਮੈਨੇਜਰ ਬਾਬੂ ਰਾਮ ਦਰਸ਼ ਨੇ ਜ਼ਮਾਨਤ ਤੇ ਛੁਡਾਏ। ਇਹ ਜਿ਼ਕਰਯੋਗ ਹੈ ਕਿ ਜਿੱਦਣ ਦਾਰੇ ਨੇ ਆਪਣੇ ਸ਼ਰੀਕ ਭਰਾ ਸਰਦਾਰੇ ਨੂੰ ਦੁਲਚੀਪੁਰ ਦੇ ਛੱਪੜ ਵਿਚ ਡੁਬੋ ਕੇ ਮਾਰਿਆ ਉੱਦਣ ਨਿਰੰਜਣ ਸਿੰਘ ਤੇ ਅਨੋਖ ਸਿੰਘ ਵੀ ਨਾਲ ਹੀ ਸਨ। ਦਾਰੇ ਤੇ ਇੰਦਰ ਸਿੰਘ ਨੂੰ ਤਾਂ ਸਜ਼ਾ ਹੋ ਗਈ ਜਦ ਕਿ ਦਾਰੇ ਦਾ ਚਾਚਾ ਨਿਰੰਜਣ ਸਿੰਘ ਰੰਧਾਵਾ ਤੇ ਅਨੋਖ ਸਿੰਘ ਸ਼ਨਾਖਤ ਨਾ ਹੋਣ ਕਰਕੇ ਸ਼ੱਕ ਦੀ ਬਿਨਾ ਤੇ ਬਰੀ ਹੋ ਗਏ।
1946 ਵਿਚ ਦਾਰਾ ਸਿੰਘ ਮਲਾਇਆ ਦਾ ਚੈਂਪੀਅਨ ਬਣ ਗਿਆ। ਫਿਰ ਉਹਦੀ ਟੱਕਰ ਫਰੀ ਸਟਾਈਲ ਕੁਸ਼ਤੀ ਦੇ ਵਰਲਡ ਚੈਂਪੀਅਨ ਕਿੰਗਕਾਂਗ ਨਾਲ ਕਰਵਾਈ ਗਈ। ਕਿੰਗਕਾਂਗ ਦਾ ਭਾਰ 700 ਪੌਂਡ ਸੀ ਤੇ ਦਾਰਾ ਸਿੰਘ ਦਾ 278 ਪੌਂਡ। ਪਰ ਦਾਰੇ ਨੇ ਤੇਰ੍ਹਾਂ ਮਿੰਟਾਂ ਚ ਈ ਕਿੰਗਕਾਂਗ ਨੂੰ ਤਾਰੇ ਵਿਖਾ ਦਿੱਤੇ। ਇਥੋਂ ਤਕ ਕਿ ਉਹਦੀ ਇਕ ਲੱਤ ਵੀ ਤੋੜ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਲੱਤ ਨਹੀਂ ਸੀ ਟੁੱਟੀ ਬਲਕਿ ਗੋਡਾ ਨਿਕਲਿਆ ਸੀ। ਫਿਰ ਉਸ ਨੂੰ ਹੋਰਨਾਂ ਮੁਲਕਾਂ ਤੋਂ ਵੀ ਕੁਸ਼ਤੀਆਂ ਲੜਨ ਦੇ ਸੱਦੇ ਆਉਣ ਲੱਗੇ ਤੇ ਦੁਨੀਆ ਵਿਚ ਦਾਰਾ-ਦਾਰਾ ਹੋ ਗਈ। ਉਹਦੀਆਂ ਕੁਸ਼ਤੀਆਂ ਉਤੇ ਰੁਪਈਆਂ ਦਾ ਮੀਂਹ ਵਰ੍ਹਨ ਲੱਗਾ।
ਕੁਸ਼ਤੀਆਂ ਵਿਚ ਜਦੋਂ ਉਹਦੀ ਗੁੱਡੀ ਸਿਖਰ ਤੇ ਸੀ ਤਾਂ ਪਿੰਡ ਉਹਦੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਤੇ ਇੰਦਰ ਸਿੰਘ ਦਾ ਹੱਥ ਵੱਢ ਕੇ ਸ਼ਰੀਕ ਨਾਲ ਹੀ ਲੈ ਗਏ। ਘਟਨਾ ਇੰਜ ਵਾਪਰੀ। ਦਲੀਪ ਸਿੰਘ ਮਲਾਇਆ ਤੋਂ ਮੁੜ ਕੇ ਇੰਦਰ ਸਿੰਘ ਨਾਲ ਖੇਤੀਬਾੜੀ ਕਰਾਉਣ ਲੱਗਾ ਸੀ। ਉਨ੍ਹਾਂ ਦਾ ਖੂਹ ਘਸੀਟਪੁਰੇ ਵੱਲ ਸੀ। ਇਕ ਰਾਤ ਉਨ੍ਹਾਂ ਨੇ ਖੂਹ ਨਾਲ ਪੈਲੀ ਸਿੰਜੀ। ਉੱਦਣ ਈ ਘਸੀਟਪੁਰੇ ਦੇ ਇਕ ਕਿਸਾਨ ਦਾ ਤੋਰੀਆ ਚੋਰੀਓਂ ਵੱਢਿਆ ਗਿਆ। ਉਸ ਨੇ ਪੈੜ ਕੱਢੀ ਤਾਂ ਪੈੜ ਦੁਲਚੀਪੁਰੇ ਆ ਪੁੱਜੀ। ਉਸ ਕਿਸਾਨ ਨੂੰ ਇੰਦਰ ਸਿੰਘ ਦਾ ਸ਼ਰੀਕ ਭਰਾ ਸਰਦਾਰਾ ਸਬੱਬੀਂ ਮਿਲ ਗਿਆ ਜਿਸ ਨੂੰ ਉਸ ਨੇ ਕਿਹਾ ਕਿ ਉਸ ਦਾ ਤੋਰੀਆ ਦੁਲਚੀਪੁਰ ਦੇ ਕਿਸੇ ਬੰਦੇ ਨੇ ਚੋਰੀਓਂ ਵੱਢ ਲਿਆ ਹੈ। ਸਰਦਾਰੇ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ ਪਈ ਰਾਤੀਂ ਇੰਦਰ ਹੋਰਾਂ ਦਾ ਖੂਹ ਚਲਦਾ ਸੀ। ਉਹਨਾਂ ਨੂੰ ਪੁੱਛੋ, ਸ਼ੈਂਤ ਉਨ੍ਹਾਂ ਨੂੰ ਪਤਾ ਹੋਵੇ।
ਉਹ ਕਿਸਾਨ ਇੰਦਰ ਹੋਰਾਂ ਦੇ ਘਰ ਵੱਲ ਜਾਣ ਲੱਗਾ ਤਾਂ ਇੰਦਰ ਤੇ ਦਲੀਪ ਗੁਰਦਵਾਰੇ ਮੂਹਰੇ ਖੁੱਲ੍ਹੀ ਜਗ੍ਹਾ ਖੁੰਢਾਂ ਤੇ ਬੈਠੇ ਹੀ ਮਿਲ ਪਏ। ਕਿਸਾਨ ਉਨ੍ਹਾਂ ਨੂੰ ਕਹਿ ਬੈਠਾ, ਤੁਹਾਂ ਮੇਰਾ ਤੋਰੀਆ ਤਾਂ ਨ੍ਹੀ ਵੱਢਿਆ? ਪਰ੍ਹੇ ਵਿਚ ਚੋਰੀ ਦਾ ਇਲਜ਼ਾਮ ਸੁਣ ਕੇ ਇੰਦਰ ਤੇ ਦਲੀਪ ਨੂੰ ਅੱਗ ਲੱਗ ਗਈ ਤੇ ਉਨ੍ਹਾਂ ਆਖਿਆ, ਮੂੰਹ ਸੰਭਾਲ ਕੇ ਬੋਲ ਓਏ। ਤੈਨੂੰ ਕੀਹਨੇ ਕਿਹਾ ਪਈ ਅਹੀਂ ਤੇਰਾ ਤੋਰੀਆ ਵੱਢਿਆ?
ਕਿਸਾਨ ਦੇ ਮੂੰਹੋਂ ਨਿਕਲ ਗਿਆ, ਧਾਡੇ ਸਰਦਾਰੇ ਨੇ ਦੱਸਿਐ।
ਇੰਦਰ ਤੇ ਦਲੀਪ ਨੇ ਸਰਦਾਰਾ ਰਾਹ ਵਿਚ ਜਾ ਘੇਰਿਆ ਤੇ ਸੋਟੀਆਂ ਮਾਰ ਦਿੱਤੀਆਂ। ਇਥੋਂ ਉਨ੍ਹਾਂ ਦਾ ਆਪਸ ਵਿਚ ਵੈਰ ਪੈ ਗਿਆ। ਸਕੇ ਸੋਧਰੇ ਹੋਣ ਕਾਰਨ ਉਨ੍ਹਾਂ ਦੇ ਘਰ ਨਾਲੋ ਨਾਲ ਸਨ। ਇੰਦਰ ਹੋਰਾਂ ਦਾ ਬਾਪ ਪਿਆਰਾ ਸਿੰਘ ਤੇ ਸਰਦਾਰੇ ਹੋਰਾਂ ਦਾ ਬਾਪ ਸਾਉਣ ਸਿੰਘ ਚਾਚੇ ਤਾਏ ਦੇ ਪੁੱਤਰ ਸਨ। ਇੰਦਰ ਹੋਰੀਂ ਗਾਹੇ ਬਗਾਹੇ ਸਰਦਾਰੇ ਹੋਰਾਂ ਨੂੰ ਗਾਲ੍ਹਾਂ ਕੱਢਦੇ ਤੇ ਤੰਗ ਕਰਦੇ। ਉਹ ਵੀ ਅੱਗੋਂ ਤਿੰਨ ਭਰਾ ਸਨ ਸਰਦਾਰਾ, ਗੁਰਮੁਖ ਤੇ ਬਾਵਾ ਸਿੰਘ। ਇਕ ਦਿਨ ਉਨ੍ਹਾਂ ਨੇ ਧਾਰ ਲਿਆ ਕਿ ਇੰਦਰ ਹੋਰਾਂ ਦਾ ਕੰਡਾ ਕੱਢ ਹੀ ਦੇਣਾ ਹੈ। ਰਾਤ ਪੈਣ ਲੱਗੀ ਤਾਂ ਤਿੰਨੇ ਭਰਾਵਾਂ ਤੇ ਉਨ੍ਹਾਂ ਦੇ ਚਾਚੇ ਨਰੈਣ ਸਿੰਘ ਨੇ ਤਿਆਰੀ ਖਿੱਚ ਲਈ। ਗੁਰਮੁਖ ਤਾਰੂ ਅਮਲੀ ਕੇ ਦਰਵਾਜ਼ੇ ਵਿਚ ਲੁਕ ਕੇ ਖੜ੍ਹ ਗਿਆ। ਦਲੀਪ ਗਾਲ੍ਹਾਂ ਕੱਢਦਾ ਬੀਹੀ ਦਾ ਮੋੜ ਮੁੜਿਆ ਤਾਂ ਲੁਕੇ ਹੋਏ ਗੁਰਮੁਖ ਨੇ ਬਰਛੀ ਉਹਦੇ ਲੱਕੋਂ ਪਾਰ ਕਰ ਦਿੱਤੀ। ਦਲੀਪ ਦੀਆਂ ਚੀਕਾਂ ਸੁਣ ਕੇ ਇੰਦਰ ਨਿਹੱਥਾ ਹੀ ਭੱਜਾ ਆਇਆ ਤਾਂ ਉਹਨੂੰ ਨਰੈਣ ਨੇ ਘੇਰ ਲਿਆ ਜੀਹਦੇ ਕੋਲ ਕਿਰਪਾਨ ਸੀ। ਬਾਵੇ ਕੋਲ ਡਾਂਗ ਸੀ। ਨਰੈਣ ਨੇ ਕਿਰਪਾਨ ਦਾ ਸਿੱਧਾ ਵਾਰ ਕੀਤਾ ਜੋ ਇੰਦਰ ਨੇ ਸੱਜਾ ਹੱਥ ਉਠਾ ਕੇ ਰੋਕਣਾ ਚਾਹਿਆ ਪਰ ਉਸ ਦਾ ਹੱਥ ਵੱਢਿਆ ਗਿਆ। ਦਲੀਪ ਦੀਆਂ ਚੀਕਾਂ ਚੁੱਪ ਹੋ ਗਈਆਂ ਤੇ ਇੰਦਰ ਦੀਆਂ ਚੀਕਾਂ ਪੈਣ ਲੱਗੀਆਂ।
ਮੁਕੱਦਮਾ ਚੱਲਿਆ ਤਾਂ ਸੈਸ਼ਨ ਜੱਜ ਨੇ ਸਰਦਾਰੇ ਤੇ ਗੁਰਮੁਖ ਨੂੰ ਮੌਤ ਦੀ ਸਜ਼ਾ ਅਤੇ ਬਾਵੇ ਤੇ ਨਰੈਣ ਨੂੰ ਉਮਰ ਕੈਦ ਸੁਣਾਈ। ਮੌਤ ਦੀ ਸਜ਼ਾ ਵਾਲਿਆਂ ਨੇ ਅਪੀਲ ਕੀਤੀ ਤਾਂ ਹਾਈ ਕੋਰਟ ਤੋਂ ਸਰਦਾਰਾ ਤੇ ਗੁਰਮੁਖ ਬਰੀ ਹੋ ਗਏ ਜਦ ਕਿ ਬਾਵੇ ਤੇ ਨਰੈਣ ਦੀ ਸਜ਼ਾ ਬਰਕਰਾਰ ਰਹੀ ਕਿਉਂਕਿ ਉਨ੍ਹਾਂ ਨੇ ਸਾਰਾ ਦੋਸ਼ ਆਪਣੇ ਜਿ਼ੰਮੇ ਲੈ ਲਿਆ ਸੀ। ਬਰੀ ਹੋਇਆਂ ਨੇ ਪਿੰਡ ਵਿਚ ਆ ਕੇ ਜਸ਼ਨ ਮਨਾਇਆ। ਦਾਰੇ ਦੇ ਦਿਲ ਨੂੰ ਅੱਗ ਲੱਗ ਗਈ। ਜੇਕਰ ਅਦਾਲਤ ਨਿਆਂ ਦੇ ਦਿੰਦੀ ਤਾਂ ਸੰਭਵ ਸੀ ਕਿ ਹੋਰ ਕਤਲ ਨਾ ਹੁੰਦਾ।
ਦਾਰਾ ਸਿੰਘ ਮਲਾਇਆ ਤੋਂ ਬਲਬੀਰ ਕੌਰ ਤੇ ਆਪਣੇ ਪੁੱਤਰ ਹਰਬੰਸ ਨੂੰ ਨਾਲ ਲੈ ਕੇ ਪਿੰਡ ਪਰਤ ਚੁੱਕਾ ਸੀ। ਉਹ ਸਰਦਾਰੇ ਤੇ ਗੁਰਮੁਖ ਤੋਂ ਆਪਣੇ ਭਰਾਵਾਂ ਦਾ ਬਦਲਾ ਲੈਣ ਦੀ ਤਾਕ ਵਿਚ ਸੀ। ਉਹਦੀ ਭੈਣ ਪਰਸਿੰਨ ਕੌਰ ਵੀ ਕਹਿੰਦੀ ਰਹਿੰਦੀ ਸੀ, ਜੇ ਭਾਅ ਦਾ ਬਦਲਾ ਨਾ ਲਿਆ ਤਾਂ ਤੇਰੀ ਏਡੀ ਦੇਹ ਕਿਸ ਕੰਮ?
ਧਰਮੂਚੱਕ ਤੋਂ ਨਿਰੰਜਣ ਸਿੰਘ ਤੇ ਅਨੋਖ ਸਿੰਘ ਕਈ ਦਿਨਾਂ ਤੋਂ ਦੁਲਚੀਪੁਰੇ ਆਏ ਬੈਠੇ ਸਨ। ਇਕ ਦਿਨ ਉਹ ਦਾਰੇ ਨੂੰ ਕਹਿਣ ਲੱਗੇ, ਦੁਸ਼ਮਣ ਦਾ ਕੰਡਾ ਕੱਢਣਾ ਤਾਂ ਅੱਜ ਈ ਮੌਕਾ, ਨਹੀਂ ਫਿਰ ਅਸੀਂ ਪਿੰਡ ਨੂੰ ਚਲੇ ਜਾਣਾ। ਉਨ੍ਹਾਂ ਸ਼ਰਾਬ ਪੀਤੀ ਤੇ ਹਥਿਆਰ ਲੈ ਕੇ ਘਰੋਂ ਨਿਕਲੇ। ਬਾਹਰੋਂ ਸਰਦਾਰਾ ਮੱਝਾਂ ਲੈ ਕੇ ਆ ਰਿਹਾ ਸੀ ਤੇ ਪੱਠਿਆਂ ਦੀ ਭਰੀ ਉਹਦੇ ਸਿਰ ਉਤੇ ਸੀ। ਮੱਝਾਂ ਉਹਨੇ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਭਰੀ ਸੁੱਟਣ ਘਰ ਚਲਾ ਗਿਆ।
ਦਾਰੇ ਹੋਰਾਂ ਨੂੰ ਪਤਾ ਸੀ ਕਿ ਉਹ ਮੱਝਾਂ ਕੱਢਣ ਆਵੇਗਾ। ਚਾਰੇ ਜਣੇ ਛੱਪੜ ਲਾਗਲੇ ਬਾਗ ਵਿਚ ਲੁਕ ਗਏ। ਸਰਦਾਰਾ ਮੱਝਾਂ ਕੱਢਣ ਲਈ ਛੱਪੜ ਵਿਚ ਵੜਿਆ ਤਾਂ ਚਾਰਾਂ ਜਣਿਆਂ ਨੇ ਛੱਪੜ ਦੀਆਂ ਚਾਰੇ ਬਾਹੀਆਂ ਮੱਲ ਲਈਆਂ। ਆਪਣੇ ਆਪ ਨੂੰ ਘਿਰਿਆ ਵੇਖ ਕੇ ਸਰਦਾਰਾ ਰੌਲਾ ਪਾਉਣ ਲੱਗਾ ਜਿਸ ਨਾਲ ਪਿੰਡ ਦੇ ਲੋਕ ਭੱਜੇ ਆਏ ਤੇ ਦਾਰੇ ਹੋਰਾਂ ਨੂੰ ਆਵਾਜ਼ਾਂ ਦੇ ਕੇ ਸਮਝਾਉਣ ਲੱਗੇ ਪਈ ਬਦੀ ਤੋਂ ਟਲੋ। ਦਾਰੇ ਨੇ ਉੱਚੀ ਆਵਾਜ਼ ਚ ਕਿਹਾ ਕਿ ਅੱਜ ਜੇ ਕੋਈ ਸਾਡੇ ਵਿਚਕਾਰ ਆਇਆ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ ਤੇ ਅਸੀਂ ਉਹਨੂੰ ਵੀ ਨਹੀਂ ਛੱਡਾਂਗੇ। ਡਰ ਦੇ ਮਾਰੇ ਪਿੰਡ ਦੇ ਬੰਦੇ ਕੋਠਿਆਂ ਤੇ ਖੜ੍ਹੇ ਸ਼ਰੀਕਾਂ ਦੀ ਲੜਾਈ ਵੇਖਣ ਲੱਗੇ। ਸਰਦਾਰਾ ਵਾਸਤੇ ਪਾ ਰਿਹਾ ਸੀ ਪਰ ਛੱਪੜ ਚੋ ਬਾਹਰ ਨਹੀਂ ਸੀ ਨਿਕਲ ਰਿਹਾ।
ਨਿਰੰਜਣ ਸਿੰਘ ਨੇ ਦਾਰੇ ਨੂੰ ਕਿਹਾ, ਛੱਪੜ ਚ ਵੜ ਕੇ ਇਹਨੂੰ ਫੜ। ਲੰਮੇ ਕੱਦ ਦਾ ਦਾਰਾ ਕੁਹਾੜੀ ਲੈ ਕੇ ਛੱਪੜ ਚ ਵੜਿਆ ਤੇ ਉਹਨੇ ਸਰਦਾਰੇ ਨੂੰ ਜਾ ਧੌਣੋਂ ਫੜਿਆ। ਇਕ ਦੋ ਗੋਤੇ ਲੁਆ ਕੇ ਤੇ ਬਦਲੇ ਦੀ ਗੱਲ ਜਿਤਾ ਕੇ ਦਾਰੇ ਨੇ ਕੁਹਾੜੀ ਸਰਦਾਰੇ ਦੇ ਸਿਰ ਵਿਚ ਮਾਰੀ। ਸਿਰ ਚੋਂ ਲਹੂ ਦੀ ਧਾਰ ਵਗੀ ਜਿਸ ਨਾਲ ਛੱਪੜ ਦਾ ਪਾਣੀ ਰੰਗਿਆ ਗਿਆ। ਫਿਰ ਦਾਰੇ ਨੇ ਆਪਣੇ ਪੈਰਾਂ ਨਾਲ ਹੀ ਸਰਦਾਰੇ ਨੂੰ ਛੱਪੜ ਦੀ ਗਾਰ ਵਿਚ ਦੱਬ ਦਿੱਤਾ। ਨਿਰੰਜਣ ਸਿੰਘ ਤੇ ਅਨੋਖ ਆਪੋ ਆਪਣੇ ਪਿੰਡੀਂ ਚਲੇ ਗਏ ਤੇ ਦਾਰੇ ਹੋਰਾਂ ਨੂੰ ਪੁਲਿਸ ਨੇ ਘਰ ਬੈਠਿਆਂ ਨੂੰ ਆ ਫੜਿਆ।
ਗੁਰਮੁਖ ਨੇ ਮੁਕੱਦਮੇ ਦੀ ਪੈਰਵੀ ਕੀਤੀ ਜਿਸ ਨਾਲ ਦਾਰੇ ਨੂੰ ਫਾਂਸੀ ਤੇ ਇੰਦਰ ਸਿੰਘ ਨੂੰ ਉਮਰ ਕੈਦ ਬੋਲੀ। ਫਿਰ ਫਾਂਸੀ ਟੁੱਟ ਕੇ ਦਾਰੇ ਦੀ ਸਜ਼ਾ ਵੀਹ ਸਾਲ ਦੀ ਕੈਦ ਵਿਚ ਬਦਲ ਗਈ। ਫਿਰੋਜ਼ਪੁਰ ਜੇਲ੍ਹ ਵਿਚ ਇਕੋ ਪੜਦਾਦੇ ਦੀ ਔਲਾਦ ਸਜ਼ਾ ਭੁਗਤਣ ਲੱਗੀ। ਦੋ ਦਾਰੇ ਹੋਰੀਂ ਸਨ ਤੇ ਦੋ ਉਨ੍ਹਾਂ ਦੇ ਸ਼ਰੀਕ ਭਰਾ ਸਨ। ਕੁਝ ਸਮੇਂ ਬਾਅਦ ਜੇਲ੍ਹ ਵਿਚ ਹੀ ਉਨ੍ਹਾਂ ਦਾ ਰਾਜ਼ੀਨਾਵਾਂ ਹੋ ਗਿਆ। ਉਨ੍ਹਾਂ ਦੀ ਔਲਾਦ ਆਪਸ ਵਿਚ ਫਿਰ ਸਕਿਆਂ ਵਾਂਗ ਵਰਤਣ ਲੱਗੀ।
ਜਦੋਂ ਦਾਰਾ ਫਿਰੋਜ਼ਪੁਰ ਜੇਲ੍ਹ ਵਿਚ ਸੀ ਉਦੋਂ ਹੀ ਗਾਇਕ ਜਗਤ ਸਿੰਘ ਜੱਗਾ ਵੀ ਉਸੇ ਜੇਲ੍ਹ ਵਿਚ ਸੀ। ਜੇਲ੍ਹਰ ਮਦਨਮੋਹਨ ਮਹਿਤਾ ਉਨ੍ਹਾਂ ਨੂੰ ਵਧੀਆ ਇਨਸਾਨ ਬਣਨ ਦੀ ਅਗਵਾਈ ਦੇਣ ਲੱਗਾ। ਜੱਗਾ ਗਾਇਕੀ ਦਾ ਰਿਆਜ਼ ਤੇ ਦਾਰਾ ਕੁਸ਼ਤੀਆਂ ਦਾ ਅਭਿਆਸ ਕਰਨ ਲੱਗਾ। ਇਕ ਸੇਠ ਦਾਰੇ ਲਈ ਘਿਓ ਤੇ ਬਦਾਮ ਦੇ ਜਾਂਦਾ ਤੇ ਦੋ ਪਹਿਲਵਾਨ ਉਹਦਾ ਜ਼ੋਰ ਕਰਾ ਜਾਂਦੇ। ਇਕ ਵਾਰ ਪੰਜਾਬ ਦਾ ਮੁੱਖ ਮੰਤਰੀ ਜੇਲ੍ਹ ਦੇ ਦੌਰੇ ਤੇ ਆਇਆ ਤਾਂ ਉਸ ਨੂੰ ਜੱਗੇ ਦਾ ਗਾਉਣ ਸੁਣਾਇਆ ਗਿਆ ਤੇ ਦਾਰੇ ਦੀ ਕੁਸ਼ਤੀ ਵਿਖਾਈ ਗਈ। ਫਿਰ ਰਿਲੀਫ਼ ਫੰਡ ਇਕੱਠਾ ਕਰਨ ਲਈ ਦਾਰੇ ਨੂੰ ਹੱਥਕੜੀਆਂ ਲਾ ਕੇ ਵੱਖ ਵੱਖ ਥਾਈਂ ਕੁਸ਼ਤੀ ਵਿਖਾਉਣ ਲਿਜਾਇਆ ਜਾਣ ਲੱਗਾ। ਇਸੇ ਗੇੜ ਵਿਚ ਮੈਂ ਉਹਦੀ ਕੁਸ਼ਤੀ ਫਾਜਿ਼ਲਕਾ ਵਿਖੇ ਵੇਖ ਸਕਿਆ ਸਾਂ। ਉਹਦੇ ਘਰ ਦੇ ਜੀਅ ਉਸ ਨੂੰ ਜੇਲ੍ਹ ਵਿਚ ਆ ਕੇ ਮਿਲਦੇ। ਭਲਾ ਹੋਵੇ ਸੋਵੀਅਤ ਰੂਸ ਦੇ ਬੁਲਗਾਨਿਨ ਤੇ ਖਰੋਸ਼ਚੇਵ ਦਾ ਜਿਹੜੇ ਉਹਦੀ ਕੁਸ਼ਤੀ ਤੋਂ ਪ੍ਰਭਾਵਿਤ ਹੋਏ ਤੇ ਭਾਰਤੀ ਨੇਤਾਵਾਂ ਦੇ ਮਨ ਮਿਹਰ ਪਾਈ ਜਿਸ ਨਾਲ ਉਹ ਰਿਹਾਅ ਹੋਇਆ।
ਦਾਰੇ ਨੂੰ ਜੇਲ੍ਹ ਵਿਚ ਮਦਨਮੋਹਨ ਮਹਿਤੇ ਤੋਂ ਬਿਨਾਂ ਇਕ ਬਾਬਾ ਵੀ ਮਿਲਿਆ ਜੋ ਪਹੁੰਚਿਆ ਹੋਇਆ ਇਨਸਾਨ ਸੀ। ਉਸ ਨੇ ਦਾਰੇ ਦਾ ਦਿਲ ਧਰਾਇਆ ਸੀ ਤੇ ਭਵਿੱਖ ਬਾਣੀ ਕੀਤੀ ਸੀ ਕਿ ਉਹ ਰਿਹਾਅ ਹੋ ਜਾਵੇਗਾ। ਕਿਹਾ ਸੀ ਕਿ ਉਹ ਕੁਸ਼ਤੀ ਨਾ ਛੱਡੇ ਤੇ ਬਲਾਵਾਂ ਤੋਂ ਬਚ ਕੇ ਰਹੇ। ਦਾਰਾ ਸੱਤ ਸਾਲ ਜੇਲ੍ਹ ਵਿਚ ਰਹਿਣ ਪਿਛੋਂ ਸੱਚਮੁਚ ਰਿਹਾਅ ਹੋ ਗਿਆ ਤੇ ਖੁੱਲ੍ਹੇ ਆਮ ਕੁਸ਼ਤੀਆਂ ਵਿਖਾਉਣ ਲੱਗਾ। ਉਸ ਨੇ ਦਿੱਲੀ, ਬੰਬਈ, ਕਲਕੱਤਾ, ਮਦਰਾਸ, ਲਖਨਊ, ਸਹਾਰਨਪੁਰ, ਮੁਜ਼ੱਫ਼ਰਨਗਰ ਤੇ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਕੁਸ਼ਤੀਆਂ ਵਿਖਾਈਆਂ। ਉਹ ਜਪਾਨ, ਆਸਟ੍ਰੇਲੀਆ, ਅਮਰੀਕਾ ਤੇ ਮਲਾਇਆ ਸਿੰਘਾਪੁਰ ਵਿਚ ਕੁਸ਼ਤੀਆਂ ਲੜਨ ਗਿਆ। ਉਸ ਨੇ ਪਾਕਿਸਤਾਨ ਦੇ ਰਸ਼ੀਦ, ਨੀਲੋਂ ਖੇੜੀ ਵਾਲੇ ਕਰਤਾਰ, ਸਠਿਆਲੇ ਵਾਲੇ ਕਰਮ ਸਿੰਘ, ਪਟਿਆਲੇ ਦੇ ਸੁੱਚਾ ਸਿੰਘ ਤੇ ਰੁਮਾਨੀਆ ਦੇ ਕੈਨਟਾਈਮ ਨੂੰ ਢਾਹਿਆ। ਸਿੰਘਾਪੁਰ ਵਿਚ ਜਾਰਜ ਜੁਬਿੰਸ਼, ਕੇ. ਵਿਲ. ਫਾਈਟਰ, ਕਿੰਗਕਾਂਗ, ਟੇਸ਼ਨ ਗੇਟੇ ਤੇ ਜੋਗਿੰਦਰ ਸਿੰਘ ਟਾਈਗਰ ਸਭ ਨੂੰ ਹਰਾਇਆ।
1962 ਵਿਚ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਚ ਵੱਡਾ ਦੰਗਲ ਹੋਇਆ। ਉਥੇ ਦਾਰਾ ਧਰਮੂਚੱਕੀਆ, ਜੋਗਿੰਦਰ ਟਾਈਗਰ, ਹਰਦਿੱਤ ਸਿੰਘ, ਸੁੱਚਾ ਸਿੰਘ ਜੌੜਾ, ਵੱਸਣ ਸਿੰਘ, ਨਾਜ਼ਰ ਸਿੰਘ, ਸਰਦਾਰਾ ਰੰਧਾਵਾ, ਕੇਸਰ, ਸਵਰਨਾ, ਜੱਗਾ ਲਾਲਪੁਰੀਆ, ਅਜੈਬ, ਪ੍ਰਤਾਪ, ਮਿਹਰੋ ਬਾਣੀਆ, ਸੌਦਾਗਰ ਕੱਸੋਆਣਾ, ਮਹਿੰਦਰ ਪਿੱਦੀ ਤੇ ਤਰਲੋਕ ਠੱਠੀਆਂ ਆਦ ਕੱਠੇ ਹੋਏ। ਦਾਰੇ ਦੁਲਚੀਪੁਰੀਏ ਦੀ ਉਦੋਂ ਪੂਰੀ ਚੜ੍ਹਾਈ ਸੀ।
ਕੁਸ਼ਤੀਆਂ ਦੇ ਨਾਲ ਦਾਰੇ ਨੇ ਫਿ਼ਲਮਾਂ ਵਿਚ ਵੀ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਨੇ ਦੋ ਫਿਲਮਾਂ ਵਿਚ ਰੋਲ ਕਰ ਕੇ ਬੱਸ ਕਰ ਦਿੱਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਬੋਤਲ ਵਿਚ ਬੰਦ ਜਿੰਨ ਬਣੇ ਜਾਂ ਦਿਓ ਬਣੇ। ਉਹ ਸਮਝਣ ਲੱਗਾ ਕਿ ਇਓਂ ਏਡੇ ਵੱਡੇ ਭਲਵਾਨ ਦੀ ਬਦਨਾਮੀ ਹੁੰਦੀ ਹੈ। ਇਕ ਵਾਰ ਉਹ ਫਿਲਮੀ ਮੁੱਕੇ ਦੀ ਥਾਂ ਸੱਚੀਂਮੁਚੀ ਦਾ ਮੁੱਕਾ ਮਾਰ ਬੈਠਾ ਜਿਸ ਨਾਲ ਹੀਰੋ ਘਾਇਲ ਹੋ ਗਿਆ। ਇਕ ਫਿ਼ਲਮੀ ਸੀਨ ਚ ਉਹ ਟਾਂਗਾ ਲੈ ਕੇ ਚੱਲਿਆ ਜਿਸ ਵਿਚ ਹੀਰੋ ਤੇ ਹੀਰੋਇਨ ਬੈਠੇ ਸਨ। ਉਹ ਰੁਮਾਂਸ ਕਰਨ ਲੱਗੇ ਤਾਂ ਦਾਰਾ ਕਹਿਣ ਲੱਗਾ, ਮੈਂ ਨਹੀਂ ਏਥੇ ਇਹ ਕੰਜਰਖਾਨਾ ਕਰਨ ਦੇਣਾ।
ਫਿ਼ਲਮਾਂ ਵਾਲਾ ਕੰਜਰਖਾਨਾ ਪਹਿਲਵਾਨ ਦਾਰਾ ਸਿੰਘ ਤੋਂ ਨਾ ਹੋ ਸਕਿਆ ਤੇ ਉਹ ਬੰਬਈ ਛੱਡ ਕੇ ਪਿੰਡ ਆ ਗਿਆ। ਇਕ ਦਿਨ ਉਹ ਪੱਠਿਆਂ ਨਾਲ ਖਡੂਰ ਸਾਹਿਬ ਦੇ ਮੇਲੇ ਵਿਚ ਗਿਆ ਤਾਂ ਇਕ ਸੋਹਣੀ ਸੁਨੱਖੀ ਔਰਤ ਦਾਰੇ ਤੇ ਮੋਹਤ ਹੋ ਗਈ। ਦਾਰਾ ਫਿ਼ਲਮੀ ਕੰਜਰਖਾਨੇ ਤੋਂ ਤਾਂ ਬਚ ਗਿਆ ਸੀ ਪਰ ਮੇਲੇ ਵਿਚ ਮਿਲੀ ਪੰਡਤਾਣੀ ਤੋਂ ਨਾ ਬਚ ਸਕਿਆ। ਉਹ ਦਾਰੇ ਮਗਰ ਲੱਗ ਤੁਰੀ ਤੇ ਦਾਰਾ ਉਹਨੂੰ ਘਰ ਲੈ ਆਇਆ। ਸਤਵੰਤ ਨਾਂ ਦੀ ਵਿਆਹੀ ਵਰੀ ਪੰਡਤਾਣੀ ਨੇ ਪੰਡਤ ਛੱਡ ਦਿੱਤਾ ਤੇ ਦਾਰੇ ਦੇ ਲੜ ਲੱਗ ਗਈ। ਉਹਦੇ ਨਾ ਕੋਈ ਪਹਿਲਾਂ ਬੱਚਾ ਸੀ ਤੇ ਨਾ ਬਾਅਦ ਵਿਚ ਹੋਇਆ। ਦਾਰਾ ਉਹਨੂੰ ਤਾਂਗੇ ਤੇ ਬਿਠਾ ਕੇ ਤਰਨਤਾਰਨ ਦੀ ਸੈਰ ਕਰਾਉਣ ਲਿਜਾਂਦਾ ਤਾਂ ਲੋਕ ਖੜ੍ਹ ਖੜ੍ਹ ਵੇਖਦੇ। ਪਿੱਠ ਪਿਛੇ ਗੱਲਾਂ ਕਰਦੇ ਪਈ ਪੰਡਤਾਣੀ ਹੈ ਤਾਂ ਲਾਲ੍ਹੜੀ ਵਰਗੀ। ਉਹ ਜੇਲ੍ਹ ਵਿਚਲੇ ਬਾਬੇ ਦੀ ਗੱਲ ਭੁੱਲ ਗਿਆ ਸੀ ਤੇ ਰਾਹ ਜਾਂਦੀ ਬਲਾਅ ਆਪਣੇ ਗਲ ਪਾ ਲਈ ਸੀ। ਉਸ ਔਰਤ ਨਾਲ ਪਹਿਲਵਾਨ ਵੈਲਪੁਣੇ ਵਿਚ ਪੈ ਗਿਆ ਤੇ ਬਦਨਾਮ ਹੋ ਗਿਆ। ਆਖ਼ਰ ਇਹ ਸਿਲਸਿਲਾ ਉਦੋਂ ਖ਼ਤਮ ਹੋਇਆ ਜਦੋਂ ਉਹ ਔਰਤ ਮਰੀ।
ਫਿਰ ਉਹ ਪਿੰਡ ਦਾ ਸਰਪੰਚ ਚੁਣਿਆ ਗਿਆ ਤੇ ਪਾਰਟੀਬਾਜ਼ੀ ਵਿਚ ਪੈ ਗਿਆ। ਇਕ ਝਗੜੇ ਵਿਚ ਉਹਦੇ ਸੱਟਾਂ ਵੀ ਵੱਜੀਆਂ। ਉਹ ਪਿੰਡ ਵਿਚਲਾ ਘਰ ਛੱਡ ਕੇ ਬਾਹਰ ਬੰਬੀ ਉਤੇ ਰਹਿਣ ਲੱਗਾ। ਕੋਟਕਪੂਰੇ ਕੋਲ ਪਿੰਡ ਕਾਸਮ ਭੱਟੀ ਵਿਚ ਉਸ ਦਾ ਮਾਣ ਸਨਮਾਨ ਕੀਤਾ ਗਿਆ। ਉਹਦੀ ਬੰਬੀ ਉਤੇ ਢਾਣੀ ਜੁੜਦੀ, ਸੁੱਖਾ ਘੋਟ ਕੇ ਪੀਤਾ ਜਾਂਦਾ ਤੇ ਫੀਮ ਖਾਧੀ ਜਾਂਦੀ। ਸੱਤ ਫੁੱਟਾ ਜਗਤ ਪ੍ਰਸਿੱਧ ਪਹਿਲਵਾਨ ਨਸਿ਼ਆਂ ਚ ਖਚਤ ਹੋ ਗਿਆ। ਉਹਦੀ ਥਾਂ ਦੂਜੇ ਦਾਰੇ ਦੀ ਗੁੱਡੀ ਅਸਮਾਨੀਂ ਚੜ੍ਹ ਗਈ। ਫਿਰ ਦੂਜੇ ਦਾਰੇ ਨੂੰ ਹੀ ਲੋਕ ਅਸਲੀ ਦਾਰਾ ਸਮਝਣ ਲੱਗੇ।
1984 ਦੀ ਇਕ ਰਾਤ ਦਾਰਾ ਸਿੰਘ ਬੰਬੀ ਉਤੇ ਸੀ। ਬਾਰਸ਼ ਹੋਣ ਲੱਗੀ ਤਾਂ ਉਸ ਨੇ ਮੰਜਾ ਬਿਸਤਰਾ ਚੁਕਿਆ ਤੇ ਕੋਠੇ ਵਿਚ ਜਾਣ ਲੱਗਾ। ਹਨ੍ਹੇਰੇ ਵਿਚ ਉਹ ਕਿੱਲੇ ਦਾ ਠੇਡਾ ਖਾ ਕੇ ਡਿੱਗ ਪਿਆ ਤੇ ਉਸ ਦਾ ਚੂਲਾ ਟੁੱਟ ਗਿਆ। ਚੂਲਾ ਕੀ ਟੁਟਿਆ ਉਹਦੇ ਜੀਵਨ ਦੀ ਚੂਲ ਹੀ ਨਿਕਲ ਗਈ। ਤਰਨਤਾਰਨ ਇਲਾਜ ਹੋਇਆ ਪਰ ਉਹ ਪੂਰਾ ਤੰਦਰੁਸਤ ਨਾ ਹੋ ਸਕਿਆ। ਉਮਰ ਦੇ ਆਖ਼ਰੀ ਵਰ੍ਹੇ ਉਹ ਗੁੰਮਨਾਮੀ ਦੀ ਜਿ਼ੰਦਗੀ ਜੀਵਿਆ। ਅਖ਼ੀਰ ਉਮਰੇ ਦੱਸਦੇ ਹਨ ਕਿ ਉਹ ਦੁਆਈ ਬੂਟੀ ਖੁਣੋਂ ਵੀ ਆਤੁਰ ਰਿਹਾ। ਉਸ ਨੂੰ ਸ਼ੂਗਰ ਹੋ ਗਈ ਸੀ ਤੇ ਪੈਰਾਂ ਦੇ ਦੋਵੇਂ ਅੰਗੂਠੇ ਕੱਟੇ ਗਏ ਸਨ। ਸੱਤਰ ਸਾਲ ਦੀ ਉਮਰ ਵਿਚ ਅਜਿਹਾ ਬੁੱਲਾ ਵੱਜਾ ਕਿ ਉਹ ਮੰਜੇ ਤੋਂ ਨਾ ਉਠ ਸਕਿਆ। ਫਰੀ ਸਟਾਈਲ ਕੁਸ਼ਤੀ ਦਾ ਰੁਸਤਮੇ ਜ਼ਮਾਂ ਜੀਹਨੇ ਕਿੰਗਕਾਂਗ ਵਰਗਿਆਂ ਦੇ ਛੱਕੇ ਛੁਡਾਏ ਸਨ, ਆਖ਼ਰ ਮੌਤ ਨੇ ਢਾਹ ਲਿਆ ਤੇ 1988 ਦੀ ਇਕ ਉਦਾਸ ਰਾਤੇ ਉਹ ਰੋਂਦੀ ਕੁਰਲਾਉਂਦੀ ਬਲਬੀਰ ਕੌਰ ਨੂੰ ਵਿਧਵਾ ਕਰ ਗਿਆ।
ਬਲਬੀਰ ਕੌਰ 2006 ਵਿਚ ਚੱਲ ਵਸੀ। ਬਲਵੰਤ ਸਿੰਘ ਨੇ ਬਲਬੀਰ ਕੌਰ ਤੇ ਉਸ ਦੇ ਪੋਤਿਆਂ ਨਾਲ ਮੁਲਾਕਾਤਾਂ ਕੀਤੀਆਂ ਜੋ ਦਾਰਾ ਸਿੰਘ ਬਾਰੇ ਨਾਵਲ ਲਿਖਣ ਵਿਚ ਸਹਾਈ ਹੋਈਆਂ। ਮੈਂ ਵੀ ਦਾਰਾ ਸਿੰਘ ਦੇ ਪੋਤਿਆਂ ਨੂੰ ਮਿਲ ਆਇਆ ਹਾਂ। ਉਹ ਬਾਹਰ ਖੇਤਾਂ ਵਿਚ ਰਹਿੰਦੇ ਹਨ ਜਿਥੇ ਮੱਝਾਂ ਬੱਝੀਆਂ ਹੋਈਆਂ ਸਨ। ਮੈਂ ਉਸ ਕਿੱਲੇ ਵਾਲੀ ਥਾਂ ਵੇਖੀ ਜਿਥੇ ਦਾਰਾ ਸਿੰਘ ਰਾਤ ਦੇ ਹਨ੍ਹੇਰੇ ਵਿਚ ਡਿੱਗਾ ਸੀ। ਸਾਧਾਰਨ ਜਿਹਾ ਘਰ ਹੈ ਤੇ ਘਰ ਦੇ ਦਰ ਅੱਗੇ ਦਾਰਾ ਸਿੰਘ ਦੀ ਸਮਾਧ ਹੈ ਜਿਸ ਦੀ ਲੰਮਾਈ ਦਾਰੇ ਦੇ ਕੱਦ ਜਿੰਨੀ ਸੱਤ ਫੁਟ ਹੀ ਹੈ। ਮੈਂ ਉਹ ਬੀਹੀ ਵੀ ਵੇਖੀ ਜਿਥੇ ਦਾਰੇ ਦੇ ਭਰਾ ਦਲੀਪ ਸਿੰਘ ਨੂੰ ਮਾਰਿਆ ਗਿਆ ਸੀ ਤੇ ਇੰਦਰ ਸਿੰਘ ਦਾ ਗੁੱਟ ਵੱਢਿਆ ਗਿਆ ਸੀ। ਹੁਣ ਉਸ ਬੀਹੀ ਦੇ ਆਲੇ ਦੁਆਲੇ ਦਾ ਨਕਸ਼ਾ ਬਦਲ ਗਿਆ ਹੈ।
ਉਹ ਛੱਪੜ ਜਿਸ ਵਿਚ ਦਾਰੇ ਨੇ ਸਰਦਾਰੇ ਨੂੰ ਡੁਬੋ ਕੇ ਮਾਰਿਆ ਸੀ ਹੁਣ ਦੋ ਏਕੜ ਦੀ ਥਾਂ ਏਕੜ ਕੁ ਦਾ ਰਹਿ ਗਿਆ ਹੈ। ਉਹਦੇ ਇਕ ਪਾਸੇ ਭਰਤ ਪਾ ਕੇ ਘਰ ਪਾ ਲਏ ਗਏ ਹਨ। ਜਿਸ ਬਾਗ ਵਿਚ ਦਾਰੇ ਹੋਰੀਂ ਲੁਕੇ ਸਨ ਉਹਦਾ ਨਾਂ ਨਿਸ਼ਾਨ ਨਹੀਂ। ਉਹ ਛੱਤਾਂ ਵੇਖੀਆਂ ਜਿਥੇ ਪਿੰਡ ਦੇ ਲੋਕ ਬੇਵੱਸ ਖੜ੍ਹੇ ਸਨ ਤੇ ਦਾਰਾ ਸਰਦਾਰੇ ਨੂੰ ਦਿਨ ਦਿਹਾੜੇ ਕਤਲ ਕਰ ਰਿਹਾ ਸੀ। ਛੱਪੜ ਦੇ ਕੋਲ ਹੀ ਵਾਟਰ ਵਰਕਸ ਦੀ ਟੈਂਕੀ ਬਣੀ ਹੋਈ ਹੈ ਜੋ ਦੂਰੋਂ ਪਿੰਡ ਦੀ ਨਿਸ਼ਾਨਦੇਹੀ ਕਰਦੀ ਹੈ। ਛੱਪੜ ਦੇ ਨੇੜੇ ਹੀ ਸਰਦਾਰੇ ਹੋਰਾਂ ਦੇ ਖੇਤ ਹਨ ਜਿਥੇ ਉਨ੍ਹਾਂ ਦੀ ਔਲਾਦ ਵਸਦੀ ਹੈ। ਉਹ ਰੁੱਖ ਵੇਖੇ ਜਿਨ੍ਹਾਂ ਹੇਠ ਦਾਰੇ ਦੀ ਢਾਣੀ ਸੁੱਖਾ ਰਗੜਿਆ ਕਰਦੀ ਸੀ ਤੇ ਤੁੱਰੀ ਵਜਾ ਕੇ ਸੁੱਖਾ ਛਕਿਆ ਜਾਂਦਾ ਸੀ। ਮੈਨੂੰ ਉਸ ਪਿੰਡ ਵਿਚ ਹੋਰ ਤਾਂ ਕਾਫੀ ਕੁਝ ਦਿਸਿਆ ਪਰ ਕੋਈ ਅਖਾੜਾ ਨਾ ਦਿਸਿਆ ਜਿਸ ਨੇ ਰੁਸਤਮੇ ਜ਼ਮਾਂ ਦਾਰਾ ਸਿੰਘ ਵਰਗਾ ਪਹਿਲਵਾਨ ਪੈਦਾ ਕੀਤਾ ਸੀ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346