Welcome to Seerat.ca
Welcome to Seerat.ca

ਸੰਪਾਦਕੀ

 

- ਗੁਰਨਾਮ ਢਿੱਲੋਂ

ਸ਼ੁਰੂਆਤੀ ਦੌਰ ਦੀ ਗ਼ਦਰੀ ਕਵਿਤਾ (1915 ਦੇ ਅੱਧ ਤੋਂ ਪਹਿਲਾਂ ਵਾਲੀ ਕਵਿਤਾ) ਦੇ ਸਰੋਕਾਰ ਤੇ ਪ੍ਰੇਰਨਾ ਸਰੋਤ

 

- ਸਵਰਾਜਬੀਰ

ਢਾਹਾਂ ਅੰਤਰਰਾਸ਼ਟਰੀ ਪੰਜਾਬੀ ਗਲਪ-ਪੁਰਸਕਾਰ ਸਮੇਂ ਕੀਤਾ ਮੁਢਲਾ ਭਾਸ਼ਨ

 

- ਵਰਿਆਮ ਸਿੰਘ ਸੰਧੂ

ਅਲ੍ਹੜ ਬਲ੍ਹੜ ਬਾਵੇ ਦਾ

 

- ਜਸਬੀਰ ਭੁੱਲਰ

ਡੂੰਘੇ ਪਾਣੀ

 

- ਹਰਜੀਤ ਅਟਵਾਲ

ਸ਼ਾਹਕਾਰ ਕਹਾਣੀ / ਗਡੱਰੀਆ

 

- ਅਸ਼ਫ਼ਾਕ਼ ਅਹਮਦ

ਐਮਰਜੈਂਸੀ ਰੂਮ

 

- ਸੁਰਜੀਤ

ਦੋ ਗ਼ਜ਼ਲਾਂ

 

- ਮੁਸ਼ਤਾਕ

ਦੋ ਗ਼ਜ਼ਲਾਂ

 

- ਗੁਰਦਾਸ ਪਰਮਾਰ

ਸੰਤ ਰਾਮ ਉਦਾਸੀ ਦੀ 28ਵੀਂ ਬਰਸੀ ‘ਤੇ / ਲੋਕ ਕਾਵਿ ਦਾ ਮਘਦਾ ਸੂਰਜ ਸੰਤ ਰਾਮ ਉਦਾਸੀ

 

- ਪਿੰ੍. ਸਰਵਣ ਸਿੰਘ

ਮੁਲਾਕਾਤ : ਜਸਵੰਤ ਦੀਦ

 

- ਸੁਖਿੰਦਰ

ਗੁਰਦਿਆਲ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਅੰਧ-ਵਿਸ਼ਵਾਸ ਦੀ ਪੌੜੀ ‘ਚ ਲਟਕੇ ਲੋਕ

 

- ਐਸ. ਅਸ਼ੋਕ ਭੌਰਾ

ਓਵਰ-ਟਾਈਮ

 

- ਚਰਨਜੀਤ ਸਿੰਘ ਪੰਨੂ

ਬੀਬੀ ਕੌਲਾਂ, ਕਾਜ਼ੀ ਤੇ ਕੌਲਸਰ

 

- ਗੱਜਣਵਾਲਾ ਸੁਖਮਿੰਦਰ ਸਿੰਘ

ਇਕ ਦੂਜੇ ਨੂੰ ਜਾਣੀਏਂ

 

- ਗੁਲਸ਼ਨ ਦਿਆਲ

ਆਦੀਵਾਸੀ ਭਾਸ਼ਾਵਾਂ ਅੱਗੇ ਹੀ ਹੋਂਦ ਬਣਾਈ ਰੱਖਣ ਦਾ ਗੰਭੀਰ ਸੰਕਟ

 

- ਡਾ. ਵੀਰ ਭਾਰਤ ਤਲਵਾਰ

ਖੇਤਰੀ ਭਾਸ਼ਾਵਾਂ ਦੇ ਮਸਲੇ ਉਰਦੂ ਦੇ ਸੰਦਰਭ ਵਿਚ

 

- ਡਾ. ਅਲੀ ਜਾਵੇਦ

ਆਪਣਾ ਹਿੱਸਾ-3

 

- ਵਰਿਆਮ ਸਿੰਘ ਸੰਧੂ

.....ਕਰਜੇ ਦਾ ਫੰਦਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

ਉੱਡਕੇ ਜਾਵੀਂ ਵੇ ਤੋਤਿਆ

 

- ਗੁਰਮੇਲ ਬੀਰੋਕੇ

ਔਰਤ

 

- ਅਮਰਦੀਪ ਸਿੰਘ ‘ਗੁਰੂ‘

ਸੱਚ । ਸਰੂਪਾ । ਰੰਗ

 

- ਉਂਕਾਰਪ੍ਰੀਤ

ਜੱਟ ਮਰ ਗਏ ਕਮਾਈਆਂ ਕਰਦੇ ਨੀ ਜੱਟੀਏ ਤੇਰੇ ਬੰਦ ਨਾ ਬਣੇ।

 

- ਕਰਨ ਬਰਾੜ

ਤਿੰਨ ਗ਼ਜ਼ਲਾਂ

 

-  ਗੁਰਨਾਮ ਢਿੱਲੋਂ

ਗੀਤ

 

- ਬੇਤਾਬ ਸੁਰਖਪੁਰੀ

 

Online Punjabi Magazine Seerat

ਅਲ੍ਹੜ ਬਲ੍ਹੜ ਬਾਵੇ ਦਾ
- ਜਸਬੀਰ ਭੁੱਲਰ

 

(1941)
(ਜਸਬੀਰ ਭੁੱਲਰ ਨੂੰ ‘ਢਾਹਾਂ ਅੰਤਰਰਾਸ਼ਟਰੀ ਰਨਰ-ਅੱਪ ਪੰਜਾਬੀ ਗਲਪ-ਪੁਰਸਕਾਰ’-ਪੰਜ ਹਜ਼ਾਰ ਕਨੇਡੀਅਨ ਡਾਲਰ- ਪ੍ਰਾਪਤ ਹੋਇਆ ਹੈ। ਉਸਦੀ ਕਹਾਣੀ ਨਮੂਨੇ ਵਜੋਂ ਪੇਸ਼ ਹੈ)
ਕਰਨਲ ਕੁਮਾਰ ਦੀ ਪਲਟਨ ਦਾ ਮੁਆਇਨਾ ਸੀ।
………ਤੇ ਮਿਸਿਜ਼ ਕੁਮਾਰ ਥੱਕ ਗਈ ਸੀ, ਬਹੁਤ ਥੱਕ ਗਈ ਸੀ।
ਦੋਵੇਂ ਹੁਣੇ ਹੀ ਸਰਕਟ ਹਾਊਸ ਤੋਂ ਪਰਤੇ ਸਨ। ਪਿਛਲੇ ਕੁਝ ਦਿਨਾਂ ਤੋਂ ਸਰਕਟ ਹਾਊਸ ਦਾ ਰਾਹ ਉਹਨਾਂ ਬਹੁਤ ਵਾਰ ਗਾਹਿਆ ਸੀ। ਜਨਰਲ ਸਾਂਗਵਾਨ ਦੇ ਠਹਿਰਨ ਦੇ ਪ੍ਰਬੰਧਾਂ ਨੂੰ ਟਾਇਲਟ ਪੇਪਰ ਤੋਂ ਲੈ ਕੇ ਖਾਣ-ਪੀਣ ਦੀਆਂ ਲੋੜਾਂ ਤੱਕ ਬਰੀਕਬੀਨੀ ਨਾਲ ਘੋਖਿਆ ਸੀ।
ਜਨਰਲ ਸਾਂਗਵਾਨ ਦੇ ਬੈੱਡਰੂਮ ਨੂੰ ਮਿਸਿਜ਼ ਕੁਮਾਰ ਨੇ ਹੱਥੀਂ ਰੀਝ ਨਾਲ ਸਜਾਇਆ ਸੀ। ਉਹਨਾਂ ਦੇ ਸਟੱਡੀ ਟੇਬਲ ਲਈ ਮੈਗ਼ਜ਼ੀਨ ਖੁ਼ਦ ਖ਼ਰੀਦੇ ਸਨ। ਬੈੱਡ-ਟੀ ਨਾਲ ਦਿੱਤੀਆਂ ਜਾਣ ਵਾਲੀਆਂ ਅਖ਼ਬਾਰਾਂ ਦੀ ਚੋਣ ਵੀ ਆਪ ਕੀਤੀ ਸੀ। ਮਿਸਿਜ਼ ਸਾਂਗਵਾਨ ਨੂੰ ਬੋਰੀਅਤ ਤੋਂ ਬਚਾਉਣ ਦੀ ਜਿ਼ੰਮੇਵਾਰੀ ਵੀ ਮਿਸਿਜ਼ ਕੁਮਾਰ ਦੀ ਹੀ ਸੀ। ਕਰਨਲ ਕੁਮਾਰ ਦੀ ਸਲਾਹ ਨਾਲ ਉਹਨਾਂ ਲਈ ਵੀ ਵੱਖਰਾ ਪ੍ਰੋਗਰਾਮ ਮਿਥ ਲਿਆ ਗਿਆ ਸੀ।
ਵੈਸੇ ਤਾਂ ਅੱਜ ਦੇ ਡਿਨਰ ਤੋਂ ਲੈ ਕੇ ਜਾਣ ਵੇਲੇ ਤੱਕ ਜਨਰਲ ਸਾਹਿਬ ਦੇ ਸਾਰੇ ਖਾਣੇ ਬਾਹਰ ਹੀ ਸਨ, ਪਰ ਇਹਤਿਆਤ ਵਜੋਂ ਮੈੱਸ ਦੀ ਇੱਕ ਟੁਕੜੀ, ਲੋੜੀਂਦੀ ਰਸਦ, ਵੱਖ ਵੱਖ, ਭਾਂਤ ਭਾਂਤ ਦੀਆਂ ਸ਼ਰਾਬਾਂ ਤੇ ਸਿਗਰਟਾਂ ਨਾਲ ਸਰਕਟ ਹਾਊਸ ਵਿੱਚ ਤੈਨਾਤ ਕਰ ਦਿੱਤੀ ਗਈ ਸੀ। ਵੇਲੇ ਕੁਵੇਲੇ ਦੀ ਭੱਜ-ਨੱਠ ਲਈ ਇੱਕ ਜੀਪ ਤੇ ਇੱਕ ਵੈਨ ਪੱਕੇ ਤੌਰ ‘ਤੇ ਖੜੇ ਕਰ ਦਿੱਤੇ ਗਏ ਸਨ। ਅਰਦਲੀ, ਧੋਬੀ, ਨਾਈ ਤੇ ਸਫ਼ਾਈ ਵਾਲੇ ਦੀਆਂ ਸੇਵਾਵਾਂ ਚਵ੍ਹੀ ਘੰਟੇ ਲਈ ਹਾਜ਼ਰ ਹੋ ਗਈਆਂ ਸਨ। ਗਾਰਦ ਸੈਰੀਮੋਨੀਅਲ ਡਰੈੱਸ ਵਿੱਚ ਤਿਆਰ-ਬਰ-ਤਿਆਰ ਸੀ।
ਲੋੜਾਂ ਦੀ ਪੂਰਤੀ ਖ਼ਾਤਰ ਪਹਿਲਾਂ ਇਕ ਇਕ ਕਰਕੇ ਫ਼ੌਜੀ ਇਕੱਠੇ ਹੋਏ ਸਨ ਤੇ ਫਿਰ ਫੌਜੀਆਂ ਦਾ ਮੇਲਾ ਲੱਗ ਗਿਆ ਸੀ। ਮੇਲੇ ਖ਼ਾਤਰ ਪਹਿਲਾਂ ਇੱਕ ਇੱਕ ਕਰਕੇ ਤੰਬੂ ਲੱਗੇ ਸਨ ਤੇ ਫਿਰ ਤੰਬੂਆਂ ਦਾ ਪਿੰਡ ਵਸ ਗਿਆ ਸੀ।
ਪਾਇਲਟ ਜੀਪ ਤੇ ਸਾਇਰਨ ਦੀ ਹੂਕ ਕੰਨਾਂ ਨੂੰ ਚੀਰਦੀ ਹੋਈ ਸਰਕਟ ਹਾਊਸ ਵਿੱਚ ਦਾਖ਼ਲ ਹੋ ਗਈ। ਜੀਪ ਦੇ ਪਿੱਛੇ ਲਾਲ ਪਲੇਟ 'ਤੇ ਲੱਗੇ ਚਮਕਦੇ ਸਤਾਰਿਆਂ ਵਾਲੀ ਕਾਰ ਦਾ ਝਾਉਲਾ ਪੈਣ ਸਾਰ ਜਿਸਮ ਵੀ ਤਣ ਗਏ ਤੇ ਚਿਹਰੇ ਵੀ। ਸਪੈਸ਼ਲ ਗਾਰਦ ਦੀਆਂ ਅੱਡੀਆਂ ਖੜਕੀਆਂ। ਗਾਰਦ ਕਮਾਂਡਰ ਉੱਚੀ ਆਵਾਜ਼ ਵਿੱਚ ਦਹਾੜਿਆ। ਸਲਾਮੀ ਸ਼ਾਸਤਰ ਲਈ ਰਾਈਫ਼ਲਾਂ ਉੱਪਰ ਉੱਠੀਆਂ ਤੇ ਫਿ਼ਰ ਗਾਰਦ ਦੇ ਸੈਨਿਕਾਂ ਵਾਂਗ ਹੀ ਪਥਰਾ ਗਈਆਂ। ਜਨਰਲ ਸਾਹਿਬ ਦੇ ਨਾਲ ਚੱਲ ਰਹੇ ਅਮਲੇ-ਫੈਲੇ ਨੂੰ ਲੈ ਕੇ ਜੋਂਗਿਆਂ-ਜੀਪਾਂ ਦੀ ਲੰਮੀ ਕਤਾਰ ਅਣਗੌਲੀ ਜਿਹੀ ਸਰਕਟ ਹਾਊਸ ਵਿੱਚ ਦਾਖ਼ਲ ਹੋ ਗਈ।
ਮਿਸਿਜ਼ ਕੁਮਾਰ ਦੇ ਸਿਰ ਪੀੜ ਹੋ ਰਹੀ ਸੀ। ਉਹ ਅੱਖਾਂ ਮੀਟੀ ਲੰਮੀ ਪਈ ਰਹੀ। ਚਹੁੰ ਵਰ੍ਹਿਆਂ ਦਾ ਸੂਫ਼ੀ ਆਪਣਾ ਕਾਇਦਾ ਖੋਹਲ ਕੇ ਪੜ੍ਹਨ ਬੈਠ ਗਿਆ।
‘ਏ ਫ਼ਾਰ ਐਪਲ!……
ਬੀ ਫ਼ਾਰ ਬੁਆਏ!……
ਸੀ ਫ਼ਾਰ……”
ਭਲਕ ਦੇ ਪ੍ਰੋਗਰਾਮ ਵਿੱਚ ਜਿੰਨਾ ਕੁ ਬੱਚਿਆਂ ਦਾ ਹਿੱਸਾ ਸੀ, ਉਸ ਦੀ ਮੁਹਾਰਤ ਕਰਵਾ ਦਿੱਤੀ ਗਈ ਸੀ, ਪਰ ਬੱਚੇ ਤਾਂ ਬੱਚੇ ਹੀ ਹੁੰਦੇ ਨੇ, ਨੇਂ ਜਾਣੀਏਂ ਕੀਤੀ ਕਤਰੀ ਤੇ…… ਮਿਸਿਜ਼ ਕੁਮਾਰ ਨੇ ਪਾਸਾ ਪਰਤਦਿਆਂ ਅੱਖਾਂ ਖੋਹਲ ਲਈਆਂ, “ਸੂਫ਼ੀ ਬੇਟੇ, ਕਲ੍ਹ ਕੋਈ ਗਲਤੀ ਨਾ ਕਰੀਂ।”
“ਸੀ ਫ਼ਾਰ ਕੈਟ।”
“ਕੈਟ ਦਾ ਬੱਚਾ!……ਸੁਣ!” ਉਹ ਖਿਝ ਕੇ ਬੋਲੀ, “ਉੱਥੇ ਹੋਰ ਆਂਟੀਆਂ ਵੀ ਹੋਣਗੀਆਂ, ਪਰ ਤੈਨੂੰ ਵੱਡੀ ਆਂਟੀ ਦਾ ਆਪੇ ਪਤਾ ਲੱਗ ਜਾਊ। ਮੰੈਂ ਵੀ ਦੱਸ ਦਊਂ। ਵੇਖ, ਗੇਮ ਖੇਡਦਿਆਂ ਤੂੰ ਗੁਲਾਬ ਦਾ ਫੁੱਲ ਉਸਨੂੰ ਦੇਣਾ ਹੈ ਜੋ ਸਭ ਤੋਂ ਸੋਹਣਾ ਹੋਊ। ਤੂੰ ਇੱਕ ਵਾਰ ਸਾਰੀਆਂ ਆਂਟੀਆਂ ਵੱਲ ਵੇਖੀਂ ਤੇ ਫਿ਼ਰ ਵੱਡੀ ਆਂਟੀ ਨੂੰ ਗੁਲਾਬ ਦਾ ਫੁੱਲ ਦੇ ਦੇਵੀਂ।”
“ਮਾਮਾ, ਉਹ ਆਂਟੀ ਬਹੁਤ ਸੋਹਣੇ ਨੇ?”
“ਹਾਂ!”
“ਰੱਬ ਨਾਲੋਂ ਵੀ ਜਿ਼ਆਦਾ ਸੋਹਣੇ?”
“ਨਹੀਂ ਸੂਫ਼ੀ, ਰੱਬ ਨਾਲੋਂ ਜਿ਼ਆਦਾ ਸੋਹਣਾ ਤਾਂ ਕੋਈ ਵੀ ਨਹੀਂ ਹੁੰਦਾ।”
“ਪਰ ਮਾਮਾ! ਤੁਸੀਂ ਤਾਂ ਬਹੁਤ ਸੋਹਣੇ ਓਂ…ਰੱਬ ਨਾਲੋਂ ਵੀ ਜਾਦਾ ਸੁਹਣੇ।”
“ਬੱਸ…ਬੱਸ ਬਹੁਤੀਆਂ ਗੱਲਾਂ ਨਾ ਬਣਾ ਹੁਣ। ਕਲ੍ਹ ਜੇ ਕੋਈ ਗ਼ਲਤੀ ਹੋਈ ਤਾਂ ਵੇਖੀਂ ਫੇਰ।”
ਕਰਨਲ ਕੁਮਾਰ ਕੱਪੜੇ ਬਦਲ ਕੇ ਦੋ ਗਲਾਸਾਂ ਵਿੱਚ ਵਿਸਕੀ ਲੈ ਆਇਆ। ਇੱਕ ਗਲਾਸ ਉਸ ਮਿਸਿਜ਼ ਕੁਮਾਰ ਨੂੰ ਫੜਾ ਦਿੱਤਾ।
“ਚੀਅਰਜ਼!” ਇੱਕ ਘੁੱਟ ਭਰ ਕੇ ਉਹ ਨਿਢਾਲ ਜਿਹਾ ਆਰਾਮ ਕੁਰਸੀ ‘ਤੇ ਬੈਠ ਗਿਆ। ਪਿਛਲੇ ਇੱਕ ਮਹੀਨੇ ਤੋਂ ਮੁਆਇਨੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੀ:ਟੀ: ਡਰਿਲ ਤੇ ਹਥਿਆਰ ਸਿਖਲਾਈ ਦੀਆਂ ਵੱਖਰੀਆਂ ਵੱਖਰੀਆਂ ਟੁਕੜੀਆਂ ਨਿੱਤ ਪ੍ਰੈਕਟਿਸ ਕਰਦੀਆਂ ਸਨ। ਹਰ ਰੋਜ਼ ਜਵਾਨ ਤਰਤੀਬ ਨਾਲ ਕਿੱਟ ਲਾਉਂਦੇ ਸਨ। ਸਪੈਸ਼ਲ ਗਾਰਦ ਦੇ ਚੜ੍ਹਨ ਉੱਤਰਨ ਤੇ ਸਲਾਮੀ ਸ਼ਾਸਤਰ ਦੀ ਨਿੱਤ ਦੀ ਮੁਹਾਰਤ ਨੇ ਜਵਾਨਾਂ ਵਿੱਚ ਲੋਹੜੇ ਦੀ ਫੁਰਤੀ ਲੈ ਆਂਦੀ ਸੀ। ਪਲਟਨ ਦੇ ਅਫ਼ਸਰਾਂ ਤੇ ਸਰਦਾਰਾਂ ਦੀ ਜਨਰਲ ਸਾਹਿਬ ਨਾਲ ਜਾਣ-ਪਛਾਣ ਕਰਵਾਉਣ ਦੀ ਕਵਾਇਦ ਉੱਤੇ ਵਿਸ਼ੇਸ਼ ਜੋ਼ਰ ਦਿੱਤਾ ਜਾ ਰਿਹਾ ਸੀ।
ਆਪਣੀ ਜਿ਼ੰਮੇਵਾਰੀ ਦੇ ਇਲਾਕੇ ਵਿੱਚ ਲੜਾਈ ਦੀ ਵਿਉਂਤ ਬਾਰੇ ਕਰਨਲ ਕੁਮਾਰ ਨੇ ਸੈਂਡ ਮਾਡਲ ਰੂਮ ਵਿੱਚ ਆਪਣੇ ਸੈਕਟਰ ਦਾ ਰੇਤ ਦਾ ਮਾਡਲ ਬਣਵਾ ਲਿਆ ਸੀ। ਲੜਾਈ ਦੀ ਸਕੀਮ ਮੁਤਾਬਕ ਇੱਕ ਮੋਰਚਾ ਬਣਾਇਆ ਸੀ। ਉਹਨਾਂ ਮੋਰਚਿਆਂ ਵਿੱਚ ਪਲਾਸਟਿਕ ਦੇ ਸਿਪਾਹੀ ਤੈਨਾਤ ਕਰ ਦਿੱਤੇ ਸਨ। ਦੁਸ਼ਮਣ ਦੇ ਹਮਲੇ ਦੇ ਸਾਰੇ ਕੋਨਾਂ ਨੂੰ ਵਿਚਾਰਿਆ ਸੀ। ਹਮਲੇ ਨੂੰ ਰੋਕਣ ਤੇ ਜਵਾਬੀ ਹਮਲੇ ਲਈ ਸੰਭਵ ਹਰ ਰਾਹ ਤੇ ਤਰੀਕੇ ਘੋਖੇ ਸਨ। ਜਨਰਲ ਸਾਂਗਵਾਨ ਨੂੰ ਇਸ ਦੀ ਵਿਆਖਿਆ ਦੇਣ ਲਈ ਕਰਨਲ ਕੁਮਾਰ ਨੇ ਖ਼ੁਦ ਬਹੁਤ ਵਾਰ ਰੀਹਰਸਲ ਕੀਤੀ ਸੀ।
ਮੁਆਇਨੇ ਦੀ ਤਿਆਰੀ ਦਾ ਕੋਈ ਪੱਖ ਵੀ ਅਣਗੌਲਿਆ ਨਹੀਂ ਸੀ ਰਿਹਾ। ਪਲਟਨ ਵਿੱਚ ਤਾਂ ਗ਼ੁਸਲਖ਼ਾਨਿਆਂ ਦੀਆਂ ਟੂਟੀਆਂ ਦੀ ਵੀ ਪਿਛਲੇ ਇੱਕ ਹਫ਼ਤੇ ਤੋਂ ਪਿੱਤਲ ਪਾਲਸ਼ ਹੋ ਰਹੀ ਸੀ।
ਉਹਦੀ ਆਵਾਜ਼ 'ਤੇ ਬੈਟਮੈਨ ਗਲਾਸ ਵਿੱਚ ਵਿਸਕੀ ਫੜਾ ਗਿਆ। ਉਸ ਦੇ ਜਾਣ ਪਿਛੋਂ ਉਹ ਮੁੜ ਭੂਤ ਦੇ ਪਰਛਾਵੇਂ ਤੇ ਝੂਰਨ ਲੱਗਾ, “ਆਈ ਐਮ ਸੌਰੀ ਡਾਰਲਿੰਗ! ਮੈਂ ਗੌਲਫ ਖੇਡਣੀ ਸਿੱਖ ਲੈਂਦਾ ਤਾਂ ਚੰਗਾ ਹੀ ਸੀ।”
“ਤੁਹਾਨੂੰ ਬਰਿੱਜ ਤਾਂ ਆਉਂਦੀ ਏ।”
“ਬਰਿੱਜ!” ਕਰਨਲ ਕੁਮਾਰ ਹੱਸਿਆ, “ਬਰਿੱਜ ਤਾਂ ਮਾਮੂਲੀ ਗੇਮ ਹੈ। ਬੱਸ ਕਰਨਲ ਤੱਕ ਲੈ ਜਾਂਦੀ ਹੈ, ਪਰ ਗੌਲਫ……ਗੌਲਫ ਮਹਾਨ ਹੈ। ਗੌਲਫ ਆਉਂਦੀ ਹੋਵੇ ਤਾਂ ਮੇਜਰ-ਜਨਰਲ ਤੱਕ ਪ੍ਰਮੋਸ਼ਨ ਹੋ ਸਕਦੀ ਹੈ।”
ਉਹ ਪੁੱਛਣਾ ਚਾਹੁੰਦੀ ਸੀ, “ਪਿਛਲੀ ਲੜਾਈ ਵਿੱਚ ਤੁਹਾਡੇ ਕੀਤੇ ਕਾਰਨਾਮਿਆਂ ਦਾ ਕੀ ਬਣਿਆਂ? ਤੇ ਪਲਟਨ ਨੇ ਜੋ ਬਹਾਦਰੀ ਦੇ ਏਨੇ ਤਗਮੇ ਜਿੱਤੇ ਸਨ, ਉਹਨਾਂ ਦਾ ਕੀ ਅਰਥ ਸੀ?” ਪਰ ਉਹ ਚੁੱਪ ਰਹੀ।
ਅਚਾਨਕ ਬੱਤੀ ਗੁੱਲ ਹੋ ਗਈ।
ਬੈਟਮੈਨ ਮੋਮਬੱਤੀ ਜਗਾ ਕੇ ਰੱਖ ਗਿਆ। ਸੂਫ਼ੀ ਉਰਲੇ ਮੰਜੇ ਤੇ ਖਿਸਕ ਆਇਆ ਤੇ ਨੇੜੇ ਹੋ ਕੇ ਮੋਮਬੱਤੀ ਦੀ ਲਾਟ ਵੱਲ ਵੇਖਣ ਲੱਗ ਪਿਆ। ਮੋਮ ਪਿਘਲ ਕੇ ਮੋਤੀਆਂ ਦੀ ਲੜੀ ਵਾਂਗ ਹੇਠਾਂ ਨੂੰ ਵਗ ਪਈ। ਮੋਮਬੱਤੀ ਦੀ ਰੌਸ਼ਨੀ ਸੂਫ਼ੀ ਦੀਆਂ ਅੱਖਾਂ ਵਿੱਚ ਚਮਕੀ। ਉਹਨੇ ਮਾਂ ਦੀ ਬਾਂਹ ਹਿਲਾਈ, “ਮਾਮਾ, ਜਦੋਂ ਮੋਮਬੱਤੀ ਨੂੰ ਅੱਗ ਲਗਦੀ ਆ ਨਾਂ ਤਾਂ ਮੋਮਬੱਤੀ ਨਿੱਕੀ ਹੋ ਜਾਂਦੀ ਆ।”
“ਹਾਂ।”
“ਜਦੋਂ ਹੋਰ ਅੱਗ ਲੱਗ ਜਾਂਦੀ ਆ ਨਾ ਤਾਂ ਮੋਮਬੱਤੀ ਹੋਰ ਨਿੱਕੀ ਹੋ ਜਾਂਦੀ ਆ।”
“ਹਾਂ।”
“ਤੇ ਜਦੋਂ ਹੋਰ……।”
“ਹਾਂ, ਹਾਂ, ਹੁਣ ਅਗਲੀ ਗੱਲ ਕਰ!”
“…ਤੇ ਜੇ ਅੱਗ ਲੱਗੀ ਹੀ ਰਵੇ ਤਾਂ ਮੋਮਬਤੀ ਮੁੱਕ ਜਾਂਦੀ ਆ?”
ਸੂਫ਼ੀ ਦੀ ਆਖ਼ਰੀ ਗੱਲ ਤੇ ਕਰਨਲ ਕੁਮਾਰ ਕੁਝ ਇਸ ਤਰ੍ਹਾਂ ਉੱਠਿਆ ਜਿਵੇਂ ਮੋਮਬੱਤੀ ਸੱਚਮੁੱਚ ਹੀ ਮੁੱਕ ਗਈ ਹੁੰਦੀ ਹੈ। ਸਰਕਟ ਹਾਊਸ ਦੇ ਹਨੇਰੇ ਲਈ ਉਹਨੂੰ ਮੋਮਬੱਤੀਆਂ ਦਾ ਤਾਂ ਚੇਤਾ ਹੀ ਨਹੀਂ ਸੀ ਰਿਹਾ। ਉਸ ਕਾਹਲੀ ਨਾਲ ਫੋਨ ਕੀਤਾ। ਪਲਟਨ ਦਾ ਐਡਜੂਟੈਂਟ ਦਫ਼ਤਰ ਵਿੱਚ ਬੈਠਾ ਭਲਕ ਲਈ ਕੁਝ ਵੇਰਵੇ ਤਿਆਰ ਕਰ ਰਿਹਾ ਸੀ।
“ਸਰ, ਫਿ਼ਕਰ ਵਾਲੀ ਕੋਈ ਗੱਲ ਨਹੀਂ। ਵੀ:ਆਈ:ਪੀ: ਸੂਇਟ ਵਿੱਚ ਐਮਰਜੈਂਸੀ ਲਾਈਟ ਵੀ ਹੈ।” ਐਡਜੂਟੈਂਟ ਨੇ ਆਪਣੀ ਗੱਲ 'ਤੇ ਜ਼ੋਰ ਦਿੱਤਾ, “ਸਰ, ਜਨਰੇਟਰ ਵੀ ਤਾਂ ਹੈ। ਹੌਲਦਾਰ ਤੇ ਇੱਕ ਜਵਾਨ ਇਸੇ ਕੰਮ ਲਈ ਦਿਤੇ ਹੋਏ ਨੇ। ਹੁਣ ਤੱਕ ਤਾਂ……।”
“ਡੌਂਟ ਆਰਗੂ!” ਉਹਦੀ ਆਵਾਜ਼ ਵਿੱਚ ਖਿਝ ਆ ਗਈ, “ਐਮਰਜੈਂਸੀ ਲਾਈਟ ਕਿੰਨਾ ਕੁ ਚਿਰ ਚੱਲੂ? ਜਨਰੇਟਰ ਦਾ ਕੀ ਪਤੈ, ਵੇਲੇ ਨਾਲ ਕੰਮ ਕਰੇ ਨਾ ਕਰੇ। ਤੂੰ ਮੋਮਬੱਤੀਆਂ ਦਾ ਪੈਕਟ ਤੇ ਪਟਰੋਮੈਕਸ ਲੈ ਕੇ……।”
ਫੋਨ ਬੰਦ ਕਰਕੇ ਉਸ ਵਿਸਕੀ ਦਾ ਲੰਮਾ ਘੁੱਟ ਭਰਿਆ। ਉਸਨੂੰ ਖੁਦ 'ਤੇ ਗੁੱਸਾ ਆ ਰਿਹਾ ਸੀ। ਉਕਾਈ ਵੀ ਹੋਈ ਤਾਂ ਕਿਹੜੀ ਨਿਗੂਣੀ ਗੱਲ 'ਤੇ।
ਸਵੇਰ ਸਾਰ ਹੀ ਸੈਂਡ ਮਾਡਲ ਦੇ ਮੋਰਚਿਆਂ ਵਿੱਚ ਪਲਾਸਟਿਕ ਦੇ ਸਿਪਹਾੀਆਂ ਨੇ ਬੰਦੂਕਾਂ ਤਾਣ ਲਈਆਂ। ਆਉਣ ਵਾਲੇ ਕਲ੍ਹ ਦੀ ਲੜ੍ਹਾਈ ਸੈਂਡ ਮਾਡਲ ਰੂਮ ਦੀਆਂ ਕੁਰਸੀਆਂ ਸਾਹਵੇਂ ਪੱਸਰੀ ਰੇਤ ਉੱਤੇ ਭਖਦੀ ਗਈ। ਬੰਬਾਂ-ਗੋਲਿਆਂ ਨਾਲ ਤਬਾਹ ਹੋ ਰਹੇ ਦੁਸ਼ਮਣ ਦੇ ਟੈਂਕਾਂ ਨੂੰ ਐਡਜੂਟੈਂਟ ਲੰਮੀ ਸੋਟੀ ਨਾਲ ਟੇਢੇ ਕਰਦਾ ਗਿਆ।
“ਅਹਮ!” ਫਰੂਟ ਜੂਸ ਦਾ ਘੁੱਟ ਭਰਦਿਆਂ ਮੇਜਰ ਜਨਰਲ ਸਾਂਗਵਾਨ ਨੇ ਗਲਾ ਸਾਫ਼ ਕੀਤਾ ਅਤੇ ਗਲਾਸ ਤਪਾਈ’ਤੇ ਰੱਖ ਦਿੱਤਾ।
ਮੁਆਇਨਾ ਮਿਥੇ ਅਨੁਸਾਰ ਹੋ ਰਿਹਾ ਸੀ, ਪਰ……।
‘ਪਰ’ ਤੋਂ ਅਗਾਂਹ ਹੋਣੀਆਂ-ਅਣਹੋਣੀਆਂ ਦੀਆਂ ਤਲਵਾਰਾਂ ਲਟਕ ਰਹੀਆਂ ਸਨ।
ਲੇਡੀਜ਼ ਮੀਟ ਵਿੱਚ ਅਫ਼ਸਰ ਇੰਸਟੀਚੀਊਟ ਦੇ ਵੇਟਰ ਟਰੇਆਂ ਲੈ ਕੇ ਇਧਰ ਓਧਰ ਘੁੰਮਣ ਲੱਗ ਪਏ ਸਨ। ਮਿਸਿਜ਼ ਕੁਮਾਰ ਨੇ ਵੀ ਮਿਸਿਜ਼ ਸਾਂਗਵਾਨ ਦਾ ਸਾਥ ਦੇਣ ਦੀ ਖ਼ਾਤਰ ਬੀਅਰ ਦਾ ਗਲਾਸ ਫੜ ਲਿਆ ਸੀ।
ਮਿਸਿਜ਼ ਸਾਂਗਵਾਨ ਦਰਅਸਲ ਫੈਮਲੀਜ਼ ਵੈਲਫੇਅਰ ਸੈਂਟਰ ਦੀ ਮੀਟਿੰਗ ਵਿੱਚ ਬਹੁਤ ਥੱਕ ਗਏ ਸਨ। ਉਹਨਾਂ ਨੇ ਜਵਾਨਾਂ ਦੇ ਪ੍ਰਵਾਰਾਂ ਨੂੰ ਉਹਨਾਂ ਦੀ ਸੁਖਸਾਂਦ ਪੁੱਛੀ ਸੀ। ਉਹਨਾਂ ਨਾਲ ਮੁਸਕਰਾ ਕੇ ਗੱਲਾਂ ਕੀਤੀਆਂ ਸਨ। ਉਹਨਾਂ ਦੀਆਂ ਹੱਥੀਂ ਬਣਾਈਆਂ ਚੀਜ਼ਾਂ ਦੀ ਸਿਫ਼ਤ ਕੀਤੀ ਸੀ। ਤੁਹਫ਼ੇ ਵਜੋਂ ਇੱਕ ਸਵੈਟਰ ਕਬੂਲ ਕੀਤਾ ਸੀ ਤੇ ਸਵੈਟਰ ਦੇ ਨਮੂਨੇ ਨੂੰ ਪਰਖ਼ਦਿਆਂ, ਸਾਰੀਆਂ ਔਰਤਾਂ ਨੂੰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਆਖਿਆ ਸੀ। ਪਲਟਨ ਵੱਲੋਂ ਚਲਾਏ ਜਾ ਰਹੇ ਨਰਸਰੀ ਸਕੂਲ ਵਿੱਚ ਬੱਚਿਆਂ ਕੋਲੋਂ ਫੁੱਲਾਂ ਦੇ ਗੁਲਦਸਤੇ ਕਬੂਲ ਕੀਤੇ ਸਨ, ਬੱਚਿਆਂ ਨੂੰ ਟਾਫ਼ੀਆਂ ਵੰਡੀਆਂ ਸਨ।
ਮਿਸਿਜ਼ ਕੁਮਾਰ ਕੁਝ ਕਾਹਲ ਵਿੱਚ ਸੀ।
ਅਫ਼ਸਰਜ਼ ਇੰਸਟੀਚਿਊਟ ਵਿੱਚ ਬੱਚਿਆਂ ਦੀ ਖੇਡ ਮਿਥੇ ਪਰੋਗਰਾਮ ਦੀ ਆਖ਼ਰੀ ਕੜੀ ਨਹੀਂ ਸੀ। ਹਾਲੇ ਤਾਸ਼ ਦੀ ਲੰਮੀ ਸਭਾ ਬੈਠਣੀ ਸੀ। ਹਾਲੇ ਤਾਂ ਮਿਸਿਜ਼ ਸਾਂਗਵਾਨ ਨੇ ਖ਼ਰੀਦਦਾਰੀ ਲਈ ਬਜ਼ਾਰ ਵੀ ਜਾਣਾ ਸੀ, ਪਰ ਏਨਾ ਵਕਤ ਕਿੱਥੇ ਸੀ? ਵਕਤ ਤਾਂ ਇਸ ਪਲ ਬੱਚਿਆਂ ਨਾਲ ਖੇਡਣ ਵਿੱਚ ਰੁੱਝਿਆ ਹੋਇਆ ਸੀ। ਬੱਚੇ ਵਾਰੀ ਵਾਰੀ ਆਉਂਦੇ ਸਨ। ਇੱਕ ਇੱਕ ਪਰਚੀ ਚੁੱਕਦੇ ਸਨ। ਪਰਚੀ 'ਤੇ ਲਿਖੀ ਹਦਾਇਤ ਕੀਤੀ ਰਿਹਰਸਲ ਮੁਤਾਬਕ ਆਪੋ ਆਪਣਾ ਰੋਲ ਅਦਾ ਕਰਕੇ ਬੈਠ ਜਾਂਦੇ ਸਨ।
“ਸਿੱਮੀ!……ਨਾਚ!”
“ਬੰਟੀ……ਪਾਗਲ ਦੀ ਐਕਟਿੰਗ।”
“ਟੀਨਾ!……।”
ਅਫ਼ਸਰਾਂ ਦੀਆਂ ਬੀਵੀਆਂ ਹੱਸ ਹੱਸ ਦੂਹਰੇ-ਚਹੁਰੇ ਹੋਣ ਦਾ ਅਭਿਨੈ ਕਰਦੀਆਂ ਖੁਬ ਤਾੜੀਆਂ ਮਾਰ ਰਹੀਆਂ ਸਨ।
ਵਾਰੀ ਆਉਣ 'ਤੇ ਸੂਫ਼ੀ ਨੇ ਆਪਣੇ ਨੌਂਗੇ ਵਾਲੀ ਪਰਚੀ ਚੁੱਕੀ-“ਜਿਹੜਾ ਸਾਰਿਆਂ ਤੋਂ ਸੁਹਣਾ ਹੈ ਉਸਨੂੰ ਗੁਲਾਬ ਦਾ ਫੁੱਲ ਦੇ ਦਿਉ।”
ਗੁਲਾਬ ਦਾ ਫੁੱਲ ਹੱਥ ਵਿੱਚ ਫੜ ਕੇ ਸੂਫ਼ੀ ਨੇ ਸ਼ਰਮਾਕਲ ਜਿਹੀ ਨਜ਼ਰ ਨਾਲ ਸਾਰਿਆਂ ਵੱਲ ਵੇਖਿਆ। ਮਿਸਿਜ਼ ਸਾਂਗਵਾਨ ਨੇ ਬੀਅਰ ਦਾ ਗਲਾਸ ਤਪਾਈ 'ਤੇ ਰੱਖ ਦਿੱਤਾ ਤੇ ਸਾੜ੍ਹੀ ਦਾ ਪੱਲਾ ਠੀਕ ਕਰਦਿਆਂ ਮੁਸਕਰਾਈ।
ਸੂਫ਼ੀ ਨੇ ਪਹਿਲਾ ਪੈਰ ਅਗਾਂਹ ਪੁੱਟਿਆ ਤਾਂ ਮਿਸਿਜ਼ ਕੁਮਾਰ ਦੇ ਚਿਹਰੇ ਤੇ ਰੌਂਅ ਫਿ਼ਰ ਗਈ। ਕਰਨਲ ਕੁਮਾਰ ਦੀ ਇਹ ਆਖ਼ਰੀ ਰਪੋਟ ਸੀ ਤੇ ਇਸ ਤੋਂ ਪਿੱਛੋਂ……। ਮਿਸਿਜ਼ ਕੁਮਾਰ ਨੂੰ ਕਾਰ’ਤੇ ਲੱਗੀ ਬ੍ਰਗੇਡੀਅਰ ਦੀ ਸਟਾਰ ਪਲੇਟ ਵੀ ਦਿੱਸੀ ਤੇ ਪਤੀ ਦੇ ਮੋਢਿਆਂ ‘ਤੇ ਚਮਕਦਾ ਬ੍ਰਗੇਡੀਅਰ ਦਾ ਰੈਂਕ ਵੀ।
ਸੂਫ਼ੀ ਇੱਕ ਇੱਕ ਪੈਰ ਅਗਾਂਹ ਧਰਦਾ ਮਿਸਿਜ਼ ਸਾਂਗਵਾਨ ਲਾਗੇ ਪਹੁੰਚ ਗਿਆ। ਮੁਸਕਰਾਹਟ ਮਿਸਿਜ਼ ਸਾਂਗਵਾਨ ਦੀਆਂ ਅੱਖਾਂ 'ਚੋਂ ਵਗ ਕੇ ਬਾਹਰ ਚਿਹਰੇ 'ਤੇ ਪੱਸਰ ਗਈ। ਉਹਦੀਆਂ ਵਰਾਛਾਂ ਅੱਖਾਂ ਵੱਲ ਫੈਲ ਗਈਆਂ। ਸੂਫ਼ੀ ਦਾ ਫੁੱਲ ਵਾਲਾ ਹੱਥ ਇਕ ਪਲ ਝਿਜਕਿਆ। ਉਸ ਮਾਂ ਵੱਲ ਵੇਖਿਆ ਤੇ ਉਹਦੀਆਂ ਅੱਖਾਂ ਦੀ ਘੂਰੀ ਅਣਗੌਲੀ ਕਰ ਕੇ, ਮਿਸਿਜ਼ ਸਾਂਗਵਾਨ ਸਾਹਵੇਂ ਖਲੋਤਿਆਂ ਫੁੱਲ ਵਾਲਾ ਹੱਥ ਮਾਂ ਵੱਲ ਲੰਮਾ ਕਰ ਦਿੱਤਾ।
ਮਿਸਿਜ਼ ਕੁਮਾਰ ਦੇ ਹੱਥ ਵਿੱਚ ਫੁੱਲ ਨੂੰ ਫੜਨ ਜੋਗਾ ਸਾਹ-ਸਤ ਹੀ ਨਾ ਰਿਹਾ। ਹੱਸਦੀਆਂ ਅੱਖਾਂ ਵਿੱਚ ਬਰਫ਼ ਜੰਮ ਗਈ। ਚਿਹਰੇ ਤੇ ਮੁਰਦੇਹਾਣੀ ਦਾ ਲੇਅ ਚੜ੍ਹ ਗਿਆ।
ਮਿਸਿਜ਼ ਸਾਂਗਵਾਨ ਦੇ ਚਿਹਰੇ 'ਤੇ ਗੁੱਸੇ, ਅਪਮਾਨ ਅਤੇ ਸ਼ਰਮਿੰਦਗੀ ਦਾ ਮਿਲਵਾਂ ਪ੍ਰਭਾਵ ਠਹਿਰ ਗਿਆ। ਸਹਿਮੀ ਹੋਈ ਚੁੱਪ ਹੱਸਦੇ ਚਿਹਰਿਆਂ ‘ਤੇ ਪਸਰ ਗਈ।
ਮਿਸਿਜ਼ ਕੁਮਾਰ ਨੇ ਗੁੱਸੇ ਵਿੱਚ ਸੂ਼ਫੀ ਦਾ ਫੁੱਲ ਵਾਲਾ ਹੱਥ ਝਟਕ ਦਿੱਤਾ। ਸੂਫ਼ੀ ਨੇ ਨਿਉਂ ਕੇ ਫੁੱਲ ਮੁੜ ਚੁੱਕ ਲਿਆ ਤੇ ਡਡੋਲਿਕਾ ਹੋ ਕੇ ਫੁੱਲ ਸਮੇਤ ਮਾਂ ਦੀ ਝੋਲੀ ਵਿਚ ਡਿੱਗ ਪਿਆ, “ਮਾਮਾ, ਤੁਸੀਂ ਬਹੁਤ ਸੁਹਣੇਂ ਉਂ……ਰੱਬ ਨਾਲੋਂ ਵੀ ਜਾਦਾ ਸੁਹਣੇ।”
ਮਿਸਿਜ਼ ਕੁਮਾਰ ਦੇ ਵੇਂਹਦਿਆਂ ਵੇਂਹਦਿਆਂ ਸਟਾਰ ਪਲੇਟ ਵਾਲੀ ਕਾਰ ਡੂੰਘੀ ਖੱਡ ਵਿੱਚ ਡਿੱਗ ਪਈ ਸੀ। ਬ੍ਰਗੇਡੀਅਰ ਦੇ ਰੈਂਕ ਵਾਲੀ ਵਰਦੀ ਲੀਰੂੰ ਲੀਰੂੰ ਹੋ ਗਈ ਸੀ, ਪਰ ਆਲੇ-ਭੋਲੇ ਨੂੰ ਇਹਨਾਂ ਗੱਲਾਂ ਦੀ ਹਾਲੇ ਕੁਝ ਸਮਝ ਨਹੀਂ ਸੀ। ਉਹ ਤਾਂ ਬਸ ਏਨਾ ਕੁ ਜਾਣਦਾ ਸੀ ਕਿ ਕੋਈ ਵੀ ਹੋਰ ਉਹਦੀ ਮਾਂ ਤੋਂ ਵੱਧ ਸੋਹਣਾ ਹਰਗਿ਼ਜ਼ ਨਹੀਂ ਸੀ। ਸ਼ਾਇਦ ਉਹ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸੀ ਸਕਿਆ। ਰੋਣ-ਹਾਕੇ ਹੋਏ ਨੇ ਮਾਂ ਦੀ ਗੋਦੀ ਵਿੱਚੋਂ ਸਿਰ ਚੁੱਕਿਆ ਤੇ ਉਹਦੇ ਵੱਲ ਤੱਕਦਿਆਂ ਆਖਿਆ, “ਮਾਮਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਵਾਂ। ਟੈੱਨ ਜ਼ੀਰੋ ਹੰਡਰਡ ਨਾਲੋਂ ਵੀ ਜ਼ਾਦਾ।”
ਸੂਫ਼ੀ ਨੂੰ ਹਾਲੇ ਸੌ ਨਾਲੋਂ ਵੱਧ ਗਿਣਤੀ ਨਹੀਂ ਸੀ ਆਉਂਦੀ, ਨਹੀਂ ਤਾਂ ਉਹ ਏਦੋਂ ਵੀ ਵੱਧ ਪਿਆਰ ਮਾਂ ਨੂੰ ਕਰਦਾ।
ਮਿਸਿਜ਼ ਕੁਮਾਰ ਨੇ ਮਾਸੂਮ ਚਿਹਰੇ ਦੀਆਂ ਨਿਰਛਲ ਅੱਖਾਂ ਵੱਲ ਵੇਖਿਆ। ਉਹਨਾਂ ਅੱਖਾਂ ਵਿੱਚ ਠਹਿਰੀ ਹੋਈ ਨਮੀਂ ਮਮਤਾ ਦੇ ਚਿਹਰੇ ਤੋਂ ਮਿੱਟੀ ਖਰੋਚ ਰਹੀ ਸੀ। ਇਸ ਵਾਰ ਮਿਸਿਜ਼ ਕੁਮਾਰ ਨੂੰ ਲੱਗਾ……ਜਿਹੜਾ ਸ਼ੀਸ਼ ਮਹੱਲ ਹੁਣੇ ਹੁਣੇ ਢਹਿ ਢੇਰੀ ਹੋਇਆ ਸੀ, ਉਸ ਸ਼ੀਸ਼ ਮਹੱਲ ਦੇ ਹੁੰਮਸ ਵਿੱਚ ਮਰ ਰਿਹਾ ਫੁੱਲ੍ਹ ਖੁਲ੍ਹੀ ਹਵਾ ਨਾਲ ਟਹਿਕਿਆ ਸੀ ਤੇ ਉਹਨੇ ਘੂਰਦੀਆਂ ਨਜ਼ਰਾਂ ਦੀ ਹਾਜ਼ਰੀ ਵਿੱਚ ਸਹਿਜ ਭਾਅ ਸੂਫ਼ੀ ਨੂੰ ਆਪਣੇ ਨਾਲ ਘੁੱਟ ਲਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346