Welcome to Seerat.ca

ਰੇਸ਼ਮਾ

 

- ਬਲਵੰਤ ਗਾਰਗੀ

ਅਦੀਬਾਂ ਦੀ ਜੋੜੀ

 

- ਸੁਰਜੀਤ ਪਾਤਰ

ਗੋਰਕੀ ਦੀ ਕਾਲ਼-ਕੋਠੜੀ

 

- ਅਮਰਜੀਤ ਚੰਦਨ

ਵਗਦੀ ਏ ਰਾਵੀ / ਅਨਾਰਕਲੀ ਬਾਜ਼ਾਰ ਵਿਚ

 

- ਵਰਿਆਮ ਸਿੰਘ ਸੰਧੂ

ਯਾਦਾਂ ਦੇ ਬਾਲ ਝਰੋਖੇ 'ਚੋਂ'-2
ਸ਼ੱਕ ਦਾ ਸੇਕ

 

- ਸੁਪਨ ਸੰਧੂ

ਕਹਾਣੀ / ਆਸ

 

- ਕਰਨੈਲ ਸਿੰਘ

ਲੇਖ / ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!

 

- ਰਵੀ ਸਚਦੇਵਾ

ਭਗਤ ਸਿੰਘ ਅਤੇ ਉਸ ਦਾ ਮਜ਼ਾਕੀਆ ਸੁਭਾਅ

 

- ਰਾਜਾ ਰਾਮ ਸ਼ਾਸ਼ਤਰੀ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਇੱਕ ਫੌਲਾਦੀ ਬੰਦੇ ਦੀ ਕਹਾਣੀ

 

- ਡਾ: ਬਲਜਿੰਦਰ ਨਸਰਾਲੀ

ਹੁੰਗਾਰੇ

 

ਯਾਦਾਂ ਦੇ ਬਾਲ ਝਰੋਖੇ 'ਚੋਂ'-2
ਸ਼ੱਕ ਦਾ ਸੇਕ
- ਸੁਪਨ ਸੰਧੂ

 

ਬਲੂ ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਜ਼ਖ਼ਮੀ ਹੋਏ ਦਰਬਾਰ ਸਾਹਿਬ ਅਤੇ ਸ਼ਹੀਦ ਹੋਏ ਅਕਾਲ ਤਖ਼ਤ ਦੀ ਝਾਕੀ ਹਰ ਵੇਲੇ ਮੇਰੇ ਮਨ ਵਿਚ ਬਣੀ ਰਹਿਣੀ।ਮੈਂ ਖਿ਼ਆਲਾਂ ਵਿੱਚ ਦਰਬਾਰ ਸਾਹਿਬ ਬਾਰੇ ਹੀ ਸੋਚੀ ਜਾਣਾ।ਘਰ ਅਤੇ ਬਾਹਰ ਨਿਆਣਿਆਂ ਸਿਆਣਿਆਂ ਵਿਚ ਹਰ ਥਾਂ ਇਹੋ ਹੀ ਤਾਂ ਚਰਚਾ ਹੁੰਦੀ ਰਹਿੰਦੀ ਸੀ। ਇਸ ਘਟਨਾ ਨਾਲ ਪੂਰੇ ਪੰਜਾਬ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ ਸੀ। ਮੈਂ ਪਿਤਾ ਨੂੰ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੇ ਰਹਿਣਾ ਅਤੇ ਉਹਨਾਂ ਨੇ ਮੇਰੀ ਉਸ ਵਕਤ ਦੀ ਬੁੱਧੀ ਦੇ ਹਿਸਾਬ ਨਾਲ ਜਵਾਬ ਦਿੰਦੇ ਰਹਿਣਾ।ਪਿੰਡ ਵਿੱਚ ਸਾਥੀ ਅਤੇ ਵੱਡੇ ਮੁੰਡਿਆਂ ਵਿਚ ਵੀ ਇਸ ਘਟਨਾ ਬਾਰੇ ਹੀ ਚਰਚਾ ਚੱਲਦੀ ਰਹਿਣੀ। ਕਦੀ ਸੁਣਨਾ ਕਿ ਭਿੰਡਰਾਂਵਾਲਾ ਮਰ ਗਿਆ ਅਤੇ ਕਦੇ ਸੁਣਨਾ ਕਿ ਭਿੰਡਰਾਂਵਾਲਾ ਅਜੇ ਜਿ਼ੰਦਾ ਹੈ। ਕਿਸੇ ਨੇ ਕਹਿਣਾ ਕਿ ਉਹ ਪਾਕਿਸਤਾਨ ਚਲਾ ਗਿਆ ਹੈ।ਕਈ ਵਾਰ ਪਾਕਿਸਤਾਨ ਟੈਲੀਵੀਜ਼ਨ ਵਾਲੇ ਸੰਤ ਭਿੰਡਰਾਂ ਵਾਲੇ ਦੀ ਕੋਈ ਪੁਰਾਣੀ ਤਿਆਰ ਕੀਤੀ ਫਿ਼ਲਮ ਵਿਖਾਉਂਦੇ ,ਜਿਸ ਤੋਂ ਇਹ ਪ੍ਰਭਾਵ ਦੇਣ ਦੀ ਕੋਸਿ਼ਸ਼ ਕੀਤੀ ਜਾਂਦੀ ਕਿ ਜਿਵੇਂ ਇਸ ਫਿ਼ਲਮ ਵਿਚ ਭਿੰਡਰਾਂਵਾਲਾ ਬਲੂ ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਆਪਣੇ ਸਾਥੀਆਂ ਨਾਲ ਬੈਠ ਕੇ ਵਿਚਾਰ ਕਰ ਰਿਹਾ ਹੈ।ਹਰ ਪਾਸੇ,ਹਰ ਥਾਂ ਇਹੋ ਹੀ ਤਾਂ ਚਰਚਾ ਚੱਲਦੀ ਰਹਿੰਦੀ ਸੀ। ਮੈਂ ਬਹੁਤ ਹੀ ਧਿਆਨ ਨਾਲ ਸੁਣਦਾ ਰਹਿੰਦਾ ਸੀ।ਅੱਜ ਸੋਚਦਾ ਹਾਂ ਕਿ ਇਹ ਕਿਹੋ ਜਿਹੇ ਦਿਨ ਸਨ ਕਿ ਬੱਚਿਆਂ ਕੋਲੋਂ ਉਹਨਾਂ ਦਾ ਬਚਪਨ ਹੀ ਗਵਾਚ ਗਿਆ ਸੀ।ਅਸੀਂ ਖੇਡਦੇ ਵੀ;ਆਪਸ ਵਿਚ ਲੜਦੇ ਰੁੱਸਦੇ ਵੀ।ਪਰ ਵਿਚੋਂ ਕੋਈ ਗੱਲ ਚੇਤੇ ਆ ਜਾਣ ‘ਤੇ ਇਸ ਮਸਲੇ ਉੱਤੇ ਬਾਲ-ਚਰਚਾ ਛੇੜ ਬਹਿੰਦੇ।ਜੇ ਕਿਤੇ ਘਰੋਂ ਬਾਹਰ ਖੇਡਦੇ ਹੁੰਦੇ ਤਾਂ ਸੂਰਜ ਦੇ ਡੁੱਬਣ ਡੁੱਬਣ ਕਰਦਿਆਂ ਹੀ ਖੇਡ ਸਮੇਟ ਕੇ ਮੇਰੇ ਕਿਸੇ ‘ਹਿੰਦੂ’ਦੋਸਤ ਨੇ ਆਖਣਾ,“ਚੱਲੋ ਚੱਲੀਏ ਘਰ ਨੂੰ।ਫਿਰ ਕਿਧਰੇ ‘ਭਾਊ’ ਨਾ ਆ ਜਾਂਦੇ ਹੋਣ!”
ਸਾਡੇ ਘਰ ਦੇ ਆਸੇ ਪਾਸੇ ਸਾਰੀ ਹਿੰਦੂ ਆਬਾਦੀ ਸੀ।ਮੇਰੇ ਬਹੁਤੇ ਯਾਰ ਦੋਸਤ ਇਹਨਾਂ ਪਰਿਵਾਰਾਂ ਵਿਚੋਂ ਹੀ ਸਨ।ਇਹਨਾਂ ਦਿਨਾਂ ਵਿਚ ਹੀ ਪਿੰਡ ਦੇ ਮੇਲੇ ‘ਤੇ ਸਦਾ ਵਾਂਗ ਨਗਰ ਕੀਰਤਨ(ਜਿਸ ਨੂੰ ਅਸੀਂ ਜਲੂਸ ਕਹਿੰਦੇ ਸਾਂ)ਨਿਕਲਿਆ।ਪਾਲਕੀ ਦੇ ਅੱਗੇ ਸਦਾ ਵਾਂਗ ਪੰਜ ਪਿਆਰੇ ਚੱਲ ਰਹੇ ਸਨ।ਉਹਨਾਂ ਦੇ ਹੱਥਾਂ ਵਿਚ ਨੰਗੀਆਂ ਕਿਰਪਾਨਾਂ ਸਨ।ਅਗਲੇ ਦਿਨ ਮੇਰਾ ਯਾਰ ਅਤੇ ਜਮਾਤੀ ਰਮਨ ਮੈਨੂੰ ਕਹਿਣ ਲੱਗਾ, “ਤੈਨੂੰ ਪਤਾ ਹੈ, ਸਿੱਖ ਇਹ ਕਿਰਪਾਨਾਂ ਸਾਨੂੰ ਹਿੰਦੂਆਂ ਨੂੰ ਵਿਖਾਉਂਦੇ ਸਨ।ਮੇਰਾ ਭਾਪਾ ਰਾਤੀਂ ਘਰ ਵਿਚ ਗੱਲਾਂ ਕਰਦਾ ਸੀ।”
ਇਹ ਗੱਲ ਕਰਦਿਆਂ ਸ਼ਾਇਦ ਉਸ ਨੂੰ ਇਸ ਗੱਲ ਦਾ ਖਿ਼ਆਲ ਨਹੀਂ ਸੀ ਰਿਹਾ ਕਿ ਜਿਸ ਨਾਲ ਉਹ ਇਹ ਗੱਲ ਸਾਂਝੀ ਕਰ ਰਿਹਾ ਹੈ ,ਉਹ ਵੀ ਤਾਂ ਇੱਕ ‘ਸਿੱਖ ਬੱਚਾ’ਹੈ!ਸੱਚੀ ਗੱਲ ਤਾਂ ਇਹ ਸੀ ਕਿ ਮੈਂ ਉਸ ਲਈ ‘ਸਿੱਖ’ ਨਹੀਂ ਸਾਂ ਅਤੇ ਨਾ ਹੀ ਉਹ ਮੇਰੇ ਵਾਸਤੇ ‘ਹਿੰਦੂ’ ਸੀ।ਅਸੀਂ ਤਾਂ ਯਾਰ ਸਾਂ ਇੱਕ ਦੂਜੇ ਦੇ!ਸਾਡੇ ਮਾਪਿਆਂ ਨੇ ਵੀ ਕਦੀ ਸਾਨੂੰ ਇੱਕ ਦੂਜੇ ਦੇ ਘਰ ਜਾਣੋ ਜਾਂ ਖੇਡਣ ਤੋਂ ‘ਹਿੰਦੂ –ਸਿੱਖ’ਹੋਣ ਕਰ ਕੇ ਰੋਕਿਆ ਨਹੀਂ ਸੀ।
ਜਦੋਂ ਉਸਨੇ ‘ਨੰਗੀਆਂ ਕਿਰਪਾਨਾਂ’ਵਾਲੀ ਗੱਲ ਆਖੀ ਤਾਂ ਉਦੋਂ ਮੈਨੂੰ ਉਸਦੀ ਇਹ ਗੱਲ ਸੱਚੀ ਵੀ ਲੱਗੀ ਸੀ।ਅੱਜ ਵਿਚਾਰ ਕਰਦਾ ਹਾਂ ਕਿ ਹੋ ਸਕਦਾ ਹੈ ਕਿ ਸਿੱਖ ਉਦੋਂ ਹੋਰ ‘ਕੁਝ ਨਾ ਕਰ ਸਕਣ ਕਰ ਕੇ’ ਬੇਵੱਸੀ ਦੀ ਹਾਲਤ ਵਿਚ ਨੰਗੀਆਂ ਕਿਰਪਾਨਾਂ ਰਾਹੀਂ ਹੀ ਆਪਣਾ ਰੋਹ ਦਰਸਾ ਰਹੇ ਹੋਣ।ਉਂਜ ਮੈਂ ਪਿੱਛੋਂ ਵੀ ਵੇਖਦਾ ਰਿਹਾਂ ਕਿ ਇਹਨਾਂ ਜਲੂਸਾਂ ਵਿਚ ਪੰਜਾਂ ਪਿਆਰਿਆਂ ਦੇ ਹੱਥਾਂ ਵਿਚ ਕਈ ਵਾਰ ਨੰਗੀਆਂ ਕਿਰਪਾਨਾਂ ਫੜੀਆਂ ਹੁੰਦੀਆਂ ਸਨ ਅਤੇ ਇਹ ਹਰ ਵਾਰ ਦਾ ਪੱਕਾ ਅਮਲ ਹੀ ਸੀ।ਅਸਲ ਵਿਚ ਰਮਨ ਦੇ ਪਿਤਾ ਦੇ ਬੋਲਾਂ ਵਿਚੋਂ ਇਸ ਗੱਲ ਦੀ ਸੂਚਨਾ ਮਿਲਦੀ ਸੀ ਕਿ ਦੋਹਾਂ ਫਿਰਕਿਆਂ ਵਿਚ ਇਕ ਤਰ੍ਹਾਂ ਦੀ ਬੇਵਿਸ਼ਵਾਸੀ ਅਤੇ ਦੂਰੀ ਵਧ ਰਹੀ ਸੀ।ਪਰ ਅਸੀਂ ਬੱਚੇ ਇਸ ਭਾਵਨਾ ਤੋਂ ਮੁਕਤ ਸਾਂ।ਸਾਡੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਅਸੀਂ ਰਲ ਕੇ ਖੇਡਦੇ।ਕਦੀ ਮੇਰੀ ਮਾਂ ਮੈਨੂੰ ਕੋਈ ਚੀਜ਼ ਖਾਣ ਨੂੰ ਦਿੰਦੀ ਤਾਂ ਮੇਰੇ ਸਾਥੀਆਂ ਨੂੰ ਵੀ ਉਸ ਵਿਚੋਂ ਹਿੱਸਾ ਮਿਲਦਾ।ਮੇਰੇ ਸਾਥੀਆਂ ਦੀਆਂ ਮਾਵਾਂ ਵੀ ਮੈਨੂੰ ਪਿਆਰ ਕਰਦੀਆਂ ਅਤੇ ਜਦੋਂ ਵੀ ਮੈਂ ਉਹਨਾਂ ਦੇ ਘਰ ਜਾਂਦਾ ਤਾਂ ਮੈਨੂੰ ਉਹ ਸਦਾ ਹੀ ਲਾਡ ਪਿਆਰ ਨਾਲ ਬੁਲਾਉਂਦੀਆਂ।
ਇੱਕ ਦਿਨ ਮੇਰੇ ਇੱਕ ਹਿੰਦੂ ਦੋਸਤ ਨਾਲ ,ਜਿਸਦਾ ਪਿਉ ਇੱਕ ਆੜ੍ਹਤੀਆ ਸੀ, ਇੱਕ ਜੱਟ ਰਾਤ ਨੂੰ ਲੜ ਪਿਆ।ਅਗਲੇ ਦਿਨ ਜਦੋਂ ਅਸੀਂ ਖੇਡ ਰਹੇ ਸਾਂ ਤਾਂ ਮੇਰੀ ਮਾਂ ਨੇ ਉਸ ਨੂੰ ਪੁੱਛਿਆ, “ਵੇ ਨ੍ਹੋਨਿਆਂ!ਰਾਤੀਂ ਕੀ ਗੱਲ ਹੋਈ ਸੀ!”
ਨ੍ਹੋਨਾਂ ਦੱਸਣ ਲੱਗਾ,“ ਆਂਟੀ ਉਹਦੇ ਕੋਲੋਂ ਪੈਸੇ ਲੈਣੇ ਸੀ ਅਸਾਂ।ਡੈਡੀ ਨੇ ਪੁੱਛਿਆ ਤਾਂ ਅੱਗੋਂ ਲੜ ਪਿਆ।ਆਖੇ ਹੁਣ ਨਹੀਂ ਮਿਲਦੇ ਪੈਸੇ।ਆਪਣੀ ਜਾਨ ਬਚਾਓ!ਡੈਡੀ ਕਹਿੰਦਾ ਸੀ; ਇਹਦਾ ਪਿਓ ਵੀ ਦਊ ਪੈਸੇ,ਜਦੋਂ ਪੁਲਿਸ ਤੋਂ ਛਿੱਤਰ ਪਏ!ਆਂਟੀ ਰਾਤੀਂ ਸੀ ਆਰ ਪੀ ਵਾਲੇ ਉਦੋਂ ਪਹਿਰੇ ‘ਤੇ ਨਹੀਂ ਸਨ ;ਨਹੀਂ ਤਾਂ ਉਦੋਂ ਹੀ ਉਹਨੂੰ ਪਤਾ ਲੱਗ ਜਾਣਾ ਸੀ!”
ਉਹਨਾਂ ਵਾਰਤਾਲਾਪਾਂ ਦਾ ਹੁਣ ਵਿਸ਼ਲੇਸ਼ਣ ਕਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਉਸ ਜੱਟ ਨੂੰ ਪੰਜਾਬ ਵਿਚ ਕੁਝ ਉਹਦੇ ਹੱਕ ਵਿਚ ਵਾਪਰਣ ਵਾਲਾ ਲੱਗਦਾ ਸੀ ਅਤੇ ਨ੍ਹੋਨੇ ਹੁਰਾਂ ਨੂੰ ਪੁਲਿਸ ਅਤੇ ਸੀ ਆਰ ਪੀ ਉੱਤੇ ਮਾਣ ਸੀ।







ਸਾਡੇ ਘਰ ਦੇ ਐਨ ਸਾਹਮਣੇ ਰਹਿਣ ਵਾਲੇ ਰਾਮੇ ਅਤੇ ਮੰਗੇ ਹੁਰਾਂ ਦਾ ਵੀ ਆਪਣੇ ਗਾਹਕਾਂ ਨਾਲ ਪੈਸੇ ਦੇ ਲੈਣ ਦੇਣ ਤੋਂ ਝਗੜਾ ਹੁੰਦਾ ਰਹਿੰਦਾ ਸੀ।ਉਹ ਜੱਟਾਂ ਦੀ ਫ਼ਸਲ ਖ਼ਰੀਦ ਕੇ ਛੇਤੀ ਪੈਸੇ ਨਹੀਂ ਸਨ ਦਿੰਦੇ।ਬਲੂ ਸਟਾਰ ਆਪ੍ਰੇਸ਼ਨ ਦੇ ਦਿਨੀਂ ਰਾਤੀਂ ਕੋਈ ਉਹਨਾਂ ਦੀ ਦੁਕਾਨ ਨੂੰ ਅੱਗ ਲਾਉਣ ਲੱਗਾ ਸੀ।ਪਰ ਚੰਗੀ ਕਿਸਮਤ ਨੂੰ ਚੁਗਾਠ ਨੂੰ ਹੀ ਮਾੜਾ ਜਿਹਾ ਸੇਕ ਲੱਗਾ ਸੀ।ਦੁਕਾਨ ਸੜਨੋਂ ਬਚ ਗਈ ਸੀ।ਇੱਕ ਦਿਨ ਰਾਮਾ ਆਪਣੇ ਘਰ ਵਿਚ ਉੱਚੀ ਬੋਲ ਰਿਹਾ ਸੀ, “ਇਹ ਜੱਟ ਸਾਨੂੰ ਡਰਾਉਂਦੇ ਨੇ।ਇੰਜ ਅਸੀਂ ਨਹੀਂ ਡਰਦੇ।”
ਮੇਰੇ ਪਿਤਾ ਨੇ ਹੱਸ ਕੇ ਮੇਰੀ ਮਾਂ ਨੂੰ ਕਿਹਾ, “ਰਾਮਾ ਕਿਤੇ ਇਹ ਗੱਲ ਮੈਨੂੰ ਤਾਂ ਨਹੀਂ ਸੁਣਾ ਰਿਹਾ?”
ਜਿੰਨ੍ਹਾਂ ਦਿਨਾਂ ਵਿਚ ਬਲੂ ਸਟਾਰ ਆਪ੍ਰੇਸ਼ਨ ਚੱਲ ਰਿਹਾ ਸੀ ਕਰਫਿ਼ਊ ਨੇ ਸਾਰੇ ਲੋਕ ਘਰਾਂ ਵਿਚ ਤਾੜ ਦਿੱਤੇ ਸਨ।ਲੋਕ ਘਰੋ ਘਰੀ ਰੇਡੀਓ ਅਤੇ ਟੀ ਵੀ ਤੋਂ ਖ਼ਬਰਾਂ ਸੁਣਦੇ।ਸਾਡੇ ਹਿੰਦੂ ਗਵਾਂਢੀਆਂ ਨੇ ਵੀ ਤਾਂ ਭਿੰਡਰਾਂਵਾਲੇ ਦਾ ‘ਪ੍ਰਵਚਨ’ਸੁਣ ਰੱਖਿਆ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਏਧਰ ਨਾ ਆਇਓ;ਆਪੋ ਆਪਣੇ ਪਿੰਡਾਂ ਵਿਚ ‘ਆਪਣਾ ਕੰਮ’ ਸਾਂਭ ਲਿਓ।ਸਿੱਖਾਂ ਅਤੇ ਹਿੰਦੂਆਂ ਦੋਹਾਂ ਵਿਚ ਹੀ ਇਹ ਬੜੇ ਹੀ ਦਹਿਸ਼ਤ ਅਤੇ ਤਣਾਓ ਦੇ ਦਿਨ ਸਨ।ਸਾਡੇ ਘਰ ਦੇ ਵਿਹੜੇ ਦੇ ਸਾਹਮਣੇ ਰਾਮੇ ਹੁਰਾਂ ਦਾ ਚੁਬਾਰਾ ਸੀ।ਚੁਬਾਰੇ ਸਾਹਮਣੇ ਬਰਾਂਡੇ ਵਿਚ ਖਲੋ ਕੇ ਰਾਮੇਂ ਤੋਂ ਵੱਡੇ ਫੌਜੀ ਦੀ ਘਰਵਾਲੀ ਘਬਰਾਈ ਹੋਈ ਇੱਧਰ ਉੱਧਰ ਚੱਕਰ ਕੱਟ ਰਹੀ ਸੀ।ਉਧਰ ਦਰਬਾਰ ਸਾਹਿਬ ਵਿਚ ਤੋਪਾਂ ਦੇ ਗੋਲੇ ਗੜਗੜਾਹਟ ਪਾ ਰਹੇ ਸਨ ਅਤੇ ਏਧਰ ਫੌਜੀ ਦੀ ਘਰਵਾਲੀ ਮੇਰੀ ਮਾਂ ਨੂੰ ਕਹਿ ਰਹੀ ਸੀ,“ਕੀ ਭਾਣਾ ਵਾਪਰ ਗਿਆ ਭੈਣ ਜੀ!ਹੁਣ ਕੀ ਬਣੂੰ?ਭੈਣ ਜੀ ਕੋਈ ਐਸੀ ਵੈਸੀ ਗੱਲ ਤਾਂ ਨਾ ਹੋਊ ਆਪਣੇ ਪਿੰਡ?ਘਰ ਦੇ ਸਾਰੇ ਜੀਅ ਡਰਦੇ ਨੇ।ਮੈਂ ਇਹਨਾਂ ਨੂੰ ਆਖਿਆ,ਕਿਉਂ ਡਰਦੇ ਓ।ਰੂਪ ਅਤੇ ਸੁਪਨ ਦੇ ਡੈਡੀ ਦੇ ਹੁੰਦਿਆਂ ਸਾਨੂੰ ਕਾਹਦਾ ਡਰ!ਉਹ ਜਿੰਨਾਂ ਚਿਰ ਬੈਠੇ ਨੇ ਸਾਨੂੰ ਕੋਈ ਕੁਝ ਨਹੀਂ ਆਖ ਸਕਦਾ।ਜੇ ਕੋਈ ਗੱਲ ਹੋਈ ਤਾਂ ਆਪੇ ਬਚਾ ਲੈਣਗੇ!”
ਮੇਰੀ ਮਾਂ ਨੇ ਉਸ ਨੂੰ ਹੌਂਸਲਾ ਦਿੰਦਿਆਂ ਕਿਹਾ, “ਭੈਣ ਜੀ ਫਿ਼ਕਰ ਨਾ ਕਰੋ।ਕੁਝ ਨ੍ਹੀਂ ਹੁੰਦਾ।ਅਸੀਂ ਬੈਠੇ ਆਂ ਏਥੇ।ਤੁਹਾਨੂੰ ਕੋਈ ਕੁਝ ਕਿਉਂ ਆਖੂ!”
ਉਸਤੋਂ ਬਾਅਦ ਜਦ ਵੀ ਉਸ ਨੇ ਸਾਹਮਣੇ ਹੋਣਾ ਤਾਂ ਮੇਰੀ ਮਾਂ ਨਾਲ ਗੱਲਾਂ ਕਰਦਿਆਂ ਆਖਣਾ, “ਆਪੇ ਤੁਸੀਂ ਹੀ ਬਚਾਉਣਾ ਹੈ।ਵੇਖ ਲੌ ਭੈਣ ਜੀ ,ਜੇ ਕੋਈ ਅਭੀ ਨਭੀ ਹੋਈ ਤਾਂ!”
ਜਿਸ ਦਿਨ ਰੇਡੀਓ ਤੋਂ ਇਹ ਖ਼ਬਰ ਆ ਗਈ ਕਿ ਫ਼ੌਜ ਨੇ ਦਰਬਾਰ ਸਾਹਿਬ ਪਰਿਸਰ ‘ਤੇ ਕਬਜ਼ਾ ਕਰ ਲਿਆ ਹੈ ਅਤੇ ਸੰਤ ਭਿੰਡਰਾਂ ਵਾਲੇ,ਜਨਰਲ ਸ਼ਬੇਗ ਸਿੰਘ ਅਤੇ ਭਾਈ ਮਨਜੀਤ ਸਿੰਘ ਦੇ ‘ਸ਼ਵ’ਮਿਲ ਗਏ ਹਨ ਤਾਂ ਫੌਜੀ ਦੀ ਪਤਨੀ ਸਾਹਮਣੇ ਚੁਬਾਰੇ ਦੇ ਬਰਾਂਡੇ ਵਿਚ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਜਿਵੇਂ ਸਾਡੇ ਟੱਬਰ ਨੂੰ ਸੁਣਾ ਰਹੀ ਸੀ, “ਸਭ ਨੂੰ ਉਹ ਭਗਵਾਨ ਬਚਾਉਣ ਵਾਲਾ।ਬੰਦੇ ਨੇ ਬੰਦੇ ਨੂੰ ਕੀ ਬਚਾਉਣੈ!ਉਹੋ ਭਗਵਾਨ ਸਭ ਦਾ ਰਖ਼ਵਾਲਾ ਹੈ!”
ਮੇਰੇ ਮਾਤਾ-ਪਿਤਾ ਅਤੇ ਅਸੀਂ ਸਾਰੇ ਭੈਣ ਭਰਾ ਉਸਦੀ ਇਸ ਗੱਲ ਨੂੰ ਯਾਦ ਕਰ ਕੇ ਅੱਜ ਤੱਕ ਵੀ ਕਦੀ ਕਦੀ ਹੱਸਦੇ ਹਾਂ।ਉਸਦੀ ਸਾਡੇ ਪਰਿਵਾਰ ਤੋਂ ਸੁਰੱਖਿਆ ਦੀ ਆਸ ਵਿਚ ਵੀ ਕਿਧਰੇ ਬੇਵਿਸ਼ਵਾਸੀ ਦੀ ਗੰਧ ਆ ਰਹੀ ਸੀ।
ਹੌਲੀ ਹੌਲੀ ਇਹ ਬੇਵਿਸ਼ਵਾਸੀ ਬਾਲ- ਮਨਾਂ ਵਿਚ ਵੀ ਪ੍ਰਵੇਸ਼ ਕਰ ਰਹੀ ਸੀ।ਸਕੂਲਾਂ ਵਿਚ ਹਿੰਦੂ ਸਿੱਖ ਬੱਚੇ ਵੱਖਰੇ ਵੱਖਰੇ ਤੱਪੜਾਂ ‘ਤੇ ਬੈਠਣ ਲੱਗੇ। ‘ਸਿੱਖ’ ਬੱਚਿਆਂ ਦੇ ਬੋਲਾਂ ਵਿਚ ਖ਼ਾਲਿਸਤਾਨ ਦਾ ਜਿ਼ਕਰ ਹੋਣ ਲੱਗਾ ਅਤੇ ਉਹ ਅਧਿਆਪਕ ਦੇ ਜਮਾਤ ਵਿਚ ਆਉਣ ਤੋਂ ਪਹਿਲਾਂ ਬਲੈਕ ਬੋਰਡ ਉੱਤੇ , ‘ਖ਼ਾਲਿਸਤਾਨ-ਜਿ਼ੰਦਾਬਾਦ’ਅਤੇ ‘ਖ਼ਾਲਿਸਤਾਨ ਕਮਾਂਡੋ ਫੋਰਸ-ਜਿ਼ੰਦਾਬਾਦ’ ਦੇ ਨਾਅ੍ਹਰੇ ਲਿਖ ਛੱਡਦੇ।ਕਿਸੇ ਅਧਿਆਪਕ ਦੀ ਉਹਨਾਂ ਨੂੰ ਰੋਕਣ ਵਰਜਣ ਦੀ ਹਿੰਮਤ ਨਾ ਹੁੰਦੀ।ਹਿੰਦੂ ਬੱਚੇ ਖਾ਼ਮੋਸ਼ ਅਤੇ ਦੱਬੇ ਦੱਬੇ ਰਹਿਣ ਲੱਗੇ।
ਇਸ ਬੇਵਿਸ਼ਵਾਸੀ ਦਾ ਰੰਗ ਉਦੋਂ ਹੋਰ ਵੀ ਗੂੜ੍ਹਾ ਹੋ ਗਿਆ ਜਦੋਂ ਇੱਕ ਦਿਨ ਸ਼ਾਮ ਵੇਲੇ ਕੁਝ ਹਥਿਆਰਬੰਦ ਬੰਦੇ ਪਿੰਡ ਦੇ ਬਾਜ਼ਾਰ ਵਿਚ ਗੋਲੀਆਂ ਚਲਾ ਕੇ ਇਕ ਜਣੇ ਨੂੰ ਕਤਲ ਕਰ ਗਏ ਅਤੇ ਹੋਰ ਚੌਦਾਂ ਜਣਿਆਂ ਨੂੰ ਜ਼ਖ਼ਮੀ ਕਰ ਗਏ।ਸਾਡਾ ਘਰ ਤਾਂ ਬਾਜ਼ਾਰ ਵਿਚ ਹੀ ਸੀ ਅਤੇ ਗੋਲੀ ਚੱਲਣੀ ਵੀ ਸਾਡੇ ਘਰ ਦੇ ਕੋਲੋਂ ਹੀ ਸ਼ੁਰੂ ਹੋਈ ਸੀ।ਸਾਡਾ ਸਾਹਮਣਾ ਗਵਾਂਢੀ ‘ਮੰਗਾ’ ਮਰ ਗਿਆ ਸੀ।
ਮੇਰੇ ਪਿਤਾ ਘਰੋਂ ਬਾਹਰ ਗਏ।ਸਾਡੇ ਘਰ ਦੇ ਬਿਲਕੁਲ ਨਾਲ ਡਾਕਟਰ ‘ਲਾਲ’ ਦੀ ਦੁਕਾਨ ਸੀ। ਉਸਦੇ ਮੂੰਹ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਉਹ ਬੁਰੀ ਤਰ੍ਹਾਂ ਤੜਫਦਾ ਪਿਆ ਸੀ। ਥੋੜ੍ਹੀ ਹੋਰ ਦੂਰ ਸਾਡੇ ਘਰ ਦੀ ਸਾਹਮਣੀ ਹਲਵਾਈਆਂ ਦੀ ਦੁਕਾਨ ਸਾਹਮਣੇ ‘ ਮੰਗਾ’ ਨਾਲੀ ਵਿੱਚ ਮੂਧੇ ਮੂੰਹ ਪਿਆ ਸੀ। ਡੈਡੀ ਨੇ ਉਸ ਨੂੰ ਹਿਲਾ ਕੇ ਵੇਖਿਆ। ਉਸ ਨੇ ਕੋਈ ਹਿੱਲ-ਜੁੱਲ ਨਾ ਕੀਤੀ।ਉਹ ਮਰ ਚੁੱਕਾ ਸੀ।ਮੇਰੇ ਪਿਤਾ ਫਿ਼ਰ ਦੌੜ ਕੇ ਤੜਫ਼ਦੇ ਲਾਲ ਕੋਲ ਆਏ। ਉਹ ਉਸਨੂੰ ਹਸਪਤਾਲ ਪਹੁੰਚਾਉਣ ਲਈ ਬੰਦੇ ਲੱਭਣ ਲਈ ਅੱਗੇ ਬਾਜ਼ਾਰ ਵੱਲ ਚੱਲ ਪਏ, ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਬਾਜ਼ਾਰ ਵਿੱਚ ਹੋਰ ਹਿੰਦੂਆਂ ਉੱਪਰ ਵੀ ਗੋਲੀਆਂ ਚੱਲਦੀਆਂ ਰਹੀਆਂ ਸਨ।ਉਹ ਹੋਰਨਾਂ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਅਤੇ ਦਰਦ ਨਾਲ ਤੜਫ਼ਦੇ ਲੋਕਾਂ ਨੂੰ ਹਸਪਤਾਲ ਪਹੁੰਚਾ ਕੇ ਆਏ। ਉਹ ਰਾਤ ਬਹੁਤ ਭਿਅੰਕਰ ਸੀ। ਮੈਂ ਤਾਂ ਬੱਚਾ ਹੋਣ ਕਰਕੇ ਸੌਂ ਗਿਆ ਸੀ, ਪਰ ਡਾਕਟਰ ਲਾਲ ਦੇ ਪਰਿਵਾਰਕ ਮੈਂਬਰ ਸਾਡੇ ਘਰ ਸਾਰੀ ਰਾਤ ਫਿ਼ਕਰਮੰਦ ਬੈਠੇ ਰਹੇ। ਡੈਡੀ ਰਾਤ ਨੂੰ ਜ਼ਖ਼ਮੀਆਂ ਦਾ ਖਿ਼ਆਲ ਰੱਖਣ ਲਈ ਹਸਪਤਾਲ ਵਿੱਚ ਹੀ ਠਹਿਰ ਗਏ ਸਨ।
ਕੁਝ ਦਿਨਾਂ ਬਾਅਦ ਰਾਤ ਨੂੰ ਪੁਲਿਸ ਸਾਡੇ ਘਰ ਦੀਆਂ ਕੰਧਾਂ ਟੱਪ ਕੇ ਆਈ ਅਤੇ ਮੇਰੇ ਪਿਤਾ ਨੂੰ ਸਾਡੇ ਵੇਖਦਿਆਂ ਫੜ੍ਹ ਕੇ ਲੈ ਗਈ ਅਤੇ ਇਸ ਗੋਲੀਬਾਰੀ ਵਾਲਾ ਕੇਸ ਉਹਨਾਂ ਉੱਤੇ ਪਾ ਦਿੱਤਾ। ਪੁਲਿਸ ਨੇ ਕਿਹਾ ਕਿ ਇਹ ਹੁਣ ਮੇਰੇ ਪਿਤਾ ਨੇ ਆਪ ਸਾਬਤ ਕਰਨਾ ਹੈ ਕਿ ਉਸ ਨੇ ਇਹ ਗੋਲੀ ਨਹੀਂ ਚਲਾਈ।ਜਦੋਂ ਮੇਰੀ ਮਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਬਹੁਤ ਰੋਈ ਤੜਫ਼ੀ।ਅਸੀਂ ਬੱਚਿਆਂ ਨੇ ਤਾਂ ਡਰਨਾ ਸਹਿਮਣਾ ਹੀ ਸੀ।

ਅਗਲੇ ਦਿਨ ਪਿੰਡ ਅਤੇ ਇਲਾਕੇ ਦੇ ਲੋਕ ਮੇਰੇ ਪਿਤਾ ਦੇ ਪਿੱਛੇ ਗਏ।ਮੇਰੇ ਪਿਤਾ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਾਉਂਦੇ ਸਨ।ਸਕੂਲ ਵਿਚ ਛੁੱਟੀ ਹੋ ਗਈ ਅਤੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਥਾਣੇ ਪਹੁੰਚ ਗਏ।ਸਾਨੂੰ ਭੈਣ ਭਰਾਵਾਂ ਨੂੰ ਵੀ ਸਾਡੇ ਅਧਿਆਪਕ ਨਾਲ ਲੈ ਕੇ ਗਏ।ਮੇਰੇ ਪਿਤਾ ਨੂੰ ਹਵਾਲਾਤ ਦੀਆਂ ਸੀਖਾਂ ਪਿੱਛੋਂ ਬਾਹਰ ਕੱਢਿਆ।ਉਹਨਾਂ ਦੀ ਪੱਗ ਢੱਠੀ ਹੋਈ ਸੀ।ਉਹਨਾਂ ਸਾਨੂੰ ਪਿਆਰ ਕੀਤਾ ਅਤੇ ਹੌਂਸਲਾ ਰੱਖਣ ਲਈ ਕਿਹਾ।ਮੇਰੇ ਪਿਤਾ ਤੋਂ ਪਿੱਛੋਂ ਪਿੰਡ ਦੇ ਹੋਰ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਵੀ ਫੜਿਆ ਗਿਆ।ਥਾਣੇਦਾਰ ਕਹਿੰਦਾ ਸੀ ਕਿ ਤੁਹਾਡੇ ਪਿੰਡ ਦੇ ਹਿੰਦੂਆਂ ਨੇ ਹੀ ਤੁਹਾਡੇ ‘ਤੇ ਸ਼ੱਕ ਕਰ ਕੇ ਤੁਹਾਡਾ ਨਾਂ ਲਿਖਵਾਇਆ ਹੈ।
ਕੁਝ ਦਿਨਾਂ ਬਾਅਦ ਮੇਰੇ ਪਿਤਾ ਨੂੰ ਅਤੇ ਹੋਰ ਲੋਕਾਂ ਨੂੰ ਵੀ ਲੋਕਾਂ ਦੇ ਭਾਰੀ ਦਬਾਅ ਕਾਰਨ ਛੱਡ ਤਾਂ ਦਿੱਤਾ ਗਿਆ ਪਰ ਸਾਡੇ ਮਨਾਂ ਵਿਚ ਇਹ ਸ਼ੱਕ ਅਤੇ ਗਿਲਾ ਬੈਠ ਗਿਆ ਕਿ ਭਾਵੇਂ ਸਾਡੇ ਬਹੁਤੇ ਗਵਾਂਢੀ ਤਾਂ ਸਾਨੂੰ ਪਿਆਰ ਹੀ ਕਰਨ ਵਾਲੇ ਹਨ ਪਰ ਕੋਈ ਤਾਂ ਇਹੋ ਜਿਹੇ ਬੰਦੇ ਸਨ ਜਿੰਨ੍ਹਾਂ ਦੇ ਮਨ ਵਿਚ ਮੇਰੇ ਪਿਤਾ ਜਾਂ ਸਾਡੇ ਪਿੰਡ ਦੇ ਹੋਰ ‘ੱਿਸਖ’ ਲੋਕਾਂ ਬਾਰੇ ਸ਼ੱਕ ਸੀ।
ਦੋ ਧਿਰਾਂ ਵਿਚਾਲੇ ਇਸ ਸ਼ੱਕ ਕਾਰਨ ਸਾਰੇ ਪੰਜਾਬ ਨਾਲ ਸਾਡਾ ਪਿੰਡ ਵੀ ਆਉਣ ਵਾਲੇ ਅਗਲੇ ਸਾਲਾਂ ਵਿਚ ਇੱਕ ਦੁਖਦਾਈ ਘਟਨਾ-ਚੱਕਰ ਦਾ ਸਿ਼ਕਾਰ ਬਣਿਆਂ ਰਿਹਾ।ਸਾਡੇ ਪਿੰਡ ਨੂੰ ਇਸ ਪੀੜ ਦਾ ਸੇਕ ਬਾਕੀ ਪੰਜਾਬ ਨਾਲੋਂ ਕੁਝ ਵਧੇਰੇ ਹੀ ਸਹਿਣਾ ਪਿਆ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346