Welcome to Seerat.ca
Welcome to Seerat.ca

ਅੰਡੇਮਾਨ ਸੈਲੂਲਰ ਜੇਲ੍ਹ ਵਿੱਚ

 

- ਸੋਹਣ ਸਿੰਘ ਭਕਨਾ

ਪ੍ਰੇਮ-ਗਿਆਨ

ਨਿਬੰਧ / ਪਾਤਰਾਂ ਮਗਰ ਲੇਖਕ

 

- ਹਰਜੀਤ ਅਟਵਾਲ

ਇਹ ਤਾਂ ਵਿਚਾਰੇ ਸ਼ਾਇਰ ਤੇ ਅਦੀਬ ਲੋਕ ਨੇ!

 

- ਵਰਿਆਮ ਸਿੰਘ ਸੰਧੂ

ਮਸਾਲੇਦਾਰ ਕੈਨੇਡਾ / ਟੋਰੰਟੋ ਦੀਆਂ ਬੱਸਾਂ ਅਤੇ ਉਹਨਾਂ ਦੇ ਡਰਾਈਵਰ

 

- ਗੁਰਦੇਵ ਚੌਹਾਨ

ਕੀ ਸਵੈ-ਜੀਵਨੀ ਸਾਹਿਤ ਹੁੰਦੀ ਹੈ?

 

- ਉਂਕਾਰਪ੍ਰੀਤ

ਅਦੁੱਤੀ ਸ਼ਖਸੀਅਤ ਪ੍ਰੋਫੈਸਰ ਮੇਹਰ ਚੰਦ ਭਾਰਦਵਾਜ

 

- ਹਰਜੀਤ ਸਿੰਘ ਗਿੱਲ

ਕਹਾਣੀ / ਬੈਕ ਰੂਮ

 

- ਡਾਕਟਰ ਸਾਥੀ ਲੁਧਿਆਣਵੀ

ਇੱਲੀਗਲ ਇਮੀਗਰਾਂਟਸ

 

- ਡਾਕਟਰ ਸਾਥੀ ਲੁਧਿਆਣਵੀ

ਤੇਰਾ ਵਿਕਦਾ ਜੈ ਕੁਰੇ ਪਾਣੀ, ਲੋਕਾਂ ਦਾ ਨਾ ਦੁਧ ਵਿਕਦਾ।

 

- ਗਿਆਨੀ ਸੰਤੋਖ ਸਿੰਘ

ਜੀ ਆਇਆਂ ਨੂੰ

 

- ਵਰਿਆਮ ਸਿੰਘ ਸੰਧੂ

2 ਸਤੰਬਰ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ‘ਤੇ ਵਿਸ਼ੇਸ਼ / ਸਾਹਿਤ ਦੇ ਅੰਬਰੀਂ ਟਹਿਕਦੇ ਸੂਹੇ ਤਾਰੇ

 

- ਅਮੋਲਕ ਸਿੰਘ

ਇਨਸਾਫ ਲਈ ਕੁੰਡੇ ਖੜਕਾਉਂਦੇ, ਖੇਤਾਂ ਦੇ ਪੁੱਤ ਆਬਾਦਕਾਰ

 

- ਅਮੋਲਕ ਸਿੰਘ

 

ਅੰਡੇਮਾਨ ਸੈਲੂਲਰ ਜੇਲ੍ਹ ਵਿੱਚ
- ਸੋਹਣ ਸਿੰਘ ਭਕਨਾ

 

ਲਾਹੌਰ ਸਾਜ਼ਿਸ਼ ਕੇਸ (ਪਹਿਲੇ) ਵਿੱਚ ਸਾਡੇ ਸਾਥੀਆਂ ਨੂੰ ਸਜ਼ਾਵਾਂ ਹੋਈਆਂ ਅਤੇ ਕੈਦੀਆਂ ਦੇ ਕੱਪੜੇ ਪਾਉਣ ਲਈ ਸਾਹਮਣੇ ਲਿਆ ਕੇ ਰੱਖੇ ਗਏ। ਉਹਨੀਂ ਦਿਨੀਂ ਕੈਦੀ ਲਈ ਸਿਰ ’ਤੇ ਪਾਉਣ ਲਈ ਭੁਸੇ ਦੀ ਟੋਪੀ ਹੁੰਦੀ ਸੀ। ਸਾਡੇ ਮੁਕੱਦਮੇ ਦੇ ਸਾਰੇ ਸਿੱਖ ਕੈਦੀਆਂ ਨੇ ਟੋਪੀਆਂ ਪਾਉਣ ਤੋਂ ਇਨਕਾਰ ਕਰ ਦਿੱਤਾ। ਸਾਡੇ ਤੋਂ ਪਹਿਲਾਂ ਮਾਸਟਰ ਚਤਰ ਸਿੰਘ ਨੂੰ, ਜੋ ਟੋਪੀ ਪਾਉਣ ਤੋਂ ਇਨਕਾਰ ਕਰਨ ਵਾਲੇ ਪਹਿਲੇ ਕੈਦੀ ਸਨ, ਸਜ਼ਾ ਲੱਗ ਚੁੱਕੀ ਸੀ। ਅਸਾਂ ਸਾਰਿਆਂ ਨੇ ਵੀ ਟੋਪੀ ਪਾਉਣੋਂ ਇਨਕਾਰ ਕਰ ਦਿੱਤਾ। ਐਜੀਟੇਸ਼ਨ ਵਧਦੀ ਦੇਖ ਕੇ ਪੰਜਾਬ ਸਰਕਾਰ ਨੇ ਬਗੈਰ ਉਮਰ ਦੇ ਲਿਹਾਜ਼ ਤੇ ਡਾਕਟਰੀ ਮੁਆਇਨੇ ਦੇ ਇਕ ਸ਼ਾਮ ਨੂੰ ਸਾਨੂੰ ਪੂਰੇ ਕਪੜੇ ਵਗ਼ੈਰਾ ਦੇ ਕੇ ਅੰਡੇਮਾਨ ਭੇਜ ਦਿੱਤਾ ਸੀ। ਇਸ ਤਰ੍ਹਾਂ ਦੂਸਰੇ ਉਮਰ ਕੈਦ (ਕਾਲੇ ਪਾਣੀ) ਵਾਲੇ ਕੈਦੀਆਂ ਦੇ ਨਾਲ ਮੈਂ ਦਸੰਬਰ 1915 ਵਿਚ ਅੰਡੇਮਾਨ ਸੈਲੂਲਰ ਜੇਲ੍ਹ ਵਿਚ ਪਹੁੰਚਿਆ।
ਇੱਕ ਗੱਲ ਯਾਦ ਰੱਖਣ ਵਾਲੀ ਹੈ-ਉਹ ਇਹ ਕਿ ਸੱਚੇ ਇਨਕਲਾਬੀ ਦੇ ਸਾਹਮਣੇ ਚਾਹੇ ਉਹ ਬਾਹਰ ਹੋਵੇ ਜਾਂ ਜੇਲ੍ਹ ਦੇ ਅੰਦਰ, ਕੰਮ ਕਦੇ ਖ਼ਤਮ ਨਹੀਂ ਹੁੰਦਾ ਕਿਉਂਕਿ ਉਹਦਾ ਮੁਕਾਬਲਾ ਗੁਲਾਮੀ ਤੇ ਅਨਿਆਂ ਨਾਲ ਹੁੰਦਾ ਹੈ।
ਜਦ ਸਾਡੇ ਸਾਥੀ ਸੈਲੂਲਰ ਜੇਲ੍ਹ ਵਿਚ ਪਹੁੰਚੇ ਤਾਂ ਪੁਰਾਣੇ ਬੰਗਾਲੀ ਇਨਕਲਾਬੀ ਤੇ ਗਣੇਸ਼ ਸਾਵਰਕਰ, ਵਿਨਾਇਕ ਸਾਵਰਕਰ ਅਤੇ ਜੋਸ਼ੀ ਵਗੈਰਾ ਮਰਹੱਟੇ ਦੇਸ਼ ਭਗਤਾਂ ਤੋਂ ਪਤਾ ਲੱਗਾ ਕਿ ਜੇਲ੍ਹਰ ਤੇ ਜੇਲ੍ਹ ਸੁਪਰੀਟੈਡੰਟ ਬੜੇ ਕੁਰੱਖਤ ਹਨ। ਹਰ ਇਕ ਕੈਦੀ ਤੋਂ ਚਾਹੇ ਰਾਜਸੀ ਹੀ ਕਿਉਂ ਨਾ ਹੋਵੇ, ਕੁਝ ਹਫ਼ਤਿਆਂ ਤੱਕ ਹੈਂਡ ਮਸ਼ੀਨ ਨਾਲ ਤੀਹ ਪੌਂਡ ਤੇਲ ਕਢਾਉਣ ਦੀ ਮੁਸ਼ੱਕਤ ਜ਼ਰੂਰ ਲੈਂਦੇ ਸਨ। ਮੁਸ਼ੱਕਤ ਬਹੁਤ ਸਖ਼ਤ ਸੀ। ਜੇ ਇਕ ਪੌਂਡ ਤੇਲ ਵੀ ਘਟੇ ਤਾਂ ਤੀਹ ਬੈਂਤਾਂ ਦੀ ਕਰੜੀ ਸਜ਼ਾ ਦੇਂਦੇ ਸਨ। ਮੁਸ਼ੱਕਤ ਘੱਟ ਹੋਣ ਤੋਂ ਡਰਦੇ ਕਈ ਕੈਦੀ ਆਤਮ ਹੱਤਿਆ ਵੀ ਕਰ ਲੈਂਦੇ ਸਨ ਤੇ ਹਰ ਮਹੀਨੇ ਅਜਿਹੇ ਇਕ ਦੋ ਕੇਸ ਹੋ ਜਾਂਦੇ ਸਨ।
ਸਾਰੇ ਸਾਥੀਆਂ ਨੇ ਇਸ ’ਤੇ ਵਿਚਾਰ ਕੀਤੀ ਕਿ ਹੁਣ ਕੀ ਨੀਤੀ ਅਪਣਾਈ ਜਾਵੇ। ਫੈਸਲਾ ਹੋਇਆ ਕਿ ਮੁਸ਼ੱਕਤ ਤਾਂ ਕੀਤੀ ਜਾਵੇ ਪਰ ਜਿਥੋਂ ਤੱਕ ਇਨਸਾਨੀ ਤਾਕਤ ਦੇ ਅੰਦਰ ਹੋਵੇ। ਕੋਹਲੂ ਦੀ ਮੁਸ਼ੱਕਤ ਜੋ ਬੈਲ ਦੀ ਮੁਸ਼ੱਕਤ ਹੈ ਕਰਨ ਦਾ ਭਾਵ ਹੈ ਕਿ ਅਸੀਂ ਕੈਦੀ ਦੇ ਹੱਕਾਂ ਲਈ ਘੋਲ ਕਰਨੋਂ ਡਰਦੇ ਹਾਂ ਤੇ ਆਪਾਂ ਬਚਾਉਂਦੇ ਹਾਂ। ਸੋ ਫੈਸਲਾ ਹੋਇਆ ਕਿ ਇਹ ਗੈਰ-ਇਨਸਾਨੀ ਕੋਹਲੂ ਦੀ ਮੁਸ਼ੱਕਤ ਨਾ ਖ਼ੁਦ ਕੀਤੀ ਜਾਏ ਤੇ ਨਾ ਹੀ ਸਾਡੇ ਤੋਂ ਪਿਛੋਂ ਆਉਣ ਵਾਲੇ ਰਾਜਸੀ ਕੈਦੀਆਂ ਨੂੰ ਕਰਨ ਲਈ ਕਿਹਾ ਜਾਵੇ। ਜਿਸ ਸਾਥੀ ’ਤੇ ਨਜਾਇਜ਼ ਦਬਾਅ ਇਹ ਅਫ਼ਸਰ ਪਾਉਣ ਉਹ ਮੁਕਾਬਲਾ ਕਰੇ ਅਰਥਾਤ ਇਨਕਾਰ ਕਰ ਦਏ।
ਦੂਸਰਾ-ਕਿਸੇ ਜੇਲ੍ਹ ਅਧਿਕਾਰੀ ਦੀ ਬੇਇਜ਼ਤੀ ਨਾ ਕੀਤੀ ਜਾਏ ਪਰ ਜੇ ਸਾਡੀ ਬੇਇਜ਼ਤੀ ਜੇਲ੍ਹ ਵਾਲੇ ਨਜਾਇਜ਼ ਤੌਰ ’ਤੇ ਕਰਨ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਏ।
ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹਰ ਨੂੰ ਸਾਡੇ ਫੈਸਲੇ ਦਾ ਪਤਾ ਲੱਗ ਗਿਆ। ਕੋਹਲੂ ਦੀ ਮੁਸ਼ੱਕਤ ਦੇਣ ਦਾ ਤਾਂ ਉਹਨੂੰ ਹੌਂਸਲਾ ਨਾ ਪਿਆ ਪਰ ਸੁੱਕਾ ਛਿਲਕਾ ਬਗੈਰ ਪਾਣੀ ਨਾਲ ਤਰ ਕੀਤਿਆਂ ਕੁੱਟਣ ਲਈ ਦੇ ਦਿੱਤਾ। ਹਾਲਾਂ ਕਿ ਸੁੱਕਾ ਛਿਲਕਾ ਕੁੱਟਿਆ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਦੂਸਰੇ ਕੈਦੀਆਂ ਨੂੰ ਦਿੱਤਾ ਜਾਂਦਾ ਸੀ। ਛਿਲਕੇ ਦੀ ਮੁਸ਼ੱਕਤ ਹਮੇਸ਼ਾ ਹਰੇ ਛਿਲਕੇ ਦੀ ਹੁੰਦੀ ਸੀ, ਜਿਸ ਨੂੰ ਕੁੱਟ ਕੇ ਤਾਰਾਂ ਕੱਢੀਆਂ ਜਾ ਸਕਦੀਆਂ ਸਨ ਤੇ ਵਾਣ ਵੱਟਣ ਵਾਲੇ ਕੈਦੀਆਂ ਨੂੰ ਵਾਣ ਵੱਟਣ ਲਈ ਦੇ ਦਿੱਤੀਆਂ ਜਾਂਦੀਆਂ। ਪਰ ਇਹ ਜੇਲ੍ਹਰ ਦੀ ਸ਼ਰਾਰਤ ਸੀ। ਸ਼ਰਾਰਤ ਇਹ ਸੀ ਕਿ ਜੋ ਕੈਦੀ ਨਵੇਂ ਆਉਂਦੇ ਸਨ, ਉਹਨਾਂ ਨੂੰ 15 ਦਿਨ ਇਕਾਂਤ ਕੈਦ ਦੀ ਸਜ਼ਾ ਦੇ ਤੌਰ ’ਤੇ ਵੱਖੋ-ਵੱਖ ਕੋਠੜੀਆਂ ਵਿੱਚ ਰੱਖਦੇ ਸਨ। ਇਹਨਾਂ ਦੀ ਮੁਸ਼ੱਕਤ ਰੀਕਾਰਡ ਵਿੱਚ ਨਹੀਂ ਆਉਂਦੀ ਸੀ। ਪੰਦਰਾਂ ਦਿਨਾਂ ਪਿੱਛੋਂ ਡਾਕਟਰੀ ਮੁਆਇਨਾ ਹੁੰਦਾ ਤੇ ਕੈਦੀ ਦੀ ਤਾਕਤ ਅਨੁਸਾਰ ਜੇਲ੍ਹ ਅਧਿਕਾਰੀ ਉਹ ਦੀ ਟਿਕਟ ’ਤੇ ਮੁਸ਼ੱਕਤ ਲਿਖ ਦੇਂਦੇ। ਤਦ ਜਾ ਕੇ ਟਿਕਟ ਉਪਰ ਰੋਜ਼ਾਨਾ ਮੁਸ਼ੱਕਤ ਲੈਣ ਵਾਲਾ ਮੁਸ਼ੱਕਤ ਲਿਖਦਾ ਤੇ ਮੁਸ਼ੱਕਤ ਘੱਟ ਹੋਣ ’ਤੇ ਜੇਲ੍ਹਰ ਉਸ ਟਿਕਟ ਉਤੇ ‘ਪੇਸ਼ੀ’ ਲਿਖ ਕੇ ਸੁਪਰਡੈਂਟ ਸਾਹਮਣੇ ਕੈਦੀ ਨੂੰ ਪੇਸ਼ ਕਰਦਾ ਸੀ। ਪਰ ਜੇਲ੍ਹਰ ਨੇ ਪਹਿਲੇ ਹੀ ਦਿਨ ਗ਼ੈਰ-ਕਾਨੂੰਨੀ ਕੰਮ ਕੀਤਾ। ਭਾਈ ਪਰਮਾਨੰਦ (ਲਾਹੌਰ) ਤੇ ਪਰਮਾਨੰਦ (ਝਾਂਸੀ) ਨੂੰ ਬੁਲਾ ਕੇ ਰੋਹਬ ਪਾਣਾ ਚਾਹਿਆ ਕਿ ਜੇ ਅਗਲੇ ਦਿਨ ਮੁਸ਼ੱਕਤ ਪੂਰੀ ਨਾ ਹੋਈ ਤਾਂ ਸਜ਼ਾ ਦਿਆਂਗਾ। ਉਹਨਾਂ ਨੇ ਬਥੇਰਾ ਕਿਹਾ ਕਿ ਸੁੱਕਾ ਛਿਲਕਾ ਕੁੱਟਣਾ ਮੁਸ਼ੱਕਲ ਹੈ। ਫਿਰ ਵੀ ਅਗਲੇ ਦਿਨ ਉਹਨਾਂ ਨੂੰ ਛਿਲਕਾ ਭਿਉਣ ਲਈ ਪਾਣੀ ਨਾ ਦਿੱਤਾ ਗਿਆ। ਟੈਂਡਲ (ਜੇਲ੍ਹ ਦਾ ਵੱਡਾ ¦ਬੜਦਾਰ) ਨੂੰ ਕਿਹਾ ਕਿ ਜੇ ਕਲ੍ਹ ਪੂਰਾ ਛਿਲਕਾ ਨਾ ਕੁੱਟਣ ਤਾਂ ਦਫ਼ਤਰ ਵਿਚ ਹਾਜ਼ਰ ਕਰੋ। ਹੁਣ ਛਿਲਕਾ ਤਾਂ ਸੁੱਕਾ ਕੁਟਿਆ ਨਹੀਂ ਜਾ ਸਕਦਾ ਸੀ। ਇਹ ਗੱਲ ਤਾਂ ਜੇਲ੍ਹਰ ਵੀ ਭਲੀ ਭਾਂਤ ਜਾਣਦਾ ਸੀ। ਪਰ ਇਹ ਸਾਰੀ ਉਸ ਦੀ ਗਿਣੀ ਮਿਥੀ ਸ਼ਰਾਰਤ ਸੀ। ਪਰਮਾਨੰਦ (ਝਾਂਸੀ) ਅਜੇ ਬੱਚਾ ਤੇ ਵੇਖਣ ਵਿੱਚ ਕਮਜ਼ੋਰ ਲੱਗਦਾ ਸੀ। ਜੇਲ੍ਹਰ ਦਾ ਖ਼ਿਆਲ ਸੀ ਕਿ ਉਸ ’ਤੇ ਦਬਾਅ ਪਾ ਕੇ ਉਹਦੇ ਤੋਂ ਸੂਹੀਏ (ਮੁਖ਼ਬਰ) ਦਾ ਕੰਮ ਲਿਆ ਜਾਵੇ।
ਅਗਲੇ ਦਿਨ ਪਰਮਾਨੰਦ (ਝਾਂਸੀ) ਇਕੱਲੇ ਨੂੰ ਹੀ ¦ਬੜਦਾਰ ਜੇਲ੍ਹਰ ਦੇ ਦਫ਼ਤਰ ਲੈ ਗਿਆ। ਜਦ ਪਰਮਾਨੰਦ ਜੇਲ੍ਹਰ ਦੇ ਸਾਹਮਣੇ ਖੜਾ ਕੀਤਾ ਗਿਆ ਤਾਂ ਜੇਲ੍ਹਰ ਨੇ ਉਹਨੂੰ ਗਾਲ੍ਹ ਕੱਢੀ। ਪਰਮਾਨੰਦ ਨੇ ਵੀ ਅਜਿਹਾ ਹੀ ਜਵਾਬ ਦਿੱਤਾ। ਜੇਲ੍ਹਰ ਉਠ ਕੇ ਮੁੱਕਾ ਮਾਰਨ ਲੱਗਾ। ਇਸ ’ਤੇ ਪਰਮਾਨੰਦ ਨੇ ਉਹਦੇ ਮੁੱਕੇ ਤੋਂ ਬਚਾਅ ਕਰਦਿਆਂ ਹੋਇਆ ਉਹਦੇ ਵਧੇ ਹੋਏ ਪੇਟ ’ਤੇ ਜ਼ੋਰ ਦੀ ਲੱਤ ਮਾਰੀ। ਜੇਲ੍ਹਰ ਪਿਛੇ ਕੁਰਸੀ ’ਤੇ ਡਿੱਗ ਪਿਆ। ਉਹਦੇ ਆਦਮੀਆਂ ਨੇ ਪਰਮਾਨੰਦ ਨੂੰ ਮਾਰਿਆ ਤਾਂ ਸਹੀ ਪਰ ਜੇਲ੍ਹ ਵਿਚ ਹਵਾ ਦੀ ਤਰ੍ਹਾਂ ਖ਼ਬਰ ਫੈਲ ਗਈ ਕਿ ਇਕ ਬੰਬ ਵਾਲੇ ਨੇ ਜੇਲ੍ਹਰ ਨੂੰ ਮਾਰਿਆ ਹੈ। ਕੈਦੀ ਬੜੇ ਖ਼ੁਸ਼ ਹੋਏ ਕਿਉਂਕਿ ਜੇਲ੍ਹਰ ਕੈਦੀਆਂ ਨੂੰ ਬੜਾ ਤੰਗ ਕਰਦਾ ਸੀ ਤੇ ਕਿਹਾ ਕਰਦਾ ਸੀ ਕਿ ਮੈਂ ਜੇਲ੍ਹ ਦਾ ਖ਼ੁਦਾ ਹਾਂ।
ਜੇਲ੍ਹਰ ਦੇ ਸਫ਼ੈਦ ਕੋਟ ’ਤੇ ਪਰਮਾਨੰਦ ਦੇ ਪੈਰ ਦਾ ਨਿਸ਼ਾਨ ਲੱਗ ਗਿਆ ਤੇ ਉਹ ਉਸੇ ਵੇਲੇ ਕਮਿਸ਼ਨਰ ਦੀ ਕੋਠੀ ਵਿੱਚ ਹਾਜ਼ਰ ਹੋ ਕੇ ਆਪਣੇ ਕੋਟ ਉਪਰ ਨਿਸ਼ਾਨ ਵਿਖਾ ਕੇ ਕਹਿਣ ਲੱਗਾ ਕਿ ਜੇ ਅੱਜ ਮੇਰੇ ਆਦਮੀ ਮੈਨੂੰ ਨਾ ਬਚਾਉਂਦੇ ਤਾਂ ਇਸ ਕੈਦੀ ਨੇ ਮੇਰਾ ਖ਼ਾਤਮਾ ਕਰ ਦੇਣਾ ਸੀ। ਜਾਂ ਤਾਂ ਮੇਰਾ ਅਸਤੀਫ਼ਾ ਲੈ ਲਓ ਜਾਂ ਮੈਨੂੰ ਗੋਰੇ ਸਿਪਾਹੀ ਦਿਓ, ਜੋ ਗੋਲੀ ਗੱਠਾ ਭਰ ਕੇ ਹਮੇਸ਼ਾਂ ਦਿਨ ਵੇਲੇ ਜੇਲ੍ਹ ਦੀ ਰੱਖਿਆ ਕਰਨ ਨਹੀਂ ਤਾਂ ਮੈਨੂੰ ਇਨ੍ਹਾਂ ਰਾਜਸੀ ਕੈਦੀਆਂ ਤੋਂ ਬਹੁਤ ਡਰ ਰਹਿੰਦਾ ਹੈ। ਉਸ ਨੇ ਸੱਤ ਗੋਰਿਆਂ ਦੀ ਗਾਰਦ ਮੰਜ਼ੂਰ ਕਰਵਾ ਲਈ, ਜੋ ਜੇਲ੍ਹ ਦੇ ਸੱਤ ਨੰਬਰਾਂ (ਹਿੱਸਿਆਂ) ਵਿੱਚ ਗੋਲੀ ਗੱਠਾ ਭਰ ਕੇ ਹਮੇਸ਼ਾ ਪਹਿਰਾ ਦੇਂਦੇ। ਅਸੀਂ ਜੇਲ੍ਹਰ ਦੀ ਚਾਲ ਨੂੰ ਸਮਝਦੇ ਸਾਂ ਕਿ ਉਹ ਪਠਾਣ ¦ਬੜਦਾਰਾਂ ਦਾ ਸਾਡੇ ਨਾਲ ਲੜਾਈ ਮੁਕਾਬਲਾ ਕਰਾ ਕੇ ਪਿੱਛੋਂ ਗੋਲੀ ਚਲਵਾ ਕੇ ਸਾਨੂੰ ਖ਼ਤਮ ਕਰਾ ਦਏਗਾ। ਅਸਾਂ ਪਠਾਣਾਂ ਨੂੰ ਸਾਫ਼ ਕਹਿ ਦਿੱਤਾ ਕਿ ਜੇਲ੍ਹਰ ਦਾ ਇਰਾਦਾ ਇਹ ਹੈ। ਅਸੀਂ ਤਾ ਮਰੇ ਹਾਂ ਹੀ ਪਰ ਤੁਹਾਨੂੰ ਵੀ ਨਾਲ ਲੈ ਕੇ ਮਰਾਂਗੇ। ਪਠਾਣਾਂ ਨੇ ਸਾਫ਼ ਕਹਿ ਦਿੱਤਾ ਕਿ ਦੂਰੋਂ ਦੂਰੋਂ ਤੇ ਅਸੀਂ ਭਾਵੇਂ ‘‘ਹਾਂ ਹਾਂ, ਹੂੰ ਹੂੰ’’ ਪਏ ਕਰੀਏ ਪਰ ਨੇੜੇ ਨਹੀਂ ਆਵਾਂਗੇ। ਸੋ ਜੇਲ੍ਹਰ ਦੀ ਇਹ ਚਾਲ ਵੀ ਫੇਲ੍ਹ ਹੋ ਗਈ। ਜਦ ਅਸੀਂ ਸਾਰੇ ਅੰਡੇਮਾਨ ਸੈਲੂਲਰ ਜੇਲ੍ਹ ਵਿੱਚ ਰਹੇ, ਗੋਰਿਆਂ ਦੀ ਗਾਰਦ ਲੱਗੀ ਰਹੀ। ਪਰਮਾਨੰਦ (ਝਾਂਸੀ) ਨੂੰ ਬੈਂਤਾਂ ਦੀ ਸਜ਼ਾ ਦਿੱਤੀ ਗਈ ਤੇ ਉਸ ਨੇ ਬਹੁਤ ਬਹਾਦਰੀ ਨਾਲ ਬੈਂਤ ਬਰਦਾਸ਼ਤ ਕੀਤੇ। ਅਸਾਂ ਸਾਰਿਆਂ ਨੇ ਇਸ ਬੈਂਤ ਦੀ ਸਜ਼ਾ ਨੂੰ ਜੇਲ੍ਹਰ ਦੀ ਸ਼ਰਾਰਤ ’ਤੇ ਗ਼ੈਰ-ਕਾਨੂੰਨੀ ਕਹਿ ਕੇ ਕੰਮ ਦੀ ਹੜਤਾਲ ਕਰ ਦਿੱਤੀ, ਕਿਉਂਕਿ ਇਸ ਇਕਾਂਤ ਕੈਦ ਦੀ ਸਜ਼ਾ ਦੇ ਪੰਦਰਾਂ ਦਿਨ ਜੇਲ੍ਹਰ ਦਾ ਕੋਈ ਹੱਕ ਨਹੀਂ ਸੀ ਕਿ ਉਹ ਨਵੇਂ ਕੈਦੀ ਦੀ ਪੇਸ਼ੀ ਕਰੇ। ਜਦ ਸਾਰਿਆਂ ਨੇ ਕੰਮ ਦੀ ਹੜਤਾਲ ਕਰ ਦਿੱਤੀ ਤਾਂ ਜੇਲ੍ਹਰ ਨੇ ਭਾਈ ਪਰਮਾਨੰਦ (ਲਾਹੌਰ) ਨੂੰ ਕਿਹਾ ਕਿ ਤੁਸੀਂ ਮੇਰੀ ਸੁਲਾਹ ਕਰਾ ਦਿਓ, ਫਿਰ ਸ਼ਕਾਇਤ ਦਾ ਮੌਕਾ ਨਹੀਂ ਦਿਆਂਗਾ। ਪਰਮਾਨੰਦ (ਝਾਂਸੀ) ਨੂੰ ਸਿਰਫ਼ ਬੈਂਤ ਹੀ ਨਹੀਂ ਲੱਗੇ ਸਨ ਬਲਕਿ ਛੇ ਮਹੀਨੇ ਕੋਠੀ ਬੰਦ, ਘੱਟ ਖਾਣਾ ਤੇ ਛੇ ਮਹੀਨੇ ਬੇੜੀ ਦੀ ਸਜ਼ਾ ਵੀ ਮਿਲੀ ਸੀ। ਸਭ ਨੇ ਫੈਸਲਾ ਕੀਤਾ ਕਿ ਇੱਕ ਵਾਰੀ ਮਾਫ਼ੀ ਦਿੱਤੀ ਜਾਏ। ਉਹ ਇਸ ਸ਼ਰਤ ’ਤੇ ਕਿ ਬੈਂਤ ਤਾਂ ਲੱਗ ਹੀ ਚੁੱਕੇ ਹਨ ਪਰ ਬਾਕੀ ਸਜ਼ਾਵਾਂ ਵਾਪਸ ਲਈਆਂ ਜਾਣ। ਜੇਲ੍ਹਰ ਨੇ ਇਕਰਾਰ ਕੀਤਾ ਕਿ ਮੈਂ ਬਾਕੀ ਸਜ਼ਾਵਾਂ ਮਾਫ਼ ਕਰਾ ਦਿਆਂਗਾ। ਅਗਲੇ ਦਿਨ ਸਭ ਕੰਮ ’ਤੇ ਲੱਗ ਪਏ।
ਜਦ ਇਕ ਮਹੀਨੇ ਤੱਕ ਸਜ਼ਾਵਾਂ ਮਾਫ਼ ਨਾ ਹੋਈਆਂ ਤਾਂ ਭਾਈ ਪਰਮਾਨੰਦ (ਲਾਹੌਰ) ਨੂੰ ਦੋ ਵਾਰੀ ਕਿਹਾ ਗਿਆ ਕਿ ਜੇਲ੍ਹਰ ਨੂੰ ਆਪਣਾ ਇਕਰਾਰ ਪੂਰਾ ਕਰਨ ਲਈ ਕਹਿਣ। ਨਤੀਜਾ ਪਰ ਕੁਝ ਵੀ ਨਾ ਨਿਕਲਿਆ। ਅਖੀਰ ਭਾਈ ਪਰਮਾਨੰਦ ਨੇ ਜਵਾਬ ਹੀ ਦੇ ਦਿੱਤਾ ਕਿ ਮੈਂ ਦੋ ਤਿੰਨ ਵਾਰ ਉਸ ਨੂੰ ਯਾਦ ਕਰਵਾ ਚੁੱਕਾ ਹਾਂ ਪਰ ਉਸ ਨੇ ਸਿਵਾਏ ਹਾਂ ਹੂੰ ਦੇ ਕੋਈ ਕੁਝ ਨਹੀਂ ਕਿਹਾ। ਅਸੀਂ ਸਾਰਿਆਂ ਨੇ ਜੇਲ੍ਹਰ ਦੇ ਧੋਖੇ ਨੂੰ ਸਮਝ ਕੇ ਫਿਰ ਕੰਮ ਦੀ ਹੜਤਾਲ ਕਰ ਦਿੱਤੀ। ਜੇਲ੍ਹਰ ਨੇ ਭਾਈ ਪਰਮਾਨੰਦ (ਲਾਹੌਰ) ਨੂੰ ਬੁਲਾਇਆ ਤੇ ਹੜਤਾਲ ਛੁਡਾਉਣ ਲਈ ਕਿਹਾ। ਭਾਈ ਪਰਮਾਨੰਦ ਨੂੰ ਹੁਣ ਕਹਿਣ ਦਾ ਹੌਂਸਲਾ ਨਾ ਪਿਆ ਤੇ ਉਸ ਨੇ ਜਵਾਬ ਦੇ ਦਿੱਤਾ ਕਿ ਮੇਰੀ ਗੱਲ ਹੁਣ ਉਹ ਨਹੀਂ ਸੁਣਨਗੇ। ਜੇਲ੍ਹਰ ਨੇ ਕਿਹਾ ਕਿ ਜੇ ਉਹ ਤੇਰੀ ਗੱਲ ਨਹੀਂ ਮੰਨਦੇ ਤਾਂ ਤੂੰ ਅਲੱਗ ਹੋ ਜਾ। ਭਾਈ ਪਰਮਾਨੰਦ ਨੇ ਸਾਫ਼ ਕਹਿ ਦਿੱਤਾ ਕਿ ਮੈਂ ਤਾਂ ਪਹਿਲਾਂ ਹੀ ਅਲੱਗ ਹਾਂ। ਭਾਈ ਪਰਮਾਨੰਦ ਦਾ ਇਹ ਕਹਿਣਾ ਸੱਚ ਸੀ ਕਿਉਂਕਿ ਭਾਈ ਪਰਮਾਨੰਦ ਦਾ ਸਾਡੀ ਗ਼ਦਰ ਪਾਰਟੀ ਨਾਲ ਕੋਈ ਸਬੰਧ ਨਹੀਂ ਸੀ। ਪਰ ਭਾਈ ਪਰਮਾਨੰਦ ਨੇ ਇਕ ਕਿਤਾਬ ਜਿਸਦਾ ਨਾਂ ‘ਤਾਰੀਖ-ਇ-ਹਿੰਦ’ ਹੈ, ਲਿਖੀ ਸੀ, ਜੋ ਅੰਗਰੇਜ਼ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਹੀ ਸੀ। ਇਸ ਲਈ ਮਾਮੂਲੀ ਜਿਹੀ ਗਵਾਹੀ ਪਾ ਕੇ ਉਸ ਨੂੰ ਸਾਡੇ ਮੁਕੱਦਮੇ ਵਿੱਚ ਰੱਖ ਦਿੱਤਾ। ਭਾਈ ਪਰਮਾਨੰਦ ਦੀ ਮੇਰੇ ਦਿਲ ਵਿੱਚ ਅਜੇ ਵੀ ਇੱਜ਼ਤ ਹੈ। ਉਹ ਇਕ ਵਿਦਵਾਨ ਤੇ ਠੰਡੇ ਸੁਭਾਅ ਦਾ ਕੱਟੜ ਆਰੀਆ ਸਮਾਜੀ ਵੀ ਸੀ।
ਪਰ ਭਾਈ ਪਰਮਾਨੰਦ (ਲਾਹੌਰ) ਨੇ ਜੋ ਅਨਿਆਂ ਆਪਣੀ ਜੀਵਨੀ ਵਿੱਚ ਗ਼ਦਰ ਪਾਰਟੀ ਦੇ ਦੇਸ਼ ਭਗਤਾਂ ਨਾਲ ਕੀਤਾ ਹੈ, ਉਹ ਗ਼ਲਤ ਹੈ। ਉਸ ਨੇ ਅੰਡੇਮਾਨ ਜੇਲ੍ਹ ਵਿੱਚ ਆਪਣੀ ਰਿਹਾਈ ਤੋਂ ਸਿਵਾ ਹੋਰ ਕੋਈ ਦੂਸਰਾ ਭਾਵ ਸਚਾਈ ਦਾ ਰਸਤਾ ਨਹੀਂ ਅਪਨਾਇਆ। ਮੈਂ ਪਰਮਾਨੰਦ (ਝਾਂਸੀ) ਦੇ ਕੇਸ ਨੂੰ ਖੋਲ੍ਹ ਕੇ ਸਾਰਿਆਂ ਦੇ ਸਾਹਮਣੇ ਰਖਿਆ ਹੈ। ਹੁਣ ਤੁਸੀਂ ਹੀ ਨਿਰਨਾ ਕਰੋ ਕਿ ਭਾਈ ਪਰਮਾਨੰਦ (ਲਾਹੌਰ) ਦਾ ਇਹ ਲਿਖਣਾ ਕਿ ਇਹ ਲੋਕ (ਗ਼ਦਰ ਪਾਰਟੀ ਵਾਲੇ) ਬਗ਼ੈਰ ਸੋਚੇ ਸਮਝੇ ਹੜਤਾਲ ਕਰ ਦੇਂਦੇ ਸਨ, ਕਿਥੋਂ ਤੱਕ ਠੀਕ ਹੈ। ਜੇ ਪਰਮਾਨੰਦ (ਝਾਂਸੀ) ਵਿੱਚ ਦੇਸ਼ ਤੇ ਕੌਮ ਦੀ ਅਣਖ ਨਾ ਹੁੰਦੀ ਤੇ ਉਹ ਜੇਲ੍ਹਰ ਦੀਆਂ ਗਾਲ੍ਹਾਂ ਲੈ ਕੇ ਚੁੱਪ ਕਰ ਰਹਿੰਦੇ ਤਾਂ ਭਾਈ ਪਰਮਾਨੰਦ (ਲਾਹੌਰ) ਅਨੁਸਾਰ ਇਹ ਸ਼ਰਾਫ਼ਤ ਹੁੰਦੀ। ਇਸ ਨਾਲ ਜੇਲ੍ਹਰ ਨੂੰ ਹੋਰ ਦੂਸਰਿਆਂ ਦੀ ਨਜਾਇਜ਼ ਬੇਇੱਜ਼ਤੀ ਕਰਨ ਦਾ ਹੌਂਸਲਾ ਪੈ ਜਾਂਦਾ। ਭਾਈ ਪਰਮਾਨੰਦ (ਲਾਹੌਰ) ਦੀ ਨੀਤੀ ਦਾ ਨਤੀਜਾ ਤਾਂ ਇਹੀ ਹੋ ਸਕਦਾ ਸੀ ਕਿ ਜੇਲ੍ਹਰ ਇੱਕ ਇੱਕ ਕਰਕੇ ਸਾਰੇ ਦੇਸ਼ ਭਗਤਾਂ ਦੀ ਬੇਇੱਜ਼ਤੀ ਕਰਦਾ।
ਦੂਸਰਾ ਕੇਸ ਭਾਨ ਸਿੰਘ ਸੁਨੇਤ ਦਾ ਲਈਏ: ਇਹ ਦੇਸ਼ ਭਗਤ ਕੈਨੇਡਾ ਤੋਂ ਦੂਸਰੇ ਸਾਥੀਆਂ ਨਾਲ ਦੇਸ਼ ਅਜ਼ਾਦ ਕਰਾਉਣ ਲਈ ਆਇਆ ਸੀ। ਥੋੜ੍ਹੀ ਬਹੁਤ ਅੰਗਰੇਜ਼ੀ ਵੀ ਸਮਝ ਬੋਲ ਸਕਦਾ ਸੀ। ਇਸ ਨੂੰ ਵੀ ਉਮਰ ਕੈਦ-ਕਾਲੇ ਪਾਣੀ ਦੀ ਸਜ਼ਾ ਹੋਈ। ਇਹ ਮੁਸ਼ੱਕਤ ਬੜੀ ਚੰਗੀ ਤਰ੍ਹਾਂ ਕਰਦਾ ਸੀ। ਇੱਕ ਦਿਨ ਜਦ ਇਹ ਮੁਸ਼ੱਕਤ ਦੇਣ ਗਿਆ ਤੇ ਲਾਈਨ ਵਿੱਚ ਜਾ ਕੇ ਖੜਾ ਹੋਇਆ ਤਾਂ ਗੋਰੇ ਸਿਪਾਹੀ ਨੇ ਨਜਾਇਜ਼ ਤੌਰ ’ਤੇ ਅੰਗਰੇਜ਼ੀ ਵਿੱਚ ਕੌਮੀ ਨਿਰਾਦਰੀ ਭਰਿਆ ਸ਼ਬਦ ਕਿਹਾ ਜਿਸ ਦਾ ਜਵਾਬ ਭਾਨ ਸਿੰਘ ਨੇ ਵੀ ਅੰਗਰੇਜ਼ੀ ਵਿੱਚ ਦਿੱਤਾ। ਇਸ ’ਤੇ ਗੋਰੇ ਸਿਪਾਹੀ ਨੇ ਭਾਨ ਸਿੰਘ ਨੂੰ ਜੇਲ੍ਹਰ ਦੇ ਸਾਹਮਣੇ ਪੇਸ਼ ਕਰ ਦਿੱਤਾ। ਜੇਲ੍ਹਰ ਨੇ ਪੇਸ਼ੀ ਲਿਖ ਦਿੱਤੀ ਤੇ ਸੁਪਰਡੈਂਟ ਨੇ ਭਾਨ ਸਿੰਘ ਦੇ ਬਿਆਨ ਦੀ ਪਰਵਾਹ ਨਾ ਕਰਦੇ ਹੋਏ, ਇਸ ਨੂੰ ਛੇ ਮਹੀਨੇ ਕੋਠੀਬੰਦ, ਬੇੜੀ, ਘੱਟ ਖਾਣਾ ਤੇ ਖੜੀ ਹੱਥਕੜੀ ਦੀਆਂ ਸਜ਼ਾਵਾਂ ਦਿੱਤੀਆਂ। ਭਾਨ ਸਿੰਘ ਸਜ਼ਾਵਾਂ ਭੁਗਤਣ ਲੱਗਾ। ਇਕ ਦਿਨ ਉਹ ਖੜੀ ਹੱਥਕੜੀ ਨਾਲ ਖੜਾ ਸੀ ਤਾਂ ਜੋਸ਼ ਵਿੱਚ ਆ ਕੇ ਗ਼ਦਰ ਅਖ਼ਬਾਰ ਦੇ ਪਹਿਲੇ ਸਫ਼ੇ ’ਤੇ ਲਿਖੀ ਤੁਕ:
ਜੇ ਤਉ ਪ੍ਰੇਮ ਖੇਲਨ ਕਾ ਚਾਉ
ਸਿਰੁ ਧਰ ਤਲੀ ਗਲੀ ਮੇਰੀ ਆਓ
ਪ੍ਰੇਮ ਨਾਲ ਪੜ੍ਹ ਰਿਹਾ ਸੀ। ਉਧਰ ਬੇਰੀ ਜੇਲ੍ਹਰ ਆ ਗਿਆ ਤੇ ਉਸ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਭਾਨ ਸਿੰਘ ਨੇ ਰੋਸ ਵਜੋਂ ਅਗਲੇ ਦਿਨ ਹੱਥਕੜੀ ਲਵਾਉਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹਰ ਤਿੰਨ ਚਾਰ ¦ਬੜਦਾਰਾਂ ਨੂੰ ਨਾਲ ਲੈ ਕੇ ਆਇਆ ਤੇ ਹੱਥਕੜੀ ਲਾਉਣ ਤੋਂ ਪਹਿਲਾਂ ਉਸ ਨੂੰ ਫੜ ਕੇ ਮਾਰ ਕੁੱਟ ਸ਼ੁਰੂ ਕਰ ਦਿੱਤੀ। ਹੇਠਾਂ ਰੋਟੀ ਖਾਣ ਲਈ ਸਭ ਕੈਦੀ ਵਿਹੜੇ ਵਿੱਚ ਬੈਠੇ ਸਨ ਤੇ ਭਾਨ ਸਿੰਘ ਜੇਲ੍ਹ ਦੀ ਉਪਰ ਵਾਲੀ ਮੰਜ਼ਲ ਵਿਚ ਬੰਦ ਸੀ। ਸਾਡੇ ਆਦਮੀਆਂ ਨੂੰ ਪਤਾ ਲੱਗ ਗਿਆ ਤੇ ਉਹ ਉਸ ਨੂੰ ਛੁਡਾਉਣ ਲਈ ਉਪਰ ਨੂੰ ਦੌੜੇ। ਪਰ ਜੇਲ੍ਹਰ ਨੇ ਪਹਿਲਾਂ ਹੀ ਲਾਈਨ ਦਾ ਫਾਟਕ ਬੰਦ ਕਰਵਾ ਰਖਿਆ ਸੀ। ਇਹ ਅੰਦਰ ਤਾਂ ਨਾ ਜਾ ਸਕੇ ਪਰ ਉਹਨਾਂ ਨੇ ਜੇਲ੍ਹਰ ਨੂੰ ਕਿਹਾ ਕਿ ਬਿਹਤਰ ਹੈ ਤੂੰ ਕੋਠੜੀ ਵਿੱਚੋਂ ਬਾਹਰ ਆ ਜਾ ਨਹੀਂ ਤਾਂ ਠੀਕ ਨਹੀਂ ਹੋਵੇਗਾ। ਇਸ ਤਰ੍ਹਾਂ ਭਾਨ ਸਿੰਘ ਉਸ ਦਿਨ ਤਾਂ ਬਚ ਗਿਆ ਪਰ ਜੇਲ੍ਹਰ ਨੇ ਫਿਰ ਮੌਕਾ ਵੇਖ ਕੇ ਇੰਨਾ ਮਰਵਾਇਆ ਕਿ ਉਹ ਬੇਹੋਸ਼ ਹੋ ਗਿਆ। ਸਭ ਪੰਜਾਬੀ ਤੇ ਨਵੇਂ ਬੰਗਾਲੀ ਰਾਜਸੀ ਕੈਦੀਆਂ ਨੇ ਸਿਵਾਏ ਭਾਈ ਪਰਮਾਨੰਦ (ਲਾਹੌਰ) ਜਾਂ ਕੁਝ ਪੁਰਾਣੇ ਬੰਗਾਲੀ ਰਾਜਸੀ ਕੈਦੀਆਂ ਦੇ ਕੰਮ ਦੀ ਹੜਤਾਲ ਕਰ ਦਿੱਤੀ। ਭਾਨ ਸਿੰਘ ਨੂੰ ਜੇਲ੍ਹ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਦਿਨੋ ਦਿਨ ਖ਼ਰਾਬ ਹੁੰਦੀ ਗਈ।
ਹਾਲਤ ਦੇ ਖਰਾਬ ਹੋਣ ਤੇ ਕਈ ਸਾਥੀਆਂ ਨੇ ਕੰਮ ਦੀ ਹੜਤਾਲ ਦੇ ਨਾਲ ਹੀ ਭੁੱਖ ਹੜਤਾਲ ਵੀ ਕਰ ਦਿੱਤੀ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸਾਂ। ਇਸ ਅਰਸੇ ਵਿੱਚ ਬਰ੍ਹਮਾ ਕੇਸ ਦੇ ਕਈ ਸਾਥੀ ਵੀ ਆ ਗਏ ਤੇ ਉਹ ਵੀ ਕੰਮ ਦੀ ਹੜਤਾਲ ਵਿੱਚ ਸ਼ਾਮਲ ਹੋ ਗਏ। ਸਿਆਲ ਦੇ ਦਿਨ ਸਨ। ਜੇਲ੍ਹਰ ਸ਼ਰਾਰਤ ਨਾਲ ਭੁੱਖ ਹੜਤਾਲ ਵਾਲਿਆਂ ਨੂੰ ਚੁਕਾ ਕੇ ਪਾਣੀ ਦੀ ਹੌਦੀ ’ਤੇ ਲਿਜਾ ਕੇ ਉਹਨਾਂ ’ਤੇ ਠੰਡਾ ਪਾਣੀ ਪਵਾਉਂਦਾ। ਕੰਬਲ ਕੋਠੜੀ ਤੋਂ ਬਾਹਰ ਕਢਵਾ ਕੇ ਲੱਕੜੀ ਦੇ ਠੰਡੇ ਫੱਟਿਆਂ ’ਤੇ ਲਿਟਾ ਦੇਂਦਾ। ਪੰਡਤ ਰਾਮ ਰੱਖਾ ਮੱਲ ਦੀ ਇਸੇ ਠੰਡ ਨਾਲ ਮੌਤ ਹੋ ਗਈ। ਜਦ ਭੁੱਖ ਹੜਤਾਲ ਚੱਲ ਰਹੀ ਸੀ ਤਾਂ ਭਾਈ ਪਰਮਾਨੰਦ (ਲਾਹੌਰ) ਉਸੇ ਨੰਬਰ ਵਿੱਚ ਪ੍ਰੈਸ ਵਿੱਚ ਕੰਮ ਕਰਦੇ ਸਨ ਤੇ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖਦੇ ਸਨ। ਬੇਰੀ ਜੇਲ੍ਹਰ ਰੋਜ਼ਾਨਾ ਉਨ੍ਹਾਂ ਪਾਸ ਆਉਂਦਾ ਸੀ ਤੇ ਕਈ ਕਈ ਮਿੰਟ ਗੱਲਾਂ ਵੀ ਕਰਦਾ ਸੀ। ਦੱਸਣ ਵਾਲੇ ਸਾਨੂੰ ਵੀ ਦੱਸ ਦੇਂਦੇ ਸਨ। ਉਹ ਬੇਰੀ ਨੂੰ ਖੁਸ਼ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ ਸੀ। ਜੋ ਉਹਨਾਂ ਨੇ ਆਪਣੀ ਜੀਵਨੀ ਵਿੱਚ ਦੇਸ਼ ਭਗਤਾਂ ਦੇ ਨਿਆਂ ਭਰੇ ਮੁਕਾਬਲੇ ਦੀ ਨਿੰਦਾ ਕੀਤੀ ਹੈ, ਉਹ ਕੇਵਲ ਆਪਣੀ ਕਮਜ਼ੋਰੀ ’ਤੇ ਪਰਦਾ ਪਾਉਣ ਲਈ। ਵੈਸੇ ਉਸ ਵਿੱਚ ਹੋਰ ਕੁਝ ਨਹੀਂ। ਅਖੀਰ ਭਾਈ ਭਾਨ ਸਿੰਘ ਦੀ ਬੇਰੀ ਜੇਲ੍ਹਰ ਦੇ ਅਤਿਆਚਾਰਾਂ ਨਾਲ ਮੌਤ ਹੋ ਗਈ ਤੇ ਪੰਡਤ ਰਾਮ ਰੱਖਾ ਵੀ ਸ਼ਹੀਦੀ ਪਾ ਗਏ।
ਆਸੁਤੋਸ਼ ਲਹਿਰੀ ਐਮ.ਏ. ਦਾ ਕੇਸ: ਤੀਸਰਾ ਕੇਸ ਆਸੁਤੋਸ਼ ਲਹਿਰੀ ਦਾ ਹੋਇਆ। ਇਹ ਬੰਗਾਲੀ ਨੌਜਵਾਨ ਸਾਡੇ ਕੇਸ ਨਾਲ ਸਬੰਧਿਤ ਸੀ। ਇਸ ਨੂੰ ਸੁਪਰਡੈਂਟ ਮਰੇ ਨੇ ਜੋ ਬੇਰੀ ਦਾ ਹਮ-ਖ਼ਿਆਲ ਸੀ, ਛਿਲਕਾ ਕੁੱਟਣ ਦੀ ਮੁਸ਼ੱਕਤ ਦਿੱਤੀ। ਇਸ ਨੇ ਛੇ ਮਹੀਨੇ ਛਿਲਕਾ ਕੁੱਟਿਆ। ਜੇਲ੍ਹ ਦਾ ਇਹ ਆਮ ਨੇਮ ਸੀ ਕਿ ਤਿੰਨ ਮਹੀਨੇ ਸਖ਼ਤ ਮੁਸ਼ੱਕਤ ਕਰ ਚੁੱਕਣ ਪਿਛੋਂ ਫਿਰ ਕੈਦੀਆਂ ਨੂੰ ਰੱਸੀਆਂ ਬਨਾਉਣ ਦੀ ਮੁਸ਼ੱਕਤ ਦਿੱਤੀ ਜਾਂਦੀ ਸੀ। ਆਸੁਤੋਸ਼ ਨੇ ਕਈ ਵਾਰ ਆਪਣੇ ਹੱਕ ਅਰਥਾਤ ਹਲਕੀ ਮੁਸ਼ੱਕਤ ਦੀ ਮੰਗ ਕੀਤੀ। ਜੇਲ੍ਹਰ ਤੇ ਸੁਪਰਡੈਂਟ ਨੇ ਕੋਈ ਪਰਵਾਹ ਨਾ ਕੀਤੀ। ਆਖੀਰ ਛੇ ਮਹੀਨੇ ਪਿਛੋਂ ਆਸੁਤੋਸ਼ ਨੇ ਕੰਮ ਦੀ ਹੜਤਾਲ ਕਰ ਦਿੱਤੀ ਤੇ ਜੇਲ੍ਹ ਸੁਪਰਡੈਂਟ ਨੇ ਜਾਣ ਬੁੱਝ ਕੇ ਤੀਹ ਬੈਂਤਾਂ ਦੀ ਸਜ਼ਾ ਦੇ ਦਿੱਤੀ। ਆਸੁਤੋਸ਼ ਇੱਕ ਪੜ੍ਹੇ-ਲਿਖੇ ਐਮ.ਏ. ਨੌਜਵਾਨ ਨੂੰ ਤੀਹ ਬੈਂਤ ਲੱਗੇ ਤੇ ਪਿੱਠ ਦਾ ਮਾਸ ਬੋਟੀ ਬੋਟੀ ਹੋ ਉਠਿਆ, ਪਰ ਉਸ ਨੇ ਸੀ ਤੱਕ ਨਹੀਂ ਕੀਤੀ। ਪਰ ਅਫ਼ਸੋਸ ਕਿ ਪੁਰਾਣੇ ਬੰਗਾਲੀ ਰਾਜਸੀ ਕੈਦੀਆਂ ਨੇ ਨਵੇਂ ਨੌਜਵਾਨਾਂ ਦਾ ਸਾਥ ਨਾ ਦਿੱਤਾ ਜਿਹਦੇ ਕਾਰਨ ਜੇਲ੍ਹ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਹੋ ਸਕੀ ਤੇ ਭਾਈ ਪਰਮਾਨੰਦ (ਲਾਹੌਰ) ਦੀ ਜੈ ਹੋਈ।
ਇਹ ਠੀਕ ਹੈ ਕਿ ਇੱਕ ਪਾਸੇ ਜੇਲ੍ਹ ਅਧਿਕਾਰੀ ਦੀ ਇਹ ਕੋਸ਼ਿਸ਼ ਸੀ ਕਿ ਸਾਡੇ ਤੋਂ ਪਿਛੇ ਆਏ ਸਾਡੇ ਦੇਸ਼ ਦੇ ਜਾਂ ਮਾਰਸ਼ਲ ਲਾਅ ਦੇ ਪੰਜਾਬੀ ਤੇ ਗੁਜਰਾਤੀ ਰਾਜਸੀ ਕੈਦੀਆਂ ਤੋਂ ਕੋਹਲੂ ਚਲਵਾਉਣ। ਪਰ ਪੁਰਾਣੇ ਦੇਸ਼ ਭਗਤਾਂ ਨੇ ਸਾਲਾਂ ਬੱਧੀ ਲੋਹੇ ਦੇ ਪਿੰਜਰਿਆਂ ਵਿੱਚ ਰਾਤ ਦਿਨ ਰਹਿਣਾ ਤਾਂ ਝੱਲਿਆ ਪਰ ਕੋਹਲੂ ਵਰਗੀ ਗੈਰ ਇਨਸਾਨੀ ਮੁਸ਼ੱਕਤ ਨਾ ਆਪ ਕੀਤੀ ਤੇ ਨਾ ਹੀ ਬਾਅਦ ਵਿੱਚ ਆਉਣ ਵਾਲੇ ਰਾਜਸੀ ਕੈਦੀਆਂ ਨੂੰ ਕਰਨ ਦਿੱਤੀ।
ਮਾਸਟਰ ਚਤਰ ਸਿੰਘ ਦਾ ਕੇਸ: ਚੌਥਾ ਕੇਸ ਮਾਸਟਰ ਚਤਰ ਸਿੰਘ ਦਾ ਹੋਇਆ। ਮਾਸਟਰ ਚਤਰ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਵਿੱਚ ਮਾਸਟਰ ਸਨ। ਜਦ ਗ਼ਦਰ ਪਾਰਟੀ ਦੇ ਨੌਜਵਾਨ ਹਿੰਦ ਆਜ਼ਾਦ ਕਰਾਉਣ ਲਈ ਆਏ ਤਾਂ ਉਹਨਾਂ ਦਾ ਮਾਸਟਰ ਚਤਰ ਸਿੰਘ ’ਤੇ ਬਹੁਤ ਪ੍ਰਭਾਵ ਪਿਆ ਤੇ ਗੁਲਾਮੀ ਵਿਰੁੱਧ ਨਫ਼ਰਤ ਪੈਦਾ ਹੋ ਗਈ। ਉਹਨਾਂ ਨੇ ਖਾਲਸਾ ਕਾਲਜ ਦੇ ਅੰਗਰੇਜ਼ ਪਿੰ੍ਰਸੀਪਲ ਨੂੰ ਮਾਰ ਮੁਕਾਉਣ ਦੀ ਸੋਚੀ। ਉਹਨਾਂ ਨੇ ਇੱਕ ਸ਼ਾਮ ਨੂੰ ਉਹਦੇ ’ਤੇ ਹਮਲਾ ਕਰਨਾ ਸੀ ਪਰ ਹਨੇਰੇ ਕਰ ਕੇ ਕਿਸੇ ਦੂਸਰੇ ਅੰਗਰੇਜ਼ ’ਤੇ ਹੋ ਗਿਆ। ਉਸ ਕੇਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ ਤੇ ਸਾਡੇ ਨਾਲ ਅੰਡੇਮਾਨ ਭੇਜੇ ਗਏ। ਮਾਸਟਰ ਚਤਰ ਸਿੰਘ ਰਿਆਸਤ ਪਟਿਆਲਾ ਦੇ ਰਹਿਣ ਵਾਲੇ ਛੇ ਫੁੱਟ ¦ਮੇ ਖੂਬਸੂਰਤ ਨੌਜਵਾਨ ਸਨ। ਇਨ੍ਹਾਂ ਨਾਲ ਵੀ ਜੇਲ੍ਹਰ ਬੇਰੀ ਨੇ ਗ਼ੈਰ ਕਾਨੂੰਨੀ ਜ਼ਿਆਦਤੀ ਕੀਤੀ। ਐਤਵਾਰ ਦਾ ਦਿਨ ਕੈਦੀ ਦੀ ਛੁੱਟੀ ਦਾ ਦਿਨ ਹੁੰਦਾ ਸੀ-ਨਹਾਉਣਾ, ਕੱਪੜੇ ਸਾਫ਼ ਕਰਕੇ ਕੋਠੀ ਝਾੜਨੀ, ਇਹ ਉਹਦੇ ਨਿੱਜੀ ਕੰਮ ਸਮਝੇ ਜਾਂਦੇ ਸਨ। ਜੇਲ੍ਹ ਤੇ ਸਿਹਨ ਦਾ ਘਾਹ ਸਾਫ਼ ਕਰਨਾ, ਇਹ ਸਰਕਾਰੀ ਕੰਮ ਸੀ, ਜਿਹੜਾ ਐਤਵਾਰ ਵਾਲੇ ਦਿਨ ਕੈਦੀ ਨੂੰ ਕਰਨ ਲਈ ਨਹੀਂ ਕਿਹਾ ਜਾਂਦਾ ਸੀ। ਪਰ ਬੇਰੀ ਨੇ ਐਤਵਾਰ ਨੂੰ ਹੁਕਮ ਦਿੱਤਾ ਕਿ ਕੈਦੀ ਸਿਹਨ ਦਾ ਘਾਹ ਸਾਫ਼ ਕਰਨ। ਰਾਜਸੀ ਕੈਦੀਆਂ ਨੇ ਸਮੇਤ ਮਾਸਟਰ ਚਤਰ ਸਿੰਘ ਦੇ, ਐਤਵਾਰ ਨੂੰ ਘਾਹ ਸਾਫ਼ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੇਜਰ ਮਰੇ ਨੇ ਇਨ੍ਹਾਂ ਦੇ ਇਨਕਾਰ ਨੂੰ ਜੋ ਕਾਨੂੰਨੀ ਤੌਰ ’ਤੇ ਠੀਕ ਸੀ, ਗ਼ੈਰ ਕਾਨੂੰਨੀ ਮਿਥ ਕੇ ਇਸ ਵਿੱਚ ਜੋ ਰਾਜਸੀ ਕੈਦੀ ਸਨ, ਸਭ ਨੂੰ ਸਜ਼ਾ ਦੇ ਦਿੱਤੀ ਤੇ ਛੇ ਮਹੀਨੇ ਲਈ ਬੇੜੀਆਂ ਲਾ ਦਿੱਤੀਆਂ। ਮਾਸਟਰ ਚਤਰ ਸਿੰਘ ਦੇ ਦਿਲ ’ਤੇ ਇਸ ਅਨਿਆਂ ਦਾ ਬਹੁਤ ਅਸਰ ਹੋਇਆ। ਸੁਪਰਡੈਂਟ ਹਰ ਮਹੀਨੇ ਕੈਦੀਆਂ ਦਾ ਆਪਣੇ ਸਾਹਮਣੇ ਵਜ਼ਨ ਕਰਵਾਉਂਦਾ ਸੀ। ਚਤਰ ਸਿੰਘ ਕੰਡੇ ’ਤੇ ਵਜ਼ਨ ਕਰਾ ਕੇ ਹਟਿਆ ਤੇ ਹਟ ਕੇ ਮਰੇ ਨੂੰ ਐਸਾ ਥੱਪੜ ਮਾਰਿਆ ਕਿ ਉਹ ਕੁਰਸੀ ਤੋਂ ਹੇਠਾਂ ਡਿੱਗ ਪਿਆ। ਉਸ ਦੇ ਆਦਮੀ ਚਤਰ ਸਿੰਘ ਨੂੰ ਫੜਨ ਲਈ ਉਸ ’ਤੇ ਟੁੱਟ ਪਏ। ਸਾਡੇ ਹੋਰ ਰਾਜਸੀ ਕੈਦੀ ਵੀ ਉਥੇ ਹੀ ਸਨ। ਉਹਨਾਂ ਲਲਕਾਰਿਆ ਕਿ ਖ਼ਬਰਦਾਰ! ਜੇ ਕਿਸੇ ਚਤਰ ਸਿੰਘ ਨੂੰ ਹੱਥ ਪਾਇਆ ਤਾਂ ਠੀਕ ਨਹੀਂ ਹੋਵੇਗਾ। ਹੁਣ ਮਰੇ ਵੀ ਉਠ ਖੜਾ ਹੋਇਆ। ਉਹਨੇ ਵੀ ਫਸਾਦ ਦੇ ਡਰ ਤੋਂ ਆਪਣੇ ਆਦਮੀਆਂ ਨੂੰ ਕਿਹਾ ਕਿ ਕੋਈ ਨਾ ਮਾਰੇ।
ਇਸ ਤੋਂ ਪਿਛੋਂ ਮਾਸਟਰ ਚਤਰ ਸਿੰਘ ਨੂੰ ਅਣਮਿਥੇ ਸਮੇਂ ਲਈ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ। ਰਾਤ ਦਿਨ ਲਗਾਤਾਰ ਪਿੰਜਰੇ ਵਿੱਚ ਸਾਢੇ ਤਿੰਨ ਸਾਲ ਬੰਦ ਰਹਿਣ ਕਰ ਕੇ ਸਿਹਤ ਬਿਲਕੁਲ ਕਮਜ਼ੋਰ ਹੋ ਗਈ। ਇਥੋਂ ਤੱਕ ਕਿ ਚੌਲਾਂ ਦੀ ਪਿੱਛ ਦੇ ਸਿਵਾ ਹੋਰ ਕੋਈ ਚੀਜ਼ ਅਰਥਾਤ ਰੋਟੀ ਵਗੈਰਾ ਹਜ਼ਮ ਨਹੀਂ ਹੁੰਦੀ ਸੀ, ਤਾਂ ਫਿਰ ਸਿਹਤ ਤਾਂ ਡਿਗਣੀ ਹੀ ਸੀ। ਇਕ ਦਿਨ ਮੈਂ ਮਾਸਟਰ ਚਤਰ ਸਿੰਘ ਨੂੰ ਉਹਨਾਂ ਦੀ ਸਿਹਤ ਬਾਰੇ ਪੁਛਿਆ ਤਾਂ ਉਹਨਾਂ ਜੁਆਬ ਦਿੱਤਾ ਕਿ ਹੁਣ ਤਾਂ ਛੇਤੀ ਹੀ ਛੁਟਕਾਰਾ ਹੋਣ ਵਾਲਾ ਹੈ। ਇਹ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ। ਹੁਣ ਮੇਜਰ ਮਰੇ ਬਦਲ ਚੁਕਿਆ ਸੀ ਤੇ ਉਹਦੀ ਜਗ੍ਹਾ ਮੇਜਰ ਬਾਰਕਰ ਆ ਚੁਕਿਆ ਸੀ। ਅਗਲੇ ਦਿਨ ਕੈਦੀਆਂ ਦੀ ਪਰੇਡ ਸੀ। ਮੈਂ ਮੇਜਰ ਬਾਰਕਰ ਨੂੰ ਕਿਹਾ,‘‘ਚਤਰ ਸਿੰਘ ਦੀ ਸਿਹਤ ਬਹੁਤ ਵਿਗੜ ਚੁੱਕੀ ਹੈ ਤੇ ਸਜ਼ਾ ਦੀ ਵੀ ਕੋਈ ਹੱਦ ਹੁੰਦੀ ਹੈ। ਦੂਸਰਾ ਮੇਜਰ ਮਰੇ ਬਦਲ ਚੁੱਕੇ ਤੁਹਾਨੂੰ ਉਸ ਤੋਂ ਕੋਈ ਡਰ ਨਹੀਂ ਹੋ ਸਕਦਾ। ਮੇਹਰਬਾਨੀ ਕਰਕੇ ਤੁਸੀਂ ਚਤਰ ਸਿੰਘ ਨੂੰ ਪਿੰਜਰੇ ਤੋਂ ਹੁਣ ਬਾਹਰ ਕੱਢ ਦਿਉ।’’ ਮੇਜਰ ਬਾਰਕਰ ਬਗੈਰ ਕੋਈ ਜੁਆਬ ਦਿੱਤੇ ਮੁਸਕਰਾ ਕੇ ਅੱਗੇ ਚਲਾ ਗਿਆ। ਮੈਂ ਸਮਝ ਗਿਆ ਕਿ ਇਸ ਦੀ ਕੋਈ ਨੀਅਤ ਨਹੀਂ। ਅਜੇ ਉਹ ਥੋੜ੍ਹੀ ਦੂਰ ਹੀ ਗਿਆ ਹੋਵੇਗਾ ਕਿ ਮੈਂ ਉਚੀ ਆਵਾਜ਼ ਨਾਲ ਕਿਹਾ,‘‘ਮੇਜਰ ਬਾਰਕਰ ਮੇਰੀ ਹੁਣ ਤੋਂ ਭੁੱਖ ਹੜਤਾਲ ਹੈ। ਜੇ ਚਤਰ ਸਿੰਘ ਦੀ ਲਾਸ਼ ਪਿੰਜਰੇ ਵਿੱਚੋਂ ਨਿਕਲੇਗੀ ਤਾਂ ਮੇਰੀ ਲਾਸ਼ ਵੀ ਉਸ ਦੇ ਪਿਛੇ ਹੋਵੇਗੀ।’’ ਇਸ ਤਰ੍ਹਾਂ ਨੋਟਿਸ ਦੇ ਕੇ ਮੈਂ ਲੋਹੇ ਦੇ ਬਰਤਨ ਜੋ ਪਰੇਡ ਵਿੱਚ ਕੈਦੀ ਰੱਖਦਾ ਹੈ, ਉਲਟੇ ਕਰ ਦਿੱਤੇ। ਭੁੱਖ ਹੜਤਾਲ ਨੂੰ ਜਦ ਦੋ ਮਹੀਨੇ ਹੋ ਗਏ ਤੇ ਮੇਜਰ ਬਾਰਕਰ ਨੇ ਵੀ ਭੁੱਖ ਹੜਤਾਲ ਤੁੜਾਉਣ ਲਈ ਪੂਰਾ ਜ਼ੋਰ ਲਾ ਲਿਆ ਤਾਂ ਫਿਰ ਪਰੇਡ ਦੇ ਦਿਨ ਭਾਈ ਕੇਸਰ ਸਿੰਘ ਤੇ ਦੂਸਰੇ ਸਾਥੀਆਂ ਨੇ ਬਾਰਕਰ ਨੂੰ ਨੋਟਿਸ ਦਿੱਤਾ ਕਿ ਜੇ ਤੂੰ ਚਤਰ ਸਿੰਘ ਨੂੰ ਪਿੰਜਰੇ ਵਿਚੋਂ ਨਹੀਂ ਕੱਢੇਂਗਾ ਤਾਂ ਅਸੀਂ ਵੀ ਸੋਹਨ ਸਿੰਘ ਨਾਲ ਭੁੱਖ ਹੜਤਾਲ ਵਿੱਚ ਸ਼ਾਮਲ ਹੋ ਜਾਵਾਂਗੇ। ‘ਜਮਾਤ ਕਰਾਮਾਤ’ ਮੇਜਰ ਬਾਰਕਰ ਨੇ ਜਦ ਸਾਥੀਆਂ ਦੀ ਏਕਤਾ ਦੇਖੀ ਤਾਂ ਉਹ ਝੁਕ ਗਿਆ ਤੇ ਚਤਰ ਸਿੰਘ ਨੂੰ ਪਿੰਜਰੇ ਵਿੱਚੋਂ ਕੱਢ ਦਿੱਤਾ।
ਸਾਰਾ ਜੇਲ੍ਹ ਕਾਂਡ ਤਾਂ ਬਹੁਤ ¦ਮਾ ਹੈ। ਉਸ ਨੂੰ ਤਾਂ ਕੋਈ ਚੰਗਾ ਲਿਖਾਰੀ ਹੀ ਪੂਰਾ ਕਰੇਗਾ। ਪਰ ਮੈਂ ਕੁਝ ਘਟਨਾਵਾਂ ਇਸ ਲਈ ਲਿਖੀਆਂ ਹਨ ਕਿ ਪੜ੍ਹਨ ਵਾਲਿਆਂ ਨੂੰ ਦੇਸ਼ ਭਗਤਾਂ ਦੇ ਉਸ ਸੰਗਰਾਮ ਦਾ ਥੋੜ੍ਹਾ ਬਹੁਤ ਪਤਾ ਲੱਗ ਸਕੇ ਕਿ ਉਹ ਗਲਤ ਸੀ ਜਾਂ ਠੀਕ। ਜਿਸ ਅੰਡੇਮਾਨ ਦੇ ਸੰਗਰਾਮ ਵਿੱਚ ਉਨ੍ਹਾਂ ਨੇ ਆਪਣੇ ਸੱਤ ਦੇਸ਼ ਭਗਤਾਂ ਦੀਆਂ ਅਹੂਤੀਆਂ ਦੇਣ ਤੋਂ ਇਲਾਵਾ ਸਾਲਾਂ ਬੱਧੀ ਪਿੰਜਰਿਆਂ ਵਿੱਚ ਬੰਦੀ, ਛੇ ਛੇ ਮਹੀਨੇ ਖੜੀ ਹੱਥ ਕੜੀ ਦੀਆਂ ਸਜ਼ਾਵਾਂ, ਹਮੇਸ਼ਾਂ ਦੀਆਂ ਪੈਰ-ਬੇੜੀਆਂ ਤੇ ਘੱਟ ਖਾਣੇ ਦੇ ਦੰਡ, ਭੁੱਖ ਹੜਤਾਲਾਂ ਅਤੇ ਸਖ਼ਤ ਬੈਂਤਾਂ ਦੀਆਂ ਸਜ਼ਾਵਾਂ ਦੇ ਸਾਹਮਣੇ ਗ਼ਦਰ ਪਾਰਟੀ ਦੇ ਦੇਸ਼ ਭਗਤਾਂ ਤੇ ਗ਼ਦਰ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਬੰਗਾਲੀ ਦੇਸ਼ ਭਗਤਾਂ ਨੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ। ਅਖ਼ੀਰ ਵਿੱਚ ਉਹ ਅੰਡੇਮਾਨ ਨੂੰ ਤੁੜਾਉਣ ਵਿੱਚ ਸਫ਼ਲ ਹੋਏ ਤੇ ਹਜ਼ਾਰਾਂ ਕੈਦੀਆਂ ਦੀਆਂ ਜਾਨਾਂ ਬਚਾਈਆਂ ਜੋ ਕਿ ਅੰਡੇਮਾਨ ਦੇ ਘਾਤਕ ਪੌਣ-ਪਾਣੀ ਤੇ ਅੱਤਿਆਚਾਰ ਦਾ ਸ਼ਿਕਾਰ ਹੋ ਜਾਂਦੇ ਸਨ।
(‘ਜੀਵਨ ਸੰਗਰਾਮ ਅਤੇ ਹੋਰ ਲਿਖਤਾਂ’ ਸੰ. ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346