Welcome to Seerat.ca
Welcome to Seerat.ca

ਨਾਵਲ ਅੰਸ਼ / ਮਹਾਂਰਾਜਾ ਪਿੰਡ ਵਾਸੀ

 

- ਹਰਜੀਤ ਅਟਵਾਲ

ਮੇਰੀ ਸਾਹਿਤਕ ਸਵੈ-ਜੀਵਨੀ

 

- ਸਵਰਨ ਚੰਦਨ

ਬਾਬਾ ਭਗਤ ਸਿੰਘ ਬਿਲਗਾ ਨਾਲ ਮੁਲਾਕਾਤ, ਕਾ: ਬਚਨ ਸਿੰਘ ਘੋਲੀਆ ਦੀ

 

- ਸੁਦਾਗਰ ਬਰਾੜ ਲੰਡੇ

ਪੈਂਦੇ ਖਾਨ! ਪੜ੍ਹ ਕਲਮਾ ਨਬੀ ਰਸੂਲ

 

- ਗੱਜਣਵਾਲਾ ਸੁਖਮਿੰਦਰ ਸਿੰਘ

ਤਿਤਲੀ

 

- ਬਰਜਿੰਦਰ ਗੁਲਾਟੀ

ਔਰਤ ਨੂੰ ਆਦਮੀ ਆਪਣੀ ਮਰਜ਼ੀ ਨਾਲ ਵਰਤਦਾ ਆਇਆ ਹੈ

 

- ਗੁਲਸ਼ਨ ਦਿਆਲ

ਸਾਹਿਤਕ ਸਵੈਜੀਵਨੀ / ਹੱਡੀਂ ਹੰਢਾਏ ਅਨੁਭਵ ਦੀ ਕਹਾਣੀ

 

- ਵਰਿਆਮ ਸਿੰਘ ਸੰਧੂ

ਸ਼ੇਰਾਂ ਦਾ ਵਾਨਪ੍ਰਸਤਾਂ

 

- ਨ੍ਰਿਪਇੰਦਰ ਰਤਨ

ਜਤਿੰਦਰ ਰੰਧਾਵਾ ਦੀਆਂ ਕਵਿਤਾਵਾਂ

ਇਸ਼ਤਿਹਾਰ

 

- ਬਲਵੰਤ ਫ਼ਰਵਾਲ਼ੀ

ਦੋ ਗ਼ਜ਼ਲਾਂ

 

- ਉਂਕਾਰਪ੍ਰੀਤ

ਡਾ. ਜੋਗਿੰਦਰ ਸਿੰਘ ਰਾਹੀ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਹੁੰਗਾਰੇ

 

Online Punjabi Magazine Seerat

ਮੇਰੀ ਸਾਹਿਤਕ ਸਵੈ-ਜੀਵਨੀ
- ਸਵਰਨ ਚੰਦਨ

 

(ਸਵਰਨ ਚੰਦਨ ਪੰਜਾਬੀ ਦਾ ਪ੍ਰਤਿਭਾਵਾਨ ਗਲਪ ਲੇਖਕ ਸੀ। ਆਲੋਚਨਾ ਦੇ ਖੇਤਰ ਵਿਚ ਪਰਵਾਸੀ ਪੰਜਾਬੀ ਸਾਹਿਤ ਤੇ ਪਰਵਾਸੀ ਚੇਤਨਾ ਜਿਹੇ ਸੰਕਲਪਾਂ ਨਾਲ ਵਾਸਤਾ ਵੀ ਓਸੇ ਨੇ ਪਵਾਇਆ ਸੀ। ਉਹ ਸਾਡਾ ਸੁਹਿਰਦ ਮਿੱਤਰ ਸੀ। ਉਸਨੇ ਆਪਣੇ ਬਚਪਨ ਵਿਚ ਹੰਢਾਏ ਜੀਵਨ ਦਆਂ ਦੁਸ਼ਵਾਰੀਆਂ ਨੂੰ ਆਪਣੀ ਸਾਹਿਤਕ ਸਵੈਜੀਵਨੀ ਵਿਚ ਬੜੇ ਮਾਰਮਿਕ ਅੰਦਾਜ਼ ਵਿਚ ਬਿਆਨ ਕੀਤਾ ਹੈ। ਅਸੀਂ ਇਸ ਸਵੈਜੀਵਨੀ ਦੇ ਕੁਝ ਅੰਸ਼ ਸੀਰਤ ਦੇ ਪਾਠਕਾਂ ਦੇ ਰੂਬਰੂ ਕਰਦੇ ਹੋਏ ਪਿਆਰੇ ਮਿੱਤਰ ਨੂੰ ਯਾਦ ਕਰ ਰਹੇ ਹਾਂ।)

ਆਦਿਕਾ

ਅੱਜ ਚੌਂਠ ਸਾਲਾਂ ਦੇ ਲੰਮੇਂ ਅਰਸੇ ਬਾਅਦ ਜਦੋਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਹਾਦਸਿਆਂ ਦਾ ਇਕ ਬੇਕਿਨਾਰ ਹਜੂਮ ਫੇਰ ਤੋਂ ਮੈਨੂੰ ਆਣ ਘੇਰਦਾ ਹੈ।ਇਹ ਹਾਦਸੇ ਵਾਪਰੇ ਤਾਂ ਇਕ ਇਕ ਕਰ ਕੇ ਹੀ ਸਨ ਪਰ ਹੁਣ ਪਿੱਛੇ ਵੱਲ ਨਜ਼ਰ ਮਾਰਦਿਆਂ ਜਾਪਦਾ ਹੈ ਇਹਨਾਂ ਦੀ ਇਕ ਤਵੀਲ ਕੜੀ ਬਣੀ ਹੋਈ ਹੈ।
ਹੈਰਾਣ ਹੁੰਦਾ ਹਾਂ ਕਿ ਕੀ ਵਾਕਈ ਮੈਂ ਇਹਨਾਂ ਮਾਰੂ ਰਸਤਿਆਂ ਥਾਣੀਂ ਲੰਘ ਕੇ ਏਥੋਂ ਤੀਕ ਪਹੁੰਚਿਆਂ ਹਾਂ। ਇਹ ਰਸਤੇ, ਇਹ ਹਾਦਸੇ ਤੇ ਇਹ ਮਾਰੂਥਲ ਬਹੁਤ ਪਹਿਲਾਂ ਮੈਨੂੰ ਸਬੂਤੇ ਨੂੰ ਨਿਗਲ ਗਏ ਹੁੰਦੇ ਜੇ ਪ੍ਰਕਿਰਤੀ ਨੇ ਮੈਨੂੰ ਉਹ ਕੁਝ ਨਾ ਬਣਾਇਆ ਹੁੰਦਾ ਜੋ ਮੈਂ ਹਾਂ।

ਬਚ ਕੇ ਆ ਗਿਆਂ ਕਿੱਦਾਂ ਮੈਂ ਹਾਲੇ ਤੀਕ ਵੀ ਹੈਰਾਣ ਹਾਂ,
ਹਰ ਤਰਫ਼ ਸਨ ਕਤਲ ਮੇਰੇ ਦੇ ਇਰਾਦੇ ਹੋ ਰਹੇ।

ਜੇ ਕੁਦਰਤ ਨੇ ਪੈਰ ਪੈਰ ਤੇ ਮੈਨੂੰ ਇਹਨਾਂ ਹਾਦਸਿਆਂ ਦੇ ਰੂਬਰੂ ਕੀਤਾ ਤਾਂ ਉਸੇ ਕੁਦਰਤ ਨੇ ਮੈਨੂੰ ਇਹਨਾਂ ਨਾਲ ਲੜ ਸਕਣ ਦੀ ਸ਼ਕਤੀ ਵੀ ਦਿੱਤੀ। ਇਸਤਰ੍ਹਾਂ ਇਹ ਲੜਾਈ, ਇਹ ਸੰਘਰਸ਼, ਇਹ ਯੁੱਧਸ਼ੀਲਤਾ ਮੇਰੀ ਪੂਰੀ ਸ਼ਖਸੀਅਤ ਦਾ ਅਨਿੱਖੜ ਅੰਗ ਬਣ ਗਈ। ਪਰ ਮੇਰੀ ਕੋਈ ਵੀ ਲੜਾਈ ਸੌਖਿਆਂ ਸਰ ਨਹੀਂ ਹੋਈ ਬਲਕਿ ਹਰੇਕ ਲੜਾਈ ਨੇ ਮੇਰਾ ਪੂਰਾ ਸਬਰ ਅਜ਼ਮਾਇਆ। ਹਰੇਕ ਸੰਘਰਸ਼ ਨੇ ਕਈ ਕਈ ਵਾਰੀ ਮੇਰੇ ਪੈਰ ਹੀ ਧਰਤੀ ਤੋਂ ਚੁੱਕ ਦਿੱਤੇ, ਕਈ ਕਈ ਵਾਰੀ ਮੈਂ ਸਿ਼ਕਸਤ ਖਾਧੀ, ਕਈ ਕਈ ਵਾਰੀ ਮੈਂ ਨਿੱਸਲ ਹੋਇਆ ਪਰੰਤੂ ਫੇਰ ਤੁਰਿਆ, ਸੰਘਰਸ਼ ਫਿਰ ਆਰੰਭਿਆ ਤੇ ਜੇਤੂ ਹੋਇਆ।
ਮੈਂ ਅੱਜ ਵੀ ਲੜਾਈ ਲੜ ਰਿਹਾ ਹਾਂ। ਇਹ ਲੜਾਈ, ਇਹ ਯੁੱਧ, ਇਹ ਘੋਲ ਕਦੇ ਵੀ ਮੇਰੀ ਜਿ਼ੰਦਗੀ ਚੋਂ ਮਨਫ਼ੀ ਨਹੀਂ ਹੋਇਆ। ਕੁਦਰਤ ਨੇ, ਹਾਦਸਿਆਂ ਨੇ, ਬੇਤਰਹ ਸੰਕਟਾਂ ਨੇ ਕਦੇ ਵੀ ਮੇਰਾ ਪਿੱਛਾ ਨਹੀਂ ਛੱਡਿਆ। ਮੇਰਾ ਨਹੀਂ ਖਿਆਲ ਇਹ ਮੌਤ ਤਕ ਮੇਰਾ ਪਿੱਛਾ ਛੱਡਣ ਗੇ।

ਨਹੀਂ ਜੇ ਬੋਲਿਆ ਉਹ ਰਾਤ ਭਰ, ਰੋਂਦਾ ਰਿਹਾ ਕੱਲਾ,
ਨਵਾਂ ਕੁਈ ਹਾਦਸਾ ਫਿਰ ਜੀਭ ਉਸਦੀ ਟੁਕ ਗਿਆ ਹੋਣੈਂ।

ਇੳਂੁ ਮੇਰੀ ਇਹ ਸਾਹਿਤਕ ਸਵੈਜੀਵਣੀ ਇੱਕ ਤਰਾਂ ਨਾਲ ਇਹਨਾਂ ਅਣਗਿਣਤ ਹਾਦਸਿਆਂ ਦੀ ਹੀ ਦਾਸਤਾਨ ਹੈ - ਹਾਦਸੇ ਜਿਹਨਾਂ ਨਾਲ ਲੜਦਿਆਂ, ਜਿਹਨਾਂ ਵਿੱਚੋਂ ਦੀ ਗੁਜ਼ਰਦਿਆਂ ਮੈਂ ਖ਼ੁਦ ਨੂੰ ਕੁਦਰਤ ਵੱਲੋਂ ਮਿਲੀ ਸਾਹਿਤ ਸਿਰਜਣ ਦੀ ਦਾਤ ਨੂੰ ਇਕ ਜ਼ਬਰਦਸਤ ਹਥਿਆਰ ਵੱਜੋਂ ਵਰਤਿਆ। ਹਾਦਸਿਆਂ ਦੁਆਰਾ ਮਿਲੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਲਈ ਸਾਹਿਤ ਸਿਰਜਣ ਦੀ ਇਹ ਦਾਤ ਹੀ ਮੇਰੀ ਮਲ੍ਹਮ ਸੀ, ਮੇਰੀ ਦਵਾ ਸੀ, ਤੇ ਸ਼ਾਇਦ ਦੁਆ ਵੀ। ਜੇ ਇਹ ਮਲ੍ਹਮ, ਦਵਾ ਤੇ ਦੁਆ ਮੇਰੇ ਕੋਲ ਨਾ ਹੁੰਦੀ ਤਾਂ ਮੈਂ ਬਹੁਤ ਪਹਿਲਾਂ ਮੁੱਕ ਗਿਆ ਹੁੰਦਾ।ਹੋ ਸਕਦਾ ਹੈ ਛੇਵੇਂ ਵਰ੍ਹੇ ਤੋਂ ਬਾਅਦ ਬਹੁਤ ਛੇਤੀ।
ਜਿ਼ੰਦਗੀ ਨੂੰ ਜੀ ਭਰ ਕੇ ਜੀਣ ਦੀ ਸਿ਼ੱਦਤ ਜਾਂ ਲਸਟ ਫ਼ਾਰ ਲਾਈਫ਼ ਵਿਚ ਹੀ ਮੇਰੀ ਲੜਨਯੋਗਤਾ, ਸੰਘਰਸ਼ਮਯਤਾ ਜਾਂ ਯੁੱਧਸ਼ੀਲਤਾ ਦਾ ਭੇਤ ਵੀ ਛੁਪਿਆ ਹੋਇਆ ਹੈ। ਜੇ ਜੀਣ ਦੀ ਸਿ਼ੱਦਤ ਹੀ ਨਾ ਹੁੰਦੀ ਤਾਂ ਲੜਨ ਦੀ ਸਿ਼ੱਦਤ ਕਿੱਥੋਂ ਆ ਜਾਣੀ ਸੀ?
ਉਂਜ ਤਾਂ ਜਿ਼ੰਦਗੀ ਜੀਣੀ ਕਦੇ ਵੀ ਆਸਾਨ ਨਹੀਂ ਹੁੰਦੀ ਭਾਵੇਂ ਉਹ ਕਿਸੇ ਦੀ ਵੀ ਹੋਵੇ। ਮੇਰੇ ਸਮਕਾਲੀ ਪੰਜਾਬੀ ਲੇਖਕਾਂ ਨੇ ਵੀ ਜਿ਼ੰਦਗੀ ਦਾ ਇਹ ਸੰਘਰਸ਼ ਕੀਤਾ ਹੋਵੇਗਾ ਤਾਂ ਹੀ ਤਾਂ ਸਾਹਿਤ ਦੀ ਸਿਰਜਣਾਂ ਕਰ ਸਕੇ। ਸਭ ਤੋਂ ਉੱਤਮ ਸਾਹਿਤ ਹਮੇਸ਼ਾਂ ਦੁਸ਼ਵਾਰੀਆਂ ਦੇ ਪਲਾਂ ਵਿੱਚੋਂ ਹੀ ਪੈਦਾ ਹੁੰਦਾ ਹੈ। ਦੁੱਖ ਦਾਰੂ ਸੁੱਖ ਰੋਗ ਭਇਆ।
ਇੱਕ ਲੇਖਕ ਦਾ ਜਨਮ

ਆਪਣੇ ਆਪ ਬਾਰੇ ਮੇਰੀ ਪਹਿਲੀ ਯਾਦ ਤਿੰਨ ਕੁ ਸਾਲ ਦੀ ਉਮਰ ਦੀ ਹੈ।
***
ਮੇਰੇ ਮਾਂ-ਬਾਪ (ਹਰਨਾਮ ਕੌਰ ਤੇ ਆਸਾ ਸਿੰਘ) ਨਾਲ ਹਾਦਸੇ ਕੁਝ ਇਸ ਤਰ੍ਹਾਂ ਨਾਲ ਵਾਪਰੇ ਕਿ ਉਹਨਾਂ ਦਾ ਹਰ ਬੱਚਾ ਜਾਂ ਤਾਂ ਮਰਿਆ ਹੋਇਆ ਪੈਦਾ ਹੁੰਦਾ ਤੇ ਜਾਂ ਫਿਰ ਗਲਿਆ ਹੋਇਆ। ਉਹਨਾਂ ਦੇ ਅੱਠ ਬੱਚੇ ਮੇਰੇ ਤੋਂ ਪਹਿਲਾਂ ਪੈਦਾ ਹੋਏ ਜਿਹਨਾਂ ਵਿਚੋਂ ਚਾਰ ਮਰੇ ਹੋਏ ਜਾਂ ਗਲੇ ਹੋਏ ਪੈਦਾ ਹੋਏ ਤੇ ਬਾਕੀ ਦੇ ਚਾਰ; ਦੋ, ਤਿੰਨ ਜਾਂ ਚਾਰ ਸਾਲਾਂ ਦੇ ਹੋ ਕੇ ਮਰ ਗਏ। ਮੇਰੇ ਮਾਪਿਆਂ ਦਾ ਇਹ ਦੁੱਖ ਬਹੁਤ ਵੱਡਾ ਸੀ ਜਿਸਨੇ ਮੇਰੀ ਮਾਂ ਦੀ ਦੇਹ ਵੀ ਗਾਲ ਦਿੱਤੀ ਅਤੇ ਰੂਹ ਵੀ ਫ਼ੂਕ ਦਿੱਤੀ। ਏਸ ਦੁੱਖ ਨੇ ਉਹਨੂ ਝੰਭ ਕੇ ਰੱਖ ਦਿੱਤਾ। ਇਕ ਤਾਂ ਉਹ ਕੁਦਰਤ ਵੱਲੋਂ ਹੀ ਸਰੀਰ ਦੀ ਕਮਜ਼ੋਰ ਤੇ ਕਾਹਰੀ ਸੀ, ਤੇ ਉੱਤੋਂ ਅੱਠ ਮਰ ਗਏ ਬੱਚਿਆਂ ਦਾ ਦੁੱਖ - ਉਹ ਬੁਰੀ ਤਰ੍ਹਾਂ ਟੁੱਟ ਗਈ ਸੀ।
ਅੰਮ੍ਰਿਤਸਰ ਦੇ ਕੰਬੋਜ ਭਾਈਚਾਰੇ ਨਾਲ ਸਬੰਧਿਤ ਕਿਸਾਨ ਪਰਿਵਾਰ ਸੀ ਸਾਡਾ।ਮੁੱਢ-ਕਦੀਮ ਤੋਂ ਖੇਤੀ ਕਰਨ ਵਾਲੇ, ਮਿੱਟੀ ਨਾਲ ਮਿੱਟੀ ਹੋਣ ਵਾਲੇ, ਭੋਂਏਂ ਨਾਲ ਜੁੜੇ ਹੋਏ ਲੋਕ। ਮੇਰੇ ਤਾਏ ਦੇਵਾ ਸਿੰਘ ਦੇ ਪੰਜ ਪੁੱਤਰ ਤੇ ਦੋ ਧੀਆਂ ਸਨ। ਮੇਰਾ ਤਾਇਆ ਕਾਫ਼ੀ ਸੌਖਾ ਕਿਸਾਨ ਸੀ। ਜੇ ਮੇਰੇ ਬਾਪ ਦੇ ਵੀ ਸਾਰੇ ਬੱਚੇ ਜੀਂਦੇ ਰਹਿੰਦੇ ਤਾਂ ਉਹ ਵੀ ਉਹਦੇ ਵਾਂਗ ਹੀ ਸੌਖਾ ਕਿਸਾਨ ਹੁੰਦਾ। ਕੋਈ ਮੁੰਡਾ ਬਲਦਾਂ ਦੀ ਹਰਨਾਲੀ ਕਰ ਕੇ ਪੈਲੀ ਵਾਹੁਣ ਜਾਂਦਾ, ਕੋਈ ਪੱਠਿਆਂ ਵੱਲ ਹੁੰਦਾ, ਕੋਈ ਪਾਣੀ ਦੀ ਵਾਰੀ ਸਾਂਭਦਾ, ਕੋਈ ਬੀਜਦਾ-ਵੱਢਦਾ ਤੇ ਬਾਪ ਮੇਰਾ ਤੋਰੇ ਫੇਰੇ ਤੇ ਹੁੰਦਾ ਜਾਂ ਫਿਰ ਮੰਡੀ ਸ਼ਾਹ ਕੋਲ ਹੁੰਦਾ, ਵੇਚੀ ਹੋਈ ਫਸਲ ਦੀ ਰਕਮ ਉਗਰਾਹ ਰਿਹਾ। ਪਰ ਉਹ ਕਿਸਮਤ ਦਾ ਏਡਾ ਬਲੀ ਨਹੀਂ ਸੀ। ਉਹ ਇਕੱਲ੍ਹਾਕਾਰਾ ਕਿਸਾਨ ਸੀ, ਸਾਰੇ ਕੰਮ ਆਪ ਹੱਥੀਂ ਕਰਨ ਵਾਲਾ।
ਕਿਸੇ ਸਿਆਣੇ ਸਬੰਧੀ ਨੇ ਰਾਏ ਦਿੱਤੀ: ਯਾਰ, ਆਸਾ ਸਿਹਾਂ, ਜੇ ਤੂੰ ਆਪਣੇ ਸਵਰਨ ਨੂੰ ਮੰਗ ਦੇਵੇਂ ਤਾਂ ਹੋ ਸਕਦਾ ਏ ਇਹ ਉਸ ਕੁੜੀ ਦੇ ਕਰਮਾਂ ਨੂੰ ਹੀ ਬਚਿਆ ਰ੍ਹਵੇ। ਤੇ ਇਹ ਗੱਲ ਮੇਰੇ ਪਿਉ ਤੇ ਮਾਂ ਦੇ ਦਿਲਾਂ ਨੂੰ ਲਗ ਗਈ।
ਉਦੋਂ ਮੇਰੀ ਉਮਰ ਤਿੰਨ੍ਹਾਂ ਕੁ ਵਰ੍ਹਿਆਂ ਦੀ ਸੀ। ਮੇਰੇ ਮਾਮੇ ਦੀ ਧੀ ਬੰਸੋ ਨੇ ਆਪਣੇ ਸਹੁਰੇ ਪਿੰਡ ਨਿਜ਼ਾਮਪੁਰੇ ਤੋਂ ਮੇਰੇ ਲਈ ਇਕ ਸਾਲ ਕੁ ਦੀ ਕੁੜੀ ਜੀਤੋ ਦਾ ਸਾਕ ਲੈ ਆਂਦਾ ਤੇ ਮੰਗਣੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕਟੜਾ ਕਰਮ ਸਿੰਘ ਦੀ ਨਵੀਂ ਸੜਕ ਉਤੇ ਮੇਰੇ ਪਿਉ ਦਾ ਮਕਾਨ ਕਾਫ਼ੀ ਛੋਟਾ ਸੀ।ਅਸਲ ਵਿਚ ਇਹ ਮਕਾਨ ਮੇਰੇ ਬਾਬੇ ਕੇਸਰ ਸਿੰਘ ਦੇ ਮਕਾਨ ਦਾ ਅੱਧਾ ਹਿੱਸਾ ਸੀ ਜਦੋਂ ਕਿ ਦੂਜਾ ਅੱਧ ਮੇਰੇ ਤਾਏ ਕੋਲ ਸੀ। ਬਾਬੇ ਨੇ ਇਹ ਮਕਾਨ ਆਪਣਾ ਜੱਦੀ ਪਿੰਡ ਢੁਪਈ ਛੱਡਣ ਤੋਂ ਬਾਅਦ ਬਣਾਇਆ ਸੀ। ਜ਼ਮੀਨ ਬਹੁਤ ਥੋੜ੍ਹੀ ਸੀ ਜਿਹੜੀ ਕਰਜ਼ੇ ਦੀ ਅਦਾਇਗੀ ਵਿਚ ਹੀ ਖੁਰ ਗਈ ਸੀ। ਜੋ ਬਚਿਆ ਸੀ ਉਹਦੇ ਨਾਲ ਇਹ ਮਕਾਨ ਹੀ ਬਣ ਸਕਿਆ ਸੀ। ਫੇਰ ਘਰ ਵਿਚ ਜਠਾਣੀ-ਦਰਾਣੀ ਦੀ ਹਮੇਸ਼ਾਂ ਲੜਾਈ ਹੁੰਦੀ ਵੇਖ ਕੇ ਬਾਬਾ ਕੇਸਰ ਸਿੰਘ ਨੇ ਇਸ ਮਕਾਨ ਵਿਚ ਕੰਧ ਕੱਢ ਕੇ ਇਹਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਤੇ ਦੋਹਾਂ ਮੁੰਡਿਆਂ ਨੂੰ ਇਕ ਇਕ ਹਿੱਸਾ ਦੇ ਦਿੱਤਾ।
ਇਸੇ ਹੀ ਮਕਾਨ ਦੇ ਬਿਲਕੁਲ ਸਾਹਮਣੇ ਇਕ ਹੋਰ ਕਾਫ਼ੀ ਵੱਡਾ ਮਕਾਨ ਸੀ ਜਿਹੜਾ ਮੇਰੇ ਤਾਏ ਨੇ ਬਾਅਦ ਵਿਚ ਆਪਣੇ ਤੇ ਆਪਣੇ ਪੰਜ ਮੁੰਡਿਆਂ ਦੇ ਬਲਬੂਤੇ ਖਰੀਦਿਆ ਸੀ। ਮੇਰੀ ਮੰਗਣੀ ਦਾ ਸਾਰਾ ਕਾਰੋਬਾਰ ਇਸ ਤਾਏ ਵਾਲੇ ਨਵੇਂ ਘਰ ਵਿਚ ਹੋ ਰਿਹਾ ਸੀ। ਘਰ ਵਿਚਲੀ ਚਹਿਲ ਪਹਿਲ ਨੂੰ ਮੈਂ ਅੱਜ ਵੀ ਅੱਖਾਂ ਬੰਦ ਕਰ ਕੇ ਵੇਖ ਸਕਦਾ ਹਾਂ। ਮੈਂ ਆਪਣੀ ਚਾਚੀ (ਤਾਏ ਦੇ ਮੁੰਡਿਆਂ ਦੇ ਮਗਰ ਲੱਗ ਕੇ ਮੈਂ ਵੀ ਮਾਂ ਨੂੰ ਚਾਚੀ ਤੇ ਪਿਉ ਨੂੰ ਚਾਚਾ ਕਹਿਣਾ ਸਿੱਖ ਗਿਆ ਸਾਂ) ਨੂੰ ਗੁਲਾਬੀ ਦੁਪੱਟੇ ਵਿਚ ਤੁਰੀ ਫਿਰਦੀ ਨੂੰ ਵੇਖ ਸਕਦਾ ਹਾਂ, ਤੇ ਗੁਲਾਬੀ ਪੱਗ ਵਿਚ ਸੱਜੇ ਹੋਏ ਚਾਚੇ ਨੂੰ ਵੀ।
ਮੈਨੂੰ ਯਾਦ ਹੈ ਉਹ ਪਲ ਜਦੋਂ ਕੁਝ ਓਪਰੇ ਜਿਹੇ ਬੰਦੇ ਇਕ ਗੁੜ ਦੀ ਰੋੜੀ ਤੇ ਇਕ ਚਾਂਦੀ ਦਾ ਰੁਪੱਈਆ ਲੈਕੇ ਚਾਚੇ ਵੱਲ ਵਧੇ ਸਨ ਜੋ ਮੰਜੇ ਉੱਤੇ, ਲੱਤਾਂ ਭੁੰਜੇ ਲਮਕਾ ਕੇ ਬੈਠਾ ਸੀ ਤੇ ਜਿਸਦੀ ਝੋਲੀ ਵਿਚ ਮੈਂ ਸਾਂ, ਨਵੀਂ ਪੁਸ਼ਾਕ ਵਿਚ ਫਿੱਟ। ਜਦੋਂ ਉਹਨਾਂ ਨੇ ਜ਼ਰਾ ਜਿੰਨਾ ਗੁੜ ਮੇਰੇ ਮੂੰਹ ਨੂੰ ਲਾਇਆ ਤਾਂ ਉਹ ਬਹੁਤ ਹੀ ਮਿੱਠਾ ਗੁੜ ਮੈਂ ਉਸੇ ਵੇਲੇ ਬਾਹਰ ਕੱਢ ਦਿੱਤਾ ਸੀ ਅਤੇ ਚਿਹਰੇ ਤੇ ਸੱਤ ਵੱਟ ਪਾ ਲਏ ਸਨ। ਫੇਰ ਮੇਰਾ ਰੋਣ ਨਿਕਲ ਗਿਆ ਸੀ। ਮੈਂ ਦਵਾ ਦਵ ਚਾਚੇ ਦੀ ਗੋਦੀ ਚੋਂ ਨਿਕਲ ਕੇ ਪਰ੍ਹਾਂ ਔਰਤਾਂ ਵਿਚ ਬੈਠੀ ਚਾਚੀ ਦੇ ਗਲ ਨੂੰ ਜਾ ਚੰਬੜਿਆ ਸਾਂ।


ਮੇਰੀ ਦੂਜੀ ਵਿਸ਼ੇਸ਼ ਯਾਦ ਚਾਰ ਕੁ ਵਰ੍ਹਿਆਂ ਦੀ ਉਮਰ ਦੀ ਹੈ। ਉਂਜ ਯਾਦਾਂ ਤਾਂ ਇਸ ਅੰਤਰਾਲ ਦੀਆਂ ਵੀ ਕਈ ਹਨ ਪਰ ਇੱਥੇ ਮੈਂ ਕੇਵਲ ਕੁਝ ਵਿਸ਼ੇਸ਼ ਯਾਦਾਂ ਤਕ ਹੀ ਸੀਮਤ ਰਹਿਣਾ ਚ੍ਹਾਵਾਂਗਾ।
ਮੇਰੇ ਚਾਚੇ ਦੀ ਭੂਆ ਆਤੋ ਬਾਰ ਵਿਚ ਰਹਿੰਦੀ ਸੀ। ਸ਼ਾਇਦ ਲਾਇਲਪੁਰ ਜਿ਼ਲੇ ਵਿਚ। ਮੇਰੇ ਚਾਚੇ ਦਾ ਉਸ ਨਾਲ ਖਾਸਾ ਮੋਹ ਸੀ। ਇਸ ਲਈ ਉਹ ਸਾਲ ਵਿਚ ਇਕ ਵਾਰ ਜ਼ਰੂਰ ਉਹਨੂੰ ਮਿਲਣ ਚਲਾ ਜਾਂਦਾ। ਇਸ ਵਾਰ ਜਦੋਂ ਤੁਰਿਆ ਤਾਂ ਮੈਨੂੰ ਵੀ ਨਾਲ ਲੈ ਲਿਆ। ਅਸੀਂ ਰੇਲ ਗੱਡੀ ਤੇ ਸਵਾਰ ਹੋ ਕੇ ਓਥੇ ਗਏ। ਭੂਆ ਨੇ ਮੈਨੂੰ ਬਹੁਤ ਪਿਆਰ ਕੀਤਾ, ਲਾਡ ਲਡਾਏ, ਕੁੱਛੜੋਂ ਉਤਰਨ ਹੀ ਨਾ ਦਿਆ ਕਰੇ। ਅਸੀਂ ੳੇੁਥੇ ਤਿੰਨ ਚਾਰ ਦਿਨ ਰਹੇ। ਇੱਕ ਦਿਨ ਸਵੇਰੇ ਚਾਚਾ ਬਾਹਰ ਜਾਣ ਲੱਗਾ ਤਾਂ ਮੈਂ ਵੀ ਨਾਲ ਜਾਣ ਲਈ ਖਹਿੜੇ ਪੈ ਗਿਆ। ਅਖ਼ੀਰ, ਉਹਨੂੰ ਲਿਜਾਣਾ ਪਿਆ। ਚਾਚਾ, ਅਸਲ ਵਿਚ, ਜੰਗਲ-ਪਾਣੀ ਲਈ ਤੁਰਿਆ ਸੀ। ਕੁਝ ਦੂਰ ਜਾ ਕੇ ਕਮਾਦ ਦੇ ਖੇਤ ਆਏ। ਕਮਾਦ ਏਡਾ ਉੱਚਾ ਕਿ ਰਹੇ ਰੱਬ ਦਾ ਨਾਮ। ਚਾਚਾ ਮੈਨੂੰ ਇਹ ਕਹਿ ਕੇ ਅੰਦਰ ਵੜ ਗਿਆ ਕਿ ਮੈਂ ਵੱਟ ਤੇ ਖਲੋ ਕੇ ਉਡੀਕਾਂ। ਉਹ ਪਲਾਂ ਛਿਣਾਂ ਵਿਚ ਆਇਆ ਕਿ ਆਇਆ।
ਉਹਨੂੰ ਸ਼ਾਇਦ ਕੁਝ ਪਲ ਵਾਧੂ ਲੱਗ ਗਏ ਹੋਣਗੇ। ਮੇਰੇ ਕੋਲੋਂ ਜਦੋਂ ਹੋਰ ਉਡੀਕ ਨਾ ਹੋਈ ਤਾਂ ਮੈਂ ਵੀ ਕਮਾਦ ਵਿਚ ਵੜ ਗਿਆ। ਜਦੋਂ ਆਗਾਂ ਨੇ ਮੇਰਾ ਮੂੰਹ ਮੱਥਾ ਪੱਛਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਬਾਘਾ ਅੱਡਣ ਲੱਗਾ। ਚਾਚਾ ਦੂਜੇ ਪਾਸਿਉਂ ਬਾਹਰ ਨਿਕਲ ਆਇਆ ਸੀ, ਤੇ ੳੁੱਚੀ ਉੱਚੀ ਸਵਰਨ - ਸਵਰਨ ਆਖ ਕੇ ਆਵਾਜ਼ਾਂ ਦੇ ਰਿਹਾ ਸੀ। ਤੇ ਏਧਰ ਮੈਂ ਕਮਾਦ ਵਿੱਚੋਂ ਅਸਮਾਨ ਸਿਰ ਤੇ ਚੁੱਕਿਆ ਹੋਇਆ ਸੀ। ਮੇਰੇ ਹੱਥ, ਨੰਗੀਆਂ ਲੱਤਾਂ ਤੇ ਬਾਹਵਾਂ ਤੇ ਮੂੰਹ ਬੁਰੀ ਤਰਾਂ ਪੱਛੇ ਗਏ ਸਨ, ਤੇ ਮੈਂ ਲੇਰਾਂ ਮਾਰ ਰਿਹਾ ਸਾਂ। ਪਤਾ ਨਹੀਂ ਮੈਂ ਕਿੱਧਰ ਕਿੱਧਰ ਫਿਰਦਾ ਰਿਹਾਂ ਸਾਂ। ਅਖ਼ੀਰ ਬੜੀ ਮੁਸ਼ਕਿਲ ਨਾਲ ਮੇਰੀਆਂ ਚਾਂਗਰਾਂ ਦੀ ਸੇਧ ਚ ਆ ਕੇ ਚਾਚੇ ਨੇ ਮੈਨੂੰ ਲੱਭਿਆ ਤੇ ਬਾਹਰ ਲੈ ਕੇ ਆਇਆ। ਜਦੋਂ ਅਸੀਂ ਅੰਮ੍ਰਿਤਸਰ ਲਈ ਵਾਪਸ ਤੁਰੇ ਤਾਂ ਚਾਚੇ ਦੇ ਸਿਰ ਉੱਤੇ ਵੱਡਾ ਸਾਰਾ ਘਿਉ ਦਾ ਭਰਿਆ ਹੋਇਆ ਪੀਪਾ ਸੀ ਜਿਹੜਾ ਭੂਆ ਆਤੋ ਨੇ ਸਾਨੂੰ ਪਿਆਰ ਨਾਲ ਦਿੱਤਾ ਸੀ।


ਮੈਨੂੰ ਚਾਚੇ ਨਾਲ ਰਹਿਣ ਦਾ ਬੜਾ ਅਨੰਦ ਆਉਂਦਾ। ਸ਼ਾਇਦ ਏਸ ਕਰ ਕੇ ਕਿ ਚਾਚਾ ਉੱਚਾ ਲੰਮਾ ਤੇ ਤਕੜੇ ਸਰੀਰ ਦਾ ਸੀ ਤੇ ਉਹਦੇ ਹੁੰਦਿਆਂ ਮੈਨੂੰ ਕਿਸੇ ਚੀਜ਼ ਦਾ ਕੋਈ ਖ਼ਤਰਾ ਨਹੀਂ ਸੀ। ਦੂਜੇ ਸ਼ਾਇਦ ਇਸ ਲਈ ਕਿ ਚਾਚਾ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਰਹਿੰਦਾ ਸੀ ਜਦੋਂਕਿ ਚਾਚੀ ਨਹੀਂ ਸੀ ਕਰਦੀ।
ਚਾਚੇ ਕੋਲ ਇੱਕ ਗੱਡਾ ਸੀ ਜਿਸ ਅੱਗੇ ਝੋਟਾ ਜੁਪਦਾ ਸੀ। ਇਹ ਗੱਡਾ ਹਮੇਸ਼ਾਂ ਹੀ ਢਿਚਕੂੰ ਢਿਚਕੂੰ ਕਰ ਕੇ ਚਲਦਾ ਸੀ। ਭਾਵੇਂ ਚਾਚਾ ਇਸਦੇ ਪਹੀਏ ਵੰਘਵਾਉਂਦਾ ਰਹਿੰਦਾ ਸੀ ਯਾਨਿ ਪਹੀਆਂ ਨੂੰ ਗ੍ਰੀਸ ਦੁਆਉਂਦਾ ਰਹਿੰਦਾ ਸੀ ਫੇਰ ਵੀ ਕੁਝ ਦਿਨਾਂ ਪਿੱਛੋਂ ਹੀ ਪਹੀਏ ਚੂੰ ਚੂੰ ਦੀ ਆਵਾਜ਼ ਪੈਦਾ ਕਰਨ ਲੱਗ ਪੈਂਦੇ ਸਨ।ਅੱਜ ਵੀ ਪਹੀਏ ਇਹ ਬੇਸੁਰਾ ਤਾਲ ਅਲਾਪ ਰਹੇ ਸਨ। ਜਦੋਂ ਅਸੀਂ ਖ਼ਜ਼ਾਨੇ ਵਾਲਾ ਦਰਵਾਜ਼ਾ ਲੰਘ ਕੇ ਬਾਹਰ ਆਏ ਤੇ ਸੁਰ ਸਿੰਘ ਵਾਲੀ ਸੜਕ ਤੇ ਅੱਗੇ ਵਧਣ ਲੱਗੇ ਤਾਂ ਰਾਹ ਵਿਚ ਆਵਿਆਂ (ਕਾਲੀ ਮਿੱਟੀ ਦਾ ਪਹਾੜ ਜਿੱਥੇ ਆਮ ਤੌਰ ਤੇ ਜੰਗਲੀ ਜਾਨਵਰਾਂ, ਇੱਲਾਂ, ਚ੍ਹੀਲਾਂ, ਗਿਰਝਾਂ ਤੇ ਸੱਪਾਂ ਦੇ ਬਸੇਰੇ ਹੁੰਦੇ ਹਨ) ਤੋਂ ਉਤਰ ਕੇ ਇਕ ਔਰਤ ਸਾਡੇ ਵਾਲੇ ਪਾਸੇ ਆ ਰਹੀ ਸੀ। ਉਸ ਔਰਤ ਦੇ ਵਾਲ ਬਿਜੜੇ ਦਾ ਆ੍ਹਲਣਾ ਬਣੇ ਹੋਏ ਸਨ, ਸ਼ਕਲ ਕਾਲੀ ਤੇ ਧੁਆਂਖੀ ਹੋਈ ਸੀ ਤੇ ਕੱਪੜੇ ਏਡੇ ਮੈਲੇ ਕੁਚੈਲੇ ਤੇ ਚੀਥੜ ਸਨ ਕਿ ਜਾਪਦਾ ਉਹ ਹੁਣੇ ਆਪਣੀ ਕਬਰ ਵਿੱਚੋਂ ਨਿਕਲ ਕੇ ਆ ਰਹੀ ਸੀ।
ਜਦੋਂ ਉਹ ਔਰਤ ਜਾਂ ਆਕਾਰ ਹੋਰ ਨੇੜੇ ਆ ਗਿਆ ਤਾਂ ਮੇਰੇ ਚਾਚੇ ਨੇ ਆਪਣਾ ਸੱਜਾ ਪੰਜਾ ਮੇਰੀਆਂ ਅੱਖਾਂ ਅੱਗੇ ਕਰ ਦਿੱਤਾ ਤਾਂਕਿ ਮੈਂ ਉਹਨੂੰ ਵੇਖ ਨਾ ਸੱਕਾਂ ਹਾਲਾਂਕਿ ਮੈਂ ਉਹਨੂੰ ਦੂਰੋਂ ਪਹਿਲਾਂ ਹੀ ਵੇਖ ਚੁੱਕਾ ਸਾਂ। ਗੱਡੇ ਦੀ ਚੂੰ ਚੂੰ ਦੀ ਆਵਾਜ਼ ਤੇ ਉਸ ਆਕਾਰ ਦੀ ਹੋਂਦ ਦਾ ਦ੍ਰਿਸ਼, ਇਉਂ ਜਾਪਦਾ ਕਿਸੇ ਭੂਤ-ਪ੍ਰੇਤਾਂ ਵਾਲੀ ਉਜਾੜ ਪੇਸ਼ ਕਰ ਰਹੇ ਹੋਣ। ਇਹ ਡਰਾਉਣਾ ਬਿੰਬ ਅੱਜ ਵੀ ਮੇਰੀ ਮਾਨਸਿਕਤਾ ਵਿਚ ਜਿਉਂ ਦਾ ਤਿਉਂ ਅੜਿਆ ਹੋਇਆ ਹੈ।
ਜਦੋਂ ਅਸੀਂ ਚਾਚੇ ਦੇ ਖੂਹ ਤੇ ਪਹੁੰਚੇ ਤਾਂ ਚਾਚੇ ਨੇ ਪਹਿਲਾਂ ਝੋਟੇ ਨੂੰ ਗੱਡੇ ਤੋਂ ਆਜ਼ਾਦ ਕੀਤਾ ਤੇ ਫੇਰ ਸਾਹਮਣੇ ਵਾਲੇ ਕੱਚੇ ਕੋਠੇ ਚੋਂ ਦਾਤਰੀ ਕੱਢ ਕੇ ਲਾਗਲੀ ਪੈਲੀ ਚੋਂ ਪੱਠੇ ਵੱਢਣ ਲੱਗਾ ਤੇ ਮੈਂ ਲਾਗੇ ਚਾਗੇ ਧ੍ਰੇਕ ਨਾਲੋਂ ਟੁੱਟ ਕੇ ਡਿੱਗੇ ਧਰਕੋਨਿਆਂ ਨਾਲ ਆਪਣੀਆਂ ਜ੍ਹੇਬਾਂ ਭਰਨ ਲੱਗਾ। ਫੇਰ ਕੁਝ ਦੇਰ ਪਿੱਛੋਂ ਮੈਂ ਚਾਚੇ ਦੇ ਖੂਹ ਵਿਚ ਝਾਕਣ ਲੱਗਾ। ਖੂਹ ਦਾ ਪਾਣੀ ਦਿਸਦਾ ਹੀ ਨਹੀਂ ਸੀ। ਹਰ ਪਾਸੇ ਕਾਲਖ਼ ਹੀ ਦਿਸਦੀ ਸੀ। ਮੈਂ ਕੁਝ ਧਰਕੋਨੇ ਖੂਹ ਵਿਚ ਸੁੱਟੇ ਪਰ ਕੋਈ ਆਵਾਜ਼ ਨਾ ਆਈ। ਮੈਨੂੰ ਖੂਹ ਤੋਂ ਡਰ ਲੱਗਣ ਲੱਗਾ। ਅਸਲ ਵਿਚ ਇਹ ਖੂਹ ਅਜੇ ਚਲਦਾ ਨਹੀਂ ਸੀ ਕੀਤਾ ਗਿਆ। ਚੰਨੇ ਖੜੇ ਸਨ ਪਰ ਉੱਤੇ ਕਾਂਜਣ ਨਹੀਂ ਸੀ ਪਈ ਹੋਈ। ਖੂਹ ਦੇ ਦੁਆਲੇ ਮਹਿਲ ਜ਼ਰੂਰ ਬਣਿਆ ਹੋਇਆ ਸੀ ਪਰ ਓਦਾਂ ਨਾ ਝਵੱਕਲੀ ਸੀ, ਨਾ ਢੋਲ, ਨਾ ਮਾਹਲ, ਨਾ ਲੱਠ, ਨਾ ਹੀ ਕੁੱਤਾ। ਸ਼ਾਇਦ ਚਾਚੇ ਕੋਲੋਂ ਪੈਸੇ ਮੁੱਕ ਗਏ ਹੋਣਗੇ।
ਪੱਠਿਆਂ ਦੀ ਪੰਡ ਕੁ ਵੱਢ ਕੇ ਚਾਚਾ ਹੱਥ ਵਾਲੇ ਟੋਕੇ ਨਾਲ, ਧਰਤੀ ਚ ਗੱਡੇ ਹੋਏ ਇੱਕ ਮੁੱਢ ਤੇ ਪੱਠੇ ਕੁਤਰਨ ਲੱਗਾ। ਉਹ ਖੱਬੇ ਹੱਥ ਨਾਲ ਪੱਠਿਆਂ ਦਾ ਇੱਕ ਰੁੱਗ ਫੜ੍ਹਦਾ ਤੇ ਫੇਰ ਮੁੱਢ ਉੱਤੇ ਰੱਖ ਕੇ ਸੱਜੇ ਹੱਥ ਨਾਲ ਟੋਕਾ ਮਾਰਦਾ। ਪੱਠਿਆਂ ਦੀ ਚੀਰਨੀ ਲਹਿੰਦੀ ਤੇ ਕਵਾਣੇ ਚ ਖਿੱਲਰ ਜਾਂਦੀ। ਮੈਂ ਚਾਚੇ ਨੂੰ ਪੱਠੇ ਕੁਤਰਦੇ ਨੂੰ ਧਿਆਨ ਨਾਲ ਵੇਖਣ ਲੱਗਾ। ਫੇਰ ਚਾਚੇ ਨੇ ਅਚਾਨਕ ਸਾਹਮਣਿਉਂ ਲੰਘਦੇ ਦੋ ਬੰਦੇ ਵੇਖੇ, ਉਹਨਾਂ ਨੂੰ ਉੱਚੀ ਸਾਰੀ ਰੁਕਣ ਲਈ ਕਿਹਾ ਤੇ ਟੋਕਾ ਓਥੇ ਹੀ ਸੁੱਟ ਕੇ ਓਧਰ ਨੂੰ ਭੱਜਿਆ। ਉਹ ਚਾਚੇ ਤੋਂ ਪੱਠੇ ਖ੍ਰੀਦਣ ਵਾਲੇ ਅਰਾਈਂ ਸਨ ਤੇ ਉਹਨੇ ਉਹਨਾਂ ਤੋਂ ਕੁਝ ਬਚਦੇ ਪੈਸੇ ਲੈਣੇ ਸਨ। ਪੰਜ ਸੱਤ ਛਾਲਾਂ ਤੋਂ ਬਾਅਦ ਚਾਚਾ ਉਹਨਾਂ ਦੇ ਕੋਲ ਖੜਾ ਸੀ ਤੇ ਉਹਨਾਂ ਨਾਲ ਝਗੜ ਰਿਹਾ ਸੀ।
ਤੇ ਏਧਰ ਮੈਂ ਪੱਠੇ ਕੁਤਰਨ ਦੀ ਨਕਲ ਕਰਨ ਲੱਗਾ। ਮਾੜਾ ਜਿਹੀ ਰੁੱਗੀ ਭਰ ਕੇ, ਤੇ ਮੁੱਢ ਤੇ ਰੱਖ ਕੇ ਭਾਰਾ ਟੋਕਾ ਮਸ੍ਹਾਂ ਛੇ ਇੰਚ ਹੀ ਚੁੱਕਿਆ ਸੀ ਕਿ ਟੋਕਾ ਉੱਲਰ ਪਿਆ ਤੇ ਖੱਬੇ ਹੱਥ ਦੀ ਪਹਿਲੀ ਉਂਗਲ ਬੁਰੀ ਤਰ੍ਹਾਂ ਫੱਟੜ ਹੋ ਗਈ। ਲਹੂ ਵਗ ਪਿਆ ਤੇ ਮੈਂ ਬਾਘਾ ਅੱਡਣ ਲੱਗਾ। ਮੇਰੀਆਂ ਡਾਡਾਂ ਸੁਣ ਕੇ ਚਾਚਾ ਭੱਜਾ ਆਇਆ, ਮੈਨੂੰ ਚੁੱਕਿਆ ਤੇ ਪਰ੍ਹਾਂ ਓਹਲੇ ਜਿਹੇ ਵਿਚ ਜਾ ਕੇ ਮੇਰੀ ਵੱਢੀ ਹੋਈ ਉਂਗਲ ਤੇ ਜ਼ਰਾ ਕੁ ਪੇਸ਼ਾਬ ਕਰ ਕੇ ਉੱਤੇ ਮਾੜੀ ਜਿਹੀ ਮਿੱਟੀ ਪਾ ਦਿੱਤੀ। ਵੱਢ ਦਾ ਉਹ ਨਿਸ਼ਾਨ ਅੱਜ ਵੀ ਮੌਜੂਦ ਹੈ ਜਿਸਨੂੰ ਵੇਖਦਿਆਂ ਹੀ ਉਹ ਸਾਰਾ ਦ੍ਰਿਸ਼ ਮੇਰੇ ਸਾਹਵੇਂ ਸਾਕਾਰ ਹੋ ਜਾਂਦਾ ਹੈ।


ਛੋਟੇ ਹੁੰਦਿਆਂ ਤੋਂ ਹੀ ਮੇਰੀ ਚਾਚੀ ਮੈਨੂੰ ਹਰ ਐਤਵਾਰ ਬਾਬੇ ਸ਼ਹੀਦਾਂ (ਬਾਬਾ ਦੀਪ ਸਿੰਘ ਦਾ ਗੁਰਦੁਆਰਾ) ਦੇ ਲੈ ਕੇ ਜਾਂਦੀ ਹੁੰਦੀ ਸੀ।ਸਾਰਾ ਰਸਤਾ ਤੁਰ ਕੇ।ਚਾਚੀ ਦੇ ਹੱਥ ਵਿਚ ਮੇਰਾ ਹੱਥ ਹੁੰਦਾ, ਤੇ ਉਹ ਤੁਰੀ ਜਾਂਦੀ। ਨਾਲ ਨਾਲ ਮੈਂ ਤੁਰਿਆ ਜਾਂਦਾ। ਨਹੀਂ ਇਹ ਦਰੁਸਤ ਨਹੀਂ ਹੈ। ਤੁਰਦੀ ਸਿਰਫ਼ ਉਹੋ ਹੀ ਸੀ, ਮੈਂ ਤਾਂ ਰਾਹ ਵਿਚ ਪੰਜਾਹ ਥਾਂਈਂ ਅੜ ਕੇ ਖਲੋ ਜਾਂਦਾ ਸਾਂ। ਰਾਹ ਵਿਚ ਹਰ ਪੰਜ ਸੱਤ ਗਜ਼ ਬਾਅਦ ਉਹਨੂੰ ਮੇਰੀ ਬਾਂਹ ਨੂੰ ਤੁਨਕਾ ਮਾਰਨਾ ਪੈਂਦਾ ਸੀ, ਤੇ ਉਹ ਵਿਚਾਰੀ ਮੇਰੇ ਤੋਂ ਤੰਗ ਆ ਜਾਂਦੀ।
ਹੁੰਦਾ ਇਉਂ ਸੀ ਕਿ ਰਾਹ ਵਿਚ ਸੜਕ ਉੱਤੇ, ਆਸੇ ਪਾਸੇ, ਗਲੀਆਂ ਵਿਚ ਬੜਾ ਕੁਝ ਹੋ ਰਿਹਾ ਹੁੰਦਾ। ਲੋਕ ਲੜ ਝਗੜ ਰਹੇ ਹੁੰਦੇ, ਕੁੱਤੇ ਭੌਂਕ ਰਹੇ ਹੁੰਦੇ, ਗਾਵਾਂ ਮੱਝਾਂ ਇਕ ਦੂਜੀ ਦੇ ਸਿੰਗਾਂ ਵਿਚ ਸਿੰਗ ਫ਼ਸਾ ਕੇ ਯੁੱਧ ਲੜ ਰਹੀਆਂ ਹੁੰਦੀਆਂ, ਮੁੰਡੇ ਵੀ ਇਉਂ ਹੀ ਇਕ ਦੂਜੇ ਦਾ ਗਲਾ ਫੜੀ ਖੜੇ ਹੁੰਦੇ, ਦੁਕਾਨਾਂ ਵਿਚ ਖੜੇ ਲੋਕ ਵੀ ਉੱਚੀ ਉੱਚੀ ਬੋਲ ਰਹੇ ਹੁੰਦੇ। ਹਾਸਿਲ ਇਹ ਕਿ ਕੁਝ ਨਾ ਕੁਝ ਹਰੇਕ ਪਾਸੇ ਅਜੇਹਾ ਵਾਪਰ ਰਿਹਾ ਹੁੰਦਾ ਜੋ ਮੇਰੀ ਉਤਸੁਕਤਾ ਤੇ ਹੈਰਾਨੀ ਦਾ ਕਾਰਨ ਬਣ ਜਾਂਦਾ ਤੇ ਮੇਰੀ ਰਫ਼ਤਾਰ ਹੌਲੀ ਹੁੰਦੀ ਹੁੰਦੀ ਬਹੁਤ ਛੇਤੀ ਖੜੋਤ ਵਿਚ ਬਦਲ ਜਾਂਦੀ। ਜਦੋਂ ਚਾਚੀ ਦੇ ਹੱਥ ਦਾ ਤੁਨਕਾ ਫੇਰ ਵੱਜਦਾ ਤਾਂ ਜਾ ਕੇ ਕਿਤੇ ਮੇਰੇ ਪੈਰਾਂ ਵਿਚ ਹਰਕਤ ਵਾਪਸ ਆਉਂਦੀ। ਤੇ ਇਹ ਸਿਲਸਿਲਾ ਤੁਰਦਾ ਹੀ ਰਹਿੰਦਾ। ਨਾ ਮੈਂ ਆਸੇ ਪਾਸੇ ਵੇਖਣੋਂ ਤੇ ਰੁਕਣੋਂ ਹਟਦਾ ਤੇ ਨਾ ਹੀ ਮੇਰੀ ਮਾਂ ਦਾ ਤੁਨਕਾ ਮੁੱਕਦਾ। ਫੇਰ ਵਾਪਸੀ ਉੱਤੇ ਵੀ ਸਭ ਕੁਝ ਇਉਂ ਹੀ ਵਾਪਰਦਾ। ਸੋ, ਮੇਰਾ ਤੇ ਮੇਰੀ ਮਾਂ ਦਾ ਇਹ ਇਕ ਮੂਕ ਜਿਹਾ ਸਮਝੌਤਾ ਹੀ ਸੀ ਕਿ ਉਹ ਮੈਨੂੰ ਸਿਰਫ਼ ਤੁਨਕੇ ਹੀ ਮਾਰਦੀ ਸੀ ਹੋਰ ਕੁਝ ਨਹੀਂ ਸੀ ਕਹਿੰਦੀ।
ਚੀਜ਼ਾਂ ਵਸਤਾਂ ਨੂੰ ਬੜੀ ਗਹੁ ਨਾਲ ਵੇਖਣਾ, ਤੇ ਵੇਖਦੇ ਹੀ ਰਹਿਣਾ, ਇਹ ਮੇਰੀ ਉਦੋਂ ਦੀ ਹੀ ਆਦਤ ਹੈ ਜੋ ਅੱਜ ਵੀ ਬਰਾਬਰ ਬਣੀ ਹੋਈ ਹੈ ਬਲਕਿ ਬਹੁਤ ਹੀ ਜਿ਼ਆਦਾ ਪੱਕ ਚੁੱਕੀ ਹੈ। ਸ਼ਾਇਦ ਮੇਰੇ ਅੰਦਰਲੇ ਕਲਾਕਾਰ ਦੀ ਇਹ ਸੁਭਾਵਿਕ ਲੋੜ ਹੋਵੇ।

ਮੇਰੇ ਤਾਏ ਦੇ ਪੁੱਤਾਂ ਨੂੰ ਬੀਬੇ ਕਬੂਤਰ ਰੱਖਣ, ਪਾਲਣ ਤੇ ਬੁਰਦਾਂ ਚ ਉਡਾਉਣ ਦਾ ਬੜਾ ਸ਼ੌਕ ਸੀ। ਇਹਨਾਂ ਪੰਜ ਭਰਾਵਾਂ ਚੋਂ ਸਭ ਤੋਂ ਛੋਟਾ ਵੀ ਮੇਰੇ ਨਾਲੋਂ ਚਾਰ ਸਾਲ ਵੱਡਾ ਸੀ। ਉਹਨਾਂ ਕੋਲ ਕਿੰਨ੍ਹੇ ਹੀ ਕਬੂਤਰ ਸਨ। ਬ੍ਹੀਰੇ, ਜੁਗਿੰਦਰ ਤੇ ਮੁਹਿੰਦਰ ਨੂੰ ਇਹ ਸ਼ੌਕ ਸਭ ਤੋਂ ਜਿ਼ਆਦਾ ਸੀ। ਉਹਨਾਂ ਦੇ ਸਾਹਮਣੇ ਵਾਲੇ ਵੱਡੇ ਘਰ ਦੇ ਕੋਠੇ ਉੱਤੇ ਕਬੂਤਰਾਂ ਦੇ ਖੁੱਡੇ ਬਣੇ ਹੋਏ ਸਨ, ਤੇ ਨਾਲ ਹੀ ਇਕ ਲੰਮੀ ਸਾਰੀ ਰੱਸੀ ਬੱਧੀ ਹੋਈ ਸੀ ਜਿਸ ਉੱਤੇ ਕਬੂਤਰ ਬੈਠਦੇ ਸਨ।
ਸਾਡਾ ਇਹ ਇਲਾਕਾ ਜਿ਼ਆਦਾਤਰ ਮੁਸਲਮਾਣੀ ਇਲਾਕਾ ਸੀ। ਹਿੰਦੂਆਂ ਤੇ ਸਿੱਖਾਂ ਦੇ ਮਕਾਨ ਬਹੁਤ ਘੱਟ ਸਨ। ਮੁਸਲਮਾਨਾਂ ਦੇ ਮੁੰਡਿਆਂ ਨੂੰ ਕਬੂਤਰਾਂ, ਕੁੱਕੜਾਂ, ਬਟੇਰਿਆਂ ਤੇ ਦੁੰਬਿਆਂ ਵਗ਼ੈਰਾ ਨੂੰ ਪਾਲਣ ਤੇ ਲੜਾਉਣ ਦਾ ਸ਼ੌਕ ਬਹੁਤ ਵੱਧ ਸੀ। ਇਸਦੇ ਕਾਰਨਾਂ ਦੀ ਥਹੁ ਮੈਨੂੰ ਬਹੁਤ ਬਾਅਦ ਵਿਚ ਲੱਗੀ ਜਦੋਂ ਮੈਂ ਕਾਫ਼ੀ ਵੱਡਾ ਹੋ ਗਿਆ। ਖ਼ੈਰ, ਮੁਖ਼ਤਸਰ ਗੱਲ ਇਹ ਕਿ ਮੁਸਲਮਾਨ ਘਰਾਂ ਦੇ ਕੋਠਿਆਂ ਉੱਤੇ ਮੇਰੇ ਭਰਾਵਾਂ ਦੇ ਕੋਠੇ ਵਾਲਾ ਸੀਨ ਬਹੁਤ ਵਧੇਰੇ ਵੇਖਣ ਨੂੰ ਮਿਲਦਾ ਸੀ।
ਫੇਰ ਬੁਰਦਾਂ ਲਗਦੀਆਂ ਯਾਨਿ ਮੁਕਾਬਲੇ ਹੁੰਦੇ। ਏਧਰੋਂ ਮੇਰੇ ਭਰਾ ਆਪਣਾ ਇਕ ਕਬੂਤਰ ਉਡਾਉਂਦੇ ਤੇ ਓਧਰੋਂ ਦੂਜੇ ਕੋਠਿਆਂ ਵਾਲਿਆਂ ਵਿਚੋਂ ਕੋਈ ਉਡਾਉਂਦਾ। ਇਹ ਇਕ ਤਰ੍ਹਾਂ ਨਾਲ ਪਤੰਗਾਂ ਦੇ ਪੇਚੇ ਲਾਉਣ ਵਾਲੀ ਹੀ ਗੱਲ ਸੀ। ਕਬੂਤਰ ਉੱਡਦੇ, ਹਵਾ ਵਿਚ ਤਾਰੀਆਂ ਲਾਉਂਦੇ, ਇਕ ਦੂਜੇ ਦਾ ਘੇਰਾ ਪਾਉਂਦੇ, ਤੇ ਤਗੜਾ ਫੁਰਤੀਲਾ ਕਬੂਤਰ ਆਪਣੇ ਪ੍ਰਤਿਦਵੰਦੀ ਨੂੰ ਘੇਰ ਕੇ ਆਪਣੇ ਕੋਠੇ ਤੇ ਲੈ ਜਾਂਦਾ। ਇਹੋ ਹੀ ਬੁਰਦਾਂ ਸਨ। ਇਉਂ ਜਿੱਤੀ ਹੋਈ ਧਿਰ ਬੜ੍ਹਕਾਂ ਮਾਰਦੀ, ਜਸ਼ਨ ਮਨਾਉਂਦੀ ਤੇ ਹਾਰੀ ਹੋਈ ਧਿਰ ਦਾ ਮੌਜੂ ਉਡਾਉਂਦੀ। ਫੇਰ ਅਗਲੀ ਬੁਰਦ ਵਿਚ ਪਹਿਲੀ ਬੁਰਦ ਵਿਚ ਜਿੱਤੀ ਹੋਈ ਧਿਰ ਦੀ ਬਾਜ਼ੀ ਮਾਤ ਪੈ ਜਾਂਦੀ ਤੇ ਹੁਣ ਵਾਲੀ ਦੀ ਚੜ੍ਹ ਮਚ ਜਾਂਦੀ। ਇਉਂ ਮੇਰੇ ਭਰਾਵਾਂ ਨੇ ਵੀ ਕਈ ਬੁਰਦਾਂ ਜਿੱਤੀਆਂ ਤੇ ਕਈ ਹਾਰੀਆਂ ਸਨ।
ਫੇਰ ਜਦੋਂ ਸਾਡੇ ਤੇ ਤਾਏ ਦੇ ਘਰ ਵਿਚ ਸੁਲਾਹ ਸਫ਼ਾਈ ਦੇ ਦਿਨ ਹੁੰਦੇ ਤਾਂ ਮੈਂ ਵੀ ਉਹਨਾਂ ਦੇ ਕੋਠੇ ਤੇ ਜਾ ਕੇ ਇਹ ਸਭ ਕੁਝ ਵੇਖਦਾ ਤੇ ਖੁਸ਼ ਹੁੰਦਾ, ਕਬੂਤਰਾਂ ਨੂੰ ਆਪਣੇ ਹੱਥਾਂ ਵਿਚ ਫੜ ਕੇ ਪਲੋਸਦਾ ਤੇ ਪਿਆਰ ਕਰਦਾ। ਉਹਨਾਂ ਦੇ ਕੂਲੇ ਕੂਲੇ ਖੰਭ, ਨਿੱਕੀਆਂ ਤੇ ਪਿਆਰੀਆਂ ਤੇ ਭੋਲੀਆਂ ਅੱਖਾਂ ਮੈਨੂੰ ਬਹੁਤ ਸੋਹਣੀਆਂ ਲਗਦੀਆਂ। ਮੈਂ ਉਹਨਾਂ ਨੂੰ ਚੁੰਮਦਾ ਤੇ ਗੱਲ੍ਹਾਂ ਨਾਲ ਲਾਉਂਦਾ ਤਾਂ ਗਦ ਗਦ ਹੋ ਜਾਂਦਾ। ਪਰ ਆਮ ਕਰ ਕੇ ਸਾਡੇ ਦੋਹਾਂ ਘਰਾਂ ਵਿਚਕਾਰ ਲੜਾਈ ਹੀ ਪਈ ਰਹਿੰਦੀ। ਮੇਰੀ ਤਾਈ ਉੱਤਮ ਕੌਰ ਮੇਰੀ ਮਾਂ ਨੂੰ ਬਹੁਤ ਨਫ਼ਰਤ ਕਰਦੀ ਸੀ ਤੇ ਆਨੀਂ ਬਹਾਨੀਂ ਉਹਨੂੰ ਕੁੱਟ ਵੀ ਦੇਂਦੀ ਸੀ। ਮੇਰੀ ਤਾਈ ਸਰੀਰ ਦੀ ਬਹੁਤ ਤਗੜੀ ਤੇ ਹੁੰਦੜ ਹੇਲ ਸੀ ਜਦੋਂ ਕਿ ਮੇਰੀ ਮਾਂ ਇਕਹਿਰੇ ਸਰੀਰ ਦੀ ਸੀ। ਔਰਤਾਂ ਤੋਂ ਤੁਰ ਕੇ ਇਹ ਲੜਾਈ ਆਦਮੀਆਂ ਤਕ ਪਹੁੰਚ ਜਾਂਦੀ ਤੇ ਫੇਰ ਮਹੀਨਿਆਂ ਬੱਧੀ ਬੋਲਚਾਲ ਬੰਦ ਹੋ ਜਾਂਦੀ ਜਿਸਦਾ ਸਭ ਤੋਂ ਵੱਧ ਨੁਕਸਾਨ ਮੈਨੂੰ ਹੁੰਦਾ। ਮੈਂ ਆਪਣੇ ਵੱਡੇ ਭਰਾਵਾਂ ਦੀ ਸੁਹਬਤ ਤੋਂ ਮਹਿਰੂਮ ਹੋ ਜਾਂਦਾ। ਕਬੂਤਰਾਂ ਦੀ ਅਸਚਰਜ ਖੇਡ ਤੋਂ ਬਿਨਾਂ ਉਹਨਾਂ ਦੀ ਛੱਤਰ ਛਾਇਆ ਤੋਂ ਵੀ ਵਾਂਝਿਆ ਹੋ ਜਾਂਦਾ।
ਇਸ ਸਥਿਤੀ ਵਿਚ ਪਿਆ ਮੈਂ ਮਹਿਰੂਮੀਅਤ ਨੂੰ ਸ਼ਮੂਲੀਅਤ ਚ ਬਦਲਣ ਦੀ ਕੋਸਿ਼ਸ਼ ਕਰਦਾ। ਆਪਣੀ ਕਲਪਨਾ ਸ਼ਕਤੀ ਦਾ ਇਸਤੇਮਾਲ ਕਰਦਾ ਤੇ ਆਪਣੇ ਹੀ ਕਬੂਤਰ ਪੈਦਾ ਕਰਦਾ। ਮੇਰੇ ਇਹ ਕਬੂਤਰ ਸਾਡੇ ਘਰ ਮਣਾਂ ਮੂੰਹੀਂ ਆਉਂਦੀਆਂ ਛੱਲੀਆਂ ਚੋਂ ਪੈਦਾ ਹੁੰਦੇ ਸਨ। ਮੇਰਾ ਚਾਚਾ ਇਹਨਾਂ ਛੱਲੀਆਂ ਚੋਂ ਛੱਲੀਆਂ ਕੱਢ ਕੇ ਕੋਠੇ ਉੱਤੇ ਸੁੱਕਣੀਆਂ ਪਾ ਦੇਂਦਾ ਤੇ ਖੱਗੇ ਸੁੱਟ ਦੇਂਦਾ। ਇਹ ਖੱਗੇ ਹੀ ਅਸਲ ਵਿਚ ਮੇਰੇ ਕਬੂਤਰ ਹੁੰਦੇ ਸਨ। ਖੱਗਿਆਂ ਦੀਆਂ ਚੁੰਝਾਂ ਵੀ ਹੁੰਦੀਆਂ ਤੇ ਇਹਨਾਂ ਦੇ ਪੱਤੇ ਵੀ ਕਬੂਤਰਾਂ ਦੇ ਪਰਾਂ ਵਾਂਗ ਕੂਲੇ ਹੁੰਦੇ। ਮੈਂ ਇਹਨਾਂ ਵਿਚੋਂ ਕੁਝ ਆਪਣੀ ਮਨਮਰਜ਼ੀ ਦੇ ਚੁਣ ਲੈਂਦਾ ਜਦੋਂਕਿ ਬਾਕੀ ਦੇ ਚਾਚਾ ਸੁੱਟ ਦੇਂਦਾ ਜਾਂ ਡੰਗਰਾਂ ਨੂੰ ਪਾ ਦੇਂਦਾ।
ਬਾਬੇ ਸ਼ਹੀਦਾਂ ਦੇ ਜਾਣ ਤੋਂ ਪਹਿਲਾਂ ਮੈਂ ਆਪਣੇ ਇਹਨਾਂ ਕਾਲਪਨਿਕ ਕਬੂਤਰਾਂ ਨੂੰ ਆਲਿਆਂ ਵਿਚ, ਖੜੇ ਮੰਜਿਆਂ ਦੀਆਂ ਹੀਆਂ ਜਾਂ ਪਾਵਿਆਂ ਉੱਤੇ ਰੱਖ ਦੇਂਦਾ। ਪਰ ਜਦੋਂ ਵਾਪਸ ਆਉਂਦਾ ਤਾਂ ਵੇਖਦਾ ਕਿ ਕੋਈ ਨਾ ਕੋਈ ਕਬੂਤਰ ਭੁੰਜੇ ਡਿੱਗਾ ਪਿਆ ਹੁੰਦਾ। ਮੈਂ ਉਹਨੂੰ ਚੁੱਕਦਾ, ਪਲੋਸਦਾ, ਉਸ ਨਾਲ ਹਮਦਰਦੀ ਜਤਾਉਂਦਾ ਤੇ ਉਸ ਨੂੰ ਉਸਦੀ ਥਾਂ ਤੇ ਬਿਠਾ ਦੇਂਦਾ। ਮੇਰੀ ਮਾਂ ਮੈਨੂੰ ਖੇਡੇ ਲੱਗਾ ਵੇਖਕੇ ਆਪਣਾ ਹੱਥਲਾ ਕੰਮ ਕਰਦੀ ਰਹਿੰਦੀ। ਪਰ ਤਕਾਲੀਂ ਘਰ ਆਏ ਚਾਚੇ ਕੋਲੋਂ ਜਦੋਂ ਮੈਂ ਅਸਲੀ ਕਬੂਤਰਾਂ ਦੀ ਮੰਗ ਕਰਦਾ ਤਾਂ ਉਹ ਕਹਿੰਦਾ: ਬਸ, ਮੇਰਾ ਪੁੱਤ ਥੋੜਾ ਜਿਹਾ ਹੋਰ ਵੱਡਾ ਹੋ ਲਵੇ, ਫੇਰ ਆਪਾਂ ਜਿੰਨੇ ਕਹੇ ਕਬੂਤਰ ਲੈ ਆਵਾਂਗੇ।
ਪਿਉ ਦਾ ਛਿੰਦਾ ਪੁੱਤ ਹੋਣਾ ਮੈਨੂੰ ਛੇ ਸਾਲ ਦੀ ਉਮਰ ਤਕ ਹੀ ਨਸੀਬ ਹੋ ਸਕਿਆ। ਜੇ ਬਿਲਕੁਲ ਹੀ ਰੁਲ ਖੁਲ ਕੇ ਪਲਿਆ ਹੁੰਦਾ ਤਾਂ ਛੇ ਸਾਲ ਦੀ ਉਮਰ ਤੋਂ ਬਾਅਦ ਪੈਣ ਵਾਲੀਆਂ ਆਫ਼ਤਾਂ ਸ਼ਾਇਦ ਮੈਨੂੰ ਇਸ ਕਦਰ ਕਦੇ ਨਾ ਰੋਲਦੀਆਂ ਜਿਵੇਂ ਕਿ ਉਹਨਾਂ ਨੇ ਰੋਲਿਆ।
ਚਾਚੇ ਨੇ ਮੇਰਾ ਨਾਂ ਸ਼ੱਕਰ ਤੌਲਾ ਰੱਖਿਆ ਹੋਇਆ ਸੀ ਤੇ ਨਾਲ ਹੀ ਮੇਰੀ ਕਾਂਟੋ ਵੀ। ਮੇਰੀ ਕਾਂਟੋ ਉਦੋਂ ਆਖਦਾ ਜਦੋਂ ਉਹ ਮੈਨੂੰ ਆਪਣੀ ਪਿੱਠ ਤੇ ਚੜ੍ਹਾ ਕੇ ਪੌੜੀਆਂ ਚੜ੍ਹ ਕੇ ਕੋਠੇ ਤੇ ਲੈ ਕੇ ਜਾਂਦਾ ਜਾਂ ਕੋਠਿਉਂ ਥੱਲੇ ਲੈ ਕੇ ਆਉਂਦਾ:
ਮੇਰੇ ਕੋਠੇ ਕੌਣ ਆਂ? ਚਾਚਾ ਕਹਿੰਦਾ। ਕਾਂਟੋ - ਮੈਂ ਲਮਕਾ ਕੇ ਕਹਿੰਦਾ।
ਉੱਤਰ ਕਾਂਟੋ, ਮੈਂ ਚੜ੍ਹਾਂ - ਚਾਚਾ ਜਵਾਬ ਦੇਂਦਾ ਤੇ ਮੈਨੂੰ ਕੁਤਕੁਤਾਰੀਆਂ ਕਢਦਾ।


ਪੰਜ ਸਾਲ ਦੀ ਉਮਰ ਹੁੰਦਿਆਂ ਹੀ ਚਾਚੇ ਨੇ ਮੈਨੂੰ ਪੜ੍ਹਨੇ ਪਾ ਦਿੱਤਾ ਸੀ, ਮਾਸਟਰ ਜੈ ਸਿੰਘ ਦੇ ਗੁਰੂ ਅਰਜਨ ਦੇਵ ਪ੍ਰਾਇਮਰੀ ਸਕੂਲ ਵਿਚ। ਨਾਲ ਹੀ ਉਹਨੇ ਇਲਾਕੇ ਦੇ ਸੰਤਾ ਸਿੰਘ ਹਲਵਾਈ ਨੂੰ ਆਰਡਰ ਦੇ ਦਿੱਤਾ ਸੀ ਕਿ ਮੇਰਾ ਪੁੱਤਰ ਜੋ ਮੰਗੇ ਉਹ ਹਾਜ਼ਰ ਕਰ ਦੇਵੇ। ਚਾਚਾ ਜਦੋਂ ਆਪ ਵੀ ਮੈਨੂੰ ਉਹਦੀ ਹੱਟੀ ਤੇ ਲੈ ਕੇ ਜਾਂਦਾ ਹੁੰਦਾ ਸੀ ਤਾਂ ਮੱਲੋ ਮੱਲੀ ਮੈਨੂੰ ਦੁੱਧ ਪਿਆਉਂਦਾ, ਬਰਫ਼ੀ ਤੇ ਪੇੜੇ ਖੁਆਉਂਦਾ, ਪੇੜਿਆਂ ਦੀ ਲੱਸੀ ਮੇਰੇ ਅੰਦਰ ਡ੍ਹੋਲਦਾ ਹਾਲਾਂਕਿ ਮੈਥੋਂ ਖਾਧਾ ਕੁਝ ਵੀ ਨਹੀਂ ਸੀ ਜਾਂਦਾ। ਉਹ ਚਾਹੁੰਦਾ ਸੀ ਮੈਂ ਰਾਤੋ ਰਾਤ ਜੁਆਨ ਹੋ ਜਾਵਾਂ, ਗਭਰੂ ਹੋ ਜਾਵਾਂ ਤੇ ਤਕੜੇ ਸਰੀਰ ਦਾ ਮਾਲਕ ਬਣ ਜਾਵਾਂ।
ਜਦੋਂ ਮੈਂ ਸਕੂਲ ਜਾਣ ਨੂੰ ਕੁਝ ਕੁ ਸਹਿੰਦੜ ਹੋ ਗਿਆ ਤਾਂ ਲੱਗਾ ਆਪਣੇ ਛੋਟੇ ਛੋਟੇ ਯਾਰਾਂ ਨੂੰ ਸੰਤਾ ਸਿੰਘ ਹਲਵਾਈ ਦੀ ਹੱਟੀ ਤੋਂ ਬਰਫ਼ੀਆਂ, ਪੇੜੇ ਖੁਆਉਣ, ਦੁੱਧ ਤੇ ਲੱਸੀਆਂ ਪਿਆਉਣ। ਮੈਂ ਆਪ ਤਾਂ ਕੀ ਖਾਣਾ ਹੁੰਦਾ ਸੀ ਭਲਾ। ਪਰ ਜਦੋਂ ਬਿੱਲ ਆਉਣਾ ਤਾਂ ਚਾਚੇ ਨੇ ਹੈਰਾਣ ਤਾਂ ਜ਼ਰੂਰ ਹੋਣਾਂ ਪਰ ਸੰਤਾ ਸਿੰਘ ਦੇ ਦੱਸਣ ਤੇ ਹੋਊ ਪਰੇ ਕਰ ਜਾਣਾ: ਚੱਲ ਕੋਈ ਨਈਂ ਯਾਰ, ਮੇਰੇ ਕਿਹੜੇ ਬਾਰਾਂ ਬਾਰਾਂ ਰੋਣ ਡਹੇ ਹੋਏ ਆ।
ਮੇਰੇ ਇਹੋ ਹੀ ਕਾਰੇ ਸਨ ਸੋਢੇ ਵਾਲੇ ਗਿਆਨ ਦੀ ਹੱਟੀ ਤੇ। ਉਹ ਸਲੇਟੀਆਂ, ਪੈਨਸਿਲਾਂ ਤੇ ਚਾਕਾਂ ਵੀ ਵੇਚਦਾ ਸੀ। ਤੇ ਮੈਂ ਆਪਣੇ ਯਾਰਾਂ ਵਿਚ ਇਹਨਾਂ ਸਭ ਦੀ ਵੀ ਛਬੀਲ ਲਾਈ ਹੋਈ ਸੀ। ਪਰ ਮੇਰਾ ਚਾਚਾ ਮੈਨੂੰ ਹਟਕਦਾ ਹੀ ਨਹੀਂ ਸੀ ਤੇ ਨਾ ਹੀ ਹੱਟੀ ਵਾਲਿਆਂ ਨੂੰ ਮੇਰੀ ਇਹ ਸਪਲਾਈ ਬੰਦ ਕਰਨ ਲਈ ਕਹਿੰਦਾ ਸੀ।
ਇੱਕ ਦਿਨ ਮੇਰੇ ਕੋਲੋਂ ਨਾਲ ਦੇ ਘਰ ਦੇ ਮੇਰੇ ਨਾਲੋਂ ਬਹੁਤ ਵੱਡੇ ਮੁੰਡੇ ਦੀ ਪਤੰਗ ਪਾੜ ਗਈ। ਉਹ ਸਿ਼ਕਾਇਤ ਲੈ ਕੇ ਮੇਰੇ ਚਾਚੇ ਕੋਲ ਆਇਆ। ਚਾਚੇ ਨੇ ਪੈਸੇ ਉਹਦੇ ਮੱਥੇ ਮਾਰੇ ਤੇ ਭਜਾ ਦਿੱਤਾ ਤੇ ਮੈਨੂੰ ਭੋਂਇੰ ਤੋਂ ਚੁਕ ਕੇ ਪਿਆਰ ਕਰਨ ਲੱਗਾ। ਇਉਂ ਮੈਂ ਮਾਪਿਆਂ ਦਾ ਸਿਰਫ਼ ਛਿੰਦਾ ਪੁੱਤ ਹੀ ਸਾਂ ਸਗੋਂ ਕੁਝ ਵਿਗੜਿਆ ਹੋਇਆ ਵੀ ਸਾਂ।
ਮੈਂ ਓਨਾ ਚਿਰ ਦੁੱਧ ਨੂੰ ਮੂੰਹ ਨਹੀਂ ਸਾਂ ਲਾਉਂਦਾ ਜਿੰਨਾ ਚਿਰ ਦੁੱਧ ਵਿਚ ਟੋਸ ਨਹੀਂ ਸੀ ਪੈਂਦਾ। ਇਕ ਦਿਨ ਮਾਂ ਨੇ ਬਿਨਾਂ ਟੋਸ ਪਾਇਆਂ ਦੁੱਧ ਪੀਣ ਨੂੰ ਕਿਹਾ ਕਿਉਂਕਿ ਟੋਸ ਮੁੱਕੇ ਹੋਏ ਸਨ। ਪਰ ਮੈਂ ਵੀ ਨਾਂਹ ਤੇ ਅੜਿਆ ਹੋਇਆ ਸਾਂ। ਚਾਚੇ ਦੀ ਖੂਹ ਤੇ ਪਾਣੀ ਦੀ ਵਾਰੀ ਸੀ। ਜਦੋਂ ਉਹ ਵਾਰੀ ਵਾਹ ਕੇ ਬਾਰਾਂ ਵਜੇ ਰਾਤ ਨੂੰ ਘਰ ਆਇਆ ਤਾਂ ਚਾਚੀ ਨੇ ਸਾਰੀ ਕਹਾਣੀ ਰੋ ਰੋ ਕੇ ਦੱਸੀ। ਮੈਂ ਊਂਘਦਾ ਸਾਂ ਪਰ ਬਿਨਾਂ ਟੋਸ ਪਾ ਕੇ ਦੁੱਧ ਪੀਤਿਆਂ ਸੁੱਤਾ ਨਹੀਂ ਸਾਂ। ਚਾਚਾ ਉਸੇ ਵੇਲੇ ਬਾਜ਼ਾਰ ਨੂੰ ਗਿਆ, ਇਕ ਖਾਸ ਦੁਕਾਨ ਵਾਲੇ ਦੀ ਹੱਟੀ ਅੱਧੀ ਰਾਤ ਨੂੰ ਖੁੱਲ੍ਹਵਾਈ ਤੇ ਟੋਸ ਲੈ ਕੇ ਘਰ ਆਇਆ।


ਇਕ ਸ਼ਾਮ ਚਾਚਾ ਆਪਣੇ ਕੁਝ ਖਾਸ ਦੋਸਤਾਂ ਨਾਲ ਸ਼ਰਾਬ ਦੇ ਠੇਕੇ ਨੂੰ ਜਾਣ ਲੱਗਾ ਮੈਨੂੰ ਵੀ ਆਪਣੇ ਘਨਾੜੇ ਚੁੱਕ ਕੇ ਨਾਲ ਲੈ ਤੁਰਿਆ। ਰਾਹ ਵਿੱਚੋਂ ਇਕ ਭੁਕਾਨਿਆਂ ਵਾਲੇ ਕੋਲੋਂ ਚਾਚੇ ਨੇ ਮੈਨੂੰ ਇਕ ਭੁਕਾਨਾ ਲੈ ਕੇ ਦਿੱਤਾ ਜਿਸ ਲਈ ਮੈਂ ਖਹਿੜੇ ਪੈ ਗਿਆ ਸਾਂ। ਠੇਕੇ ਵਿਚ ਚਾਚਾ ਤੇ ਉਹਦੇ ਚਾਰ ਪੰਜ ਯਾਰ ਸ਼ਰਾਬ ਪੀਂਦੇ ਰਹੇ, ਬਰਫ਼ ਤੇ ਗੋਲੀ ਵਾਲੀਆਂ ਖਾਰੇ ਸੋਢੇ ਦੀਆਂ ਬੋਤਲਾਂ ਚੋਂ ਸੋਢਾ ਪਾ ਕੇ। ਤੇ ਮੈਂ ਭੁਕਾਨੇ ਨਾਲ ਖੇਡਦਾ ਰਿਹਾ। ਉਹਨਾਂ ਨੂੰ ਖਾਂਦਿਆਂ ਪੀਂਦਿਆਂ ਤੇ ਉੱਚੀ ਉੱਚੀ ਗੱਲਾਂ ਕਰਦਿਆਂ ਕਈ ਘੰਟੇ ਲੰਘ ਗਏ। ਪਰ ਮੈਂ ਆਪਣੇ ਚਾਚੇ ਨਾਲ ਰਹਿ ਕੇ ਖੁਸ਼ ਸਾਂ। ਫੇਰ ਮੈਨੂੰ ਲਾਡ ਕਰਦਿਆਂ ਜਦੋਂ ਚਾਚੇ ਦਾ ਖੁਰਦਰਾ ਕਿਸਾਣਾ ਹੱਥ ਅਚਾਨਕ ਭੁਕਾਨੇ ਨੂੰ ਛੋਹ ਗਿਆ ਤਾਂ ਭੁਕਾਨਾ ਠਾਹ ਕਰ ਕੇ ਪਾੜ ਗਿਆ। ਮੈਂ ਰੋਣ ਲੱਗਾ ਤੇ ਹੋਰ ਭੁਕਾਨੇ ਦੀ ਮੰਗ ਕਰਨ ਲੱਗਾ। ਵਕਤ ਕਾਫ਼ੀ ਹੋ ਚੁੱਕਾ ਸੀ ਤੇ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਠੇਕੇ ਚੋਂ ਨਿਕਲ ਕੇ ਮੈਂ ਤੇ ਚਾਚੇ ਨੇ ਕਈ ਬਾਜ਼ਾਰ ਫਿਰੇ ਪਰ ਕੋਈ ਹੱਟੀ ਖੁੱਲ੍ਹੀ ਨਹੀਂ ਸੀ। ਪਰ ਮੈਂ ਭੁਕਾਨੇ ਤੋਂ ਬਿਨਾਂ ਕਿਵੇਂ ਸੁੱਕਾ ਘਰ ਜਾ ਸਕਦਾ ਸਾਂ? ਅਖੀਰ ਚਾਚੇ ਨੇ ਮੇਰੇ ਮਾਮਿਆਂ ਦੇ ਪਾਸੇ ਵਾਲੀ ਇਕ ਹੱਟੀ ਖੁੱਲ੍ਹਵਾਈ, ਭੁਕਾਨਾ ਲੈ ਕੇ ਦਿੱਤਾ, ਤਾਂ ਜਾ ਕੇ ਮੇਰੇ ਅੱਥਰੂ ਬੰਦ ਹੋਏ ਸਨ।


ਇੱਕ ਖਾਸ ਘਟਨਾ ਹੋਰ ਪੇਸ਼ ਕਰਨ ਨਾਲ ਇਹ ਪਿੱਠਭੂਮੀ ਤਿਆਰ ਹੋ ਜਾਏਗੀ। ਇਕ ਦਿਨ ਕਰੀਬ ਦੁਪਹਿਰ ਦੇ ਵਕਤ ਮੇਰੀ ਮਾਂ ਗਲੀ ਵਿਚ ਛੋਟੀ ਮੰਜੀ ਡਾਹ ਕੇ ਮੇਰੇ ਸਿਰ ਵਿਚ ਤੇਲ ਝੱਸ ਰਹੀ ਸੀ। ਸਾਹਮਣੇ ਵਾਲੇ ਘਰ ਦੀਆਂ ਬਰੂੰਆਂ ਵਿਚ ਮੇਰੀ ਤਾਈ ਬੈਠੀ ਆਪਣੀਆਂ ਧੀਆਂ ਦੇ ਸਿਰਾਂ ਨੂੰ ਤੇਲ ਲਾ ਰਹੀ ਸੀ। ਅੱਜ ਕੱਲ੍ਹ ਦਰਾਣੀ ਤੇ ਜਠਾਣੀ ਵਿਚਕਾਰ ਬੋਲਚਾਲ ਹੈ ਸੀ। ਪਰ ਫੇਰ ਅਚਾਨਕ ਹੀ ਸਭ ਕੁਝ ਬਦਲ ਗਿਆ। ਉਂਜ ਤਾਈ ਮੇਰੀ ਤੋਂ ਸਾਰਾ ਕੰਬੋਜਵਾੜਾ ਡਰਦਾ ਸੀ। ਨਵੀਂ ਸੜਕ ਉੱਤੇ ਤਾਂ ਸਾਡੇ ਹੀ ਦੋ ਘਰ ਸਨ ਜਦੋਂਕਿ ਬਾਕੀ ਦੇ ਕੰਬੋਜਾਂ ਦੇ ਘਰ ਨਾਲ ਦੇ ਬਾਜ਼ਾਰਾਂ ਤੇ ਗਲੀਆਂ ਵਿਚ ਸਨ। ਉਹ ਸਾਰੇ ਹੀ ਉੱਤਮੀ (ਤਾਈ) ਦੀ ਫੁੱਟ ਜ਼ੁਬਾਨ ਤੋਂ ਤ੍ਰਹਿੰਦੇ ਸਨ। ਕੋਈ ਔਰਤ ਉਸ ਨਾਲ ਆਢਾ ਨਹੀਂ ਸੀ ਲਾਉਂਦੀ। ਡਰਦੀ ਤਾਂ ਉਸ ਤੋਂ ਮੇਰੀ ਮਾਂ ਵੀ ਬਹੁਤ ਸੀ ਪਰ ਕਦੇ ਜਦੋਂ ਜੁਆਬ ਦੇਣਾ ਹੀ ਪੈ ਜਾਣਾ ਤਾਂ ਸਿੱਟਾ ਮੇਰੀ ਮਾਂ ਦੇ ਕੁੱਟ ਖਾਣ ਵਿਚ ਹੀ ਨਿਕਲਨਾ। ਅੱਜ ਵੀ ਏਹੋ ਹੀ ਹੋਇਆ।
ਮੇਰੀ ਮਾਂ ਗਰੀਬ ਮਾਪਿਆਂ ਦੀ ਧੀ ਸੀ। ਜ਼ਾਹਿਰ ਹੈ ਕਿ ਦਾਜ ਵਿਚ ਉਹਨੂੰ ਬਹੁਤਾ ਕੁਝ ਨਹੀਂ ਮਿਲਿਆ ਹੋਵੇਗਾ। ਦੂਜੇ ਪਾਸੇ ਤਾਈ ਦੇ ਸ਼ਾਹੂਕਾਰ ਪਿਉ ਨੇ ਉਹਨੂੰ ਪੂਰੀ ਤਰ੍ਹਾਂ ਲੱਦ ਕੇ ਤੋਰਿਆ ਸੀ। ਉਹ ਉਂਜ ਤਕੜੀ ਤੇ ਜਵਾਨ ਵੀ ਬਹੁਤ ਸੀ। ਅੱਠ ਬੱਚੇ ਜੰਮ ਕੇ ਵੀ ਇਉਂ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮਣ ਮਣ ਪੱਕਾ ਸਾਗ ਖੂਹ ਤੋਂ ਘਰ ਲੈ ਆਉਂਦੀ ਤੇ ਗਲੀ ਗੁਆਂਢ ਚ ਵੇਚ ਦੇਂਦੀ। ਇਉਂ ਹੀ ਗੋਂਗਲੂ, ਗੋਭੀ, ਵਤਾਊਂ ਤੇ ਹੋਰ ਮੌਸਮ ਦੀਆਂ ਸਬਜ਼ੀਆਂ।
ਗੱਲ ਸ਼ਾਇਦ ਕਿਸੇ ਹੁਣਵੇਂ ਵਿਆਹ ਤੋਂ ਸ਼ੁਰੂ ਹੋਈ ਸੀ ਜਿਸਦੀ ਆੜ ਵਿਚ ਤਾਈ ਨੇ ਮੇਰੀ ਮਾਂ ਨੂੰ ਬੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚਾਚੀ ਨੇ ਅੱਗੋਂ ਕੋਈ ਮੋੜ ਮੋੜ ਦਿੱਤਾ ਤੇ ਬੱਸ। ਉੱਤਮੀ ਬਘਿਆੜੀ ਬਣ ਕੇ ਉੱਠੀ, ਮੇਰੀ ਚਾਚੀ ਨੂੰ ਵਾਲਾਂ ਤੋਂ ਫੜਿਆ ਤੇ ਧੂੰਹਦੀ ਹੋਈ ਗਲੀ ਦੇ ਵਿਚਕਾਰ ਲੈ ਆਈ, ਉਹਦੀ ਹਿੱਕ ਤੇ ਬੈਠ ਗਈ ਤੇ ਫੇਰ ਲੱਗੀ ਮੋਹਲੇ ਵਰਗੀਆਂ ਬਾਹਵਾਂ ਉਸ ਮਾੜੀ ਧੀੜੀ ਤੇ ਵਰ੍ਹਾਉਣ। ਤਾਈ ਨੇ ਮਾਰ ਮਾਰ ਕੇ ਚਾਚੀ ਦੇ ਦੰਦਾਂ ਚੋਂ, ਨੱਕ ਚੋਂ ਲਹੂ ਕੱਢ ਦਿੱਤਾ, ਵਾਲ ਏਦਾਂ ਪੁੱਟ ਪੁੱਟ ਕੇ ਸੁੱਟੇ ਜਿਵੇਂ ਭੇਡ ਮੁੰਨ ਕੇ ਸੁੱਟੀ ਹੋਵੇ। ਉਹਦੇ ਹੇਠਾਂ ਪਈ ਚਾਚੀ ਕੱਰਾਹ ਰਹੀ ਸੀ, ਚੀਕਾਂ ਮਾਰ ਰਹੀ ਸੀ ਤੇ ਸਾਹੋ ਸਾਹ ਹੋਈ ਪਈ ਸੀ। ਤੇ ਏਧਰ ਮੈਂ ਚਾਚੀ ਨੂੰ ਛੁਡਾਉਣ ਦੀ ਕੋਸਿ਼ਸ਼ ਵਿਚ ਭੁੱਬਾਂ ਮਾਰ ਰਿਹਾ ਸਾਂ। ਰੋ ਰੋ ਕੇ ਮੇਰੀ ਘਿੱਗੀ ਬੱਝ ਗਈ ਸੀ। ਫੇਰ ਚਾਚੀ ਦੀਆਂ ਤੇ ਮੇਰੀਆਂ ਭੁੱਬਾਂ ਸੁਣ ਕੇ ਗਲੀ ਦੇ ਦੂਜੇ ਪਾਸਿਉਂ ਬੁੱਢਾ ਜੀਵਨ ਸਿੰਘ ਆਇਆ ਤੇ ਮਸ੍ਹਾਂ ਹੀ ਚਾਚੀ ਨੂੰ ਉਹਦੀ ਜਠਾਣੀ ਤੋਂ ਛੁਡਾਇਆ।
ਤੇਲ ਵਾਲੀ ਸ਼ੀਸ਼ੀ ਡੁੱਲ੍ਹ ਗਈ ਸੀ ਤੇ ਮੰਜੀ ਦਾ ਵੀ ਇਕ ਪਾਵਾ ਟੁੱਟ ਗਿਆ ਸੀ। ਬੁਸਕ ਬੁਸਕ ਰੋਂਦਿਆਂ ਚਾਚੀ ਨੇ ਮੰਜੀ ਚੁੱਕੀ ਤੇ ਅੰਦਰ ਰੱਖੀ। ਨਾਲ ਹੀ ਮੈਨੂੰ, ਆਪਣੀ ਤਾਈ ਨੂੰ ਸੌ ਸੌ ਗਾਲਾਂ ਕੱਢਦੇ ਨੂੰ ਬਾਹੋਂ ਫੜਿਆ ਤੇ ਅੰਦਰ ਲੈ ਗਈ। ਪਰ ਮੈਂ ਅੰਦਰ ਜਾ ਕੇ ਵੀ ਬਾਰੀ ਚੋਂ ਤਾਈ ਨੂੰ (ਇਹ ਬਾਰੀ ਤਾਈ ਦੇ ਘਰ ਵੱਲ ਹੀ ਖੁੱਲ੍ਹਦੀ ਸੀ) ਤੇਰੀ ਮਾਂ ਦੀ ਤੇਰੀ ਭੈਣ ਦੀ ਵਰਗੀਆਂ ਗਾਲਾਂ ਕੱਢਦਾ ਰਿਹਾ। ਮੇਰੀਆਂ ਕਚੀਚੀਆਂ, ਗੁੱਸਾ ਤੇ ਗਾਲਾਂ ਓਨਾ ਚਿਰ ਜਾਰੀ ਰਹੀਆਂ ਜਿੰਨਾਂ ਚਿਰ ਸ਼ਾਮ ਨੂੰ ਚਾਚਾ ਘਰ ਨਹੀਂ ਆ ਗਿਆ।
ਫੇਰ ਜਦੋਂ ਚਾਚੇ ਨੂੰ ਸਾਰੀ ਗੱਲ ਦਾ ਪਤਾ ਲੱਗਾ ਤੇ ਉਹਨੇ ਮੈਨੂੰ ਬੁਸਕਦੇ ਨੂੰ ਵੇਖਿਆ ਤਾਂ ਉਹਨੂੰ ਤਾਂ ਚੜ੍ਹ ਤੱਈਆ ਗਿਆ। ਓਸ ਸ਼ਾਮ ਇਕ ਵਾਰੀ ਫੇਰ ਚਾਚੇ ਨੇ ਆਪਣਾ ਪੁਰਾਣਾ ਮਿਆਨੀ ਵਾਲਾ ਵੱਡਾ ਚਾਕੂ ਕੱਢਿਆ ਤੇ ਤਾਏ ਦਾ ਬੰਦ ਬੂਹਾ ਭੰਨਣ ਲੱਗਾ, ਗਾਲਾਂ ਦਾ ਮੀਂਹ ਵਰ੍ਹਾਉਣ ਲੱਗਾ ਤੇ ਆਪਣੇ ਵੱਡੇ ਭਰਾ ਨੂੰ ਵੰਗਾਰਨ ਲੱਗਾ। ਉਹਦਾ ਜੈਕਾਰਾ ਸੀ ਉਹ ਅੱਜ ਉੱਤਮੀ ਨੂੰ ਵੱਢ ਕੇ ਹੀ ਸਾਹ ਲਵੇਗਾ। ਚਾਚਾ, ਉਹਦੀ ਨਿੱਤ ਦੇ ਵਾਧਿਆਂ ਤੋਂ ਅੱਕ ਚੁਕਾ ਸੀ। ਜਦੋਂ ਘੰਟਾ ਭਰ ਚਾਚਾ ਬੁੱਕਣੋਂ ਨਾ ਹਟਿਆ ਤਾਂ ਕਿਤੇ ਤਾਇਆ ਮੇਰਾ ਬਾਹਰ ਨਿਕਲਿਆ। ਦੋਹਾਂ ਭਰਾਵਾਂ ਵਿਚ ਹੱਥੋ-ਪਾਈ ਹੋਈ, ਦੋਹਾਂ ਦੇ ਦੋ ਦੋ ਦੰਦ ਟੁੱਟੇ, ਕਈ ਕਈ ਸੱਟਾਂ ਲੱਗੀਆਂ ਤੇ ਬੋਲਚਾਲ ਬੰਦ ਹੋ ਗਿਆ। ਇਹ ਸ਼ਾਇਦ ਮਾਰਚ 47 ਦੀ ਗੱਲ ਹੈ।


ਸੋ ਕੁਝ ਇਸਤਰ੍ਹਾਂ ਦੀ ਪਿੱਠਭੂਮੀ ਤੇ ਬਚਪਨ ਸੀ ਮੇਰਾ ਜਿਸਦੇ ਬਰਅਕਸ ਹੀ ਮੇਰੇ ਪਾਠਕ ਮੇਰੀ ਆਉਣ ਵਾਲੀ ਜਿ਼ੰਦਗੀ ਨੂੰ ਸਮਝ ਸਕਣ ਗੇ।


ਅਪ੍ਰੈਲ 1947 ਵਿਚ ਸਕੂਲ ਬੰਦ ਹੋ ਗੲ ਸਨੇ, ਤੇ ਫੇਰ ਕਦੇ ਨਾ ਖੁੱਲ੍ਹੇ।ਹਰ ਰੋਜ਼ ਨਵੀਆਂ ਤੇ ਭੈੜੀਆਂ ਖ਼ਬਰਾਂ ਆਉਂਦੀਆਂ, ਤੇ ਲੋਕ ਦੜ ਵੱਟ ਕੇ ਰਹਿ ਜਾਂਦੇ। ਪਤਾ ਨਹੀਂ ਕੀ ਹੋਣ ਵਾਲਾ ਸੀ? ਪਤਾ ਨਹੀਂ ਕੀ ਹੋ ਰਿਹਾ ਸੀ? ਪਤਾ ਨਹੀਂ ਕੀਹਨੇ ਜੀਣਾ ਸੀ ਤੇ ਕੀਹਨੇ ਮਰਨਾ ਸੀ। ਸ਼ਹਿਰ ਵਿਚ ਜਲਸੇ ਜਲੂਸ ਨਿਕਲਦੇ ਤੇ ਉਹ ਨਵੀਂ ਸੜਕ ਵਿੱਚੋਂ ਦੀ ਵੀ ਹੋ ਕੇ ਜਾਂਦੇ। ਅਜੀਬ ਅਜੀਬ ਡਰਾਉਣੇ ਲੋਕ ਇਹਨਾਂ ਜਲਸਿਆਂ ਜਲੂਸਾਂ ਵਿਚ ਸ਼ਾਮਿਲ ਹੁੰਦੇ ਤੇ ਦਿਲਾਂ ਨੂੰ ਦਹਿਲਾ ਦੇਂਦੇ।
ਜੂਨ/ਜੁਲਾਈ ਵਿਚ ਹਾਲਾਤ ਬਦ ਤੋਂ ਬਦਤਰ ਹੋ ਗਏ। ਇਕ ਦਿਨ ਚਾਚਾ ਜਦੋਂ ਖੂਹ ਤੋਂ ਘਰ ਆਇਆ ਤਾਂ ਉਹਦੀ ਸੱਜੀ ਅੱਡੀ ਬੁਰੀ ਤਰ੍ਹਾਂ ਸੁੱਜੀ ਹੋਈ ਸੀ। ਕਿਸੇ ਨੇ ਪਿੱਛੋਂ ਦੀ ਡਾਂਗ ਮਾਰੀ ਸੀ। ਉਹ ਬੰਦੇ ਬਹੁਤੇ ਸਨ ਇਸ ਲਈ ਚਾਚੇ ਨੂੰ ਉੱਥੋਂ ਭੱਜਣਾ ਪਿਆ ਸੀ। ਮੈਨੂੰ ਯਾਦ ਹੈ ਚਾਚੀ ਨੇ ਅੱਗ ਵਿਚ ਰੋੜੇ ਗਰਮ ਕਰ ਕਰ ਕੇ ਤੇ ਕਿਸੇ ਕੱਪੜੇ ਵਿਚ ਲਪੇਟ ਕੇ ਚਾਚੇ ਨੂੰ ਫੜਾਏ ਸਨ ਜਿਹਨਾਂ ਨਾਲ ਚਾਚਾ ਕਿੰਨ੍ਹਾਂ ਹੀ ਚਿਰ ਅੱਡੀ ਨੂੰ ਸੇਕ ਦੇਂਦਾ ਰਿਹਾ ਸੀ।
ਮੇਰੇ ਤਾਏ ਦਾ ਤੇ ਸਾਡਾ ਬੋਲਚਾਲ ਅਜੇ ਵੀ ਬੰਦ ਸੀ। ਪਤਾ ਨਹੀਂ ਇਸਦਾ ਮੇਰੇ ਤਾਏ-ਤਾਈ ਉੱਤੇ ਕੋਈ ਅਸਰ ਸੀ ਜਾਂ ਨਹੀਂ ਪਰ ਮੇਰੇ ਮਾਂ-ਪਿਉ ਉੱਤੇ ਤਾਂ ਬਹੁਤ ਸੀ। ਖਾਸ ਕਰ ਕੇ ਹੁਣ ਜਦੋਂ ਹਾਲਾਤ ਮਾੜੇ ਹੋ ਰਹੇ ਸਨ। ਸ਼ਾਇਦ ਉਹਨਾਂ ਨੂੰ ਪੰਜ ਪੁੱਤਾਂ ਦਾ ਮਾਨ ਸੀ ਜਿਹਨਾਂ ਚੋਂ ਸਭ ਤੋਂ ਵੱਡਾ ਬੋਲਾ ਮੁਖਤਾਰ ਪੰਝੀਆਂ ਸਾਲਾਂ ਦਾ ਸੀ, ਛੋਟਾ ਮੁਹਿੰਦਰ ਵੀਹਾਂ ਦਾ, ਜੁਗਿੰਦਰ ਸਤ੍ਹਾਰਾਂ ਦਾ, ਹਰਬੰਸ ਪੰਦਰਾਂ ਦਾ ਤੇ ਬਲਬੀਰ ਦਸਾਂ ਸਾਲਾਂ ਦਾ। ਤੇ ਏਧਰ ਮੈਂ ਅਜੇ ਸਤੰਬਰ ਵਿਚ ਛੇਆਂ ਸਾਲਾਂ ਦਾ ਹੋਣਾ ਸੀ।
ਉਹ ਮਹੀਨਾ ਜ਼ਰੂਰ ਜੁਲਾਈ ਜਾਂ ਅਗਸਤ ਦਾ ਹੋਵੇਗਾ ਕਿਉਂਕਿ ਮੀਂਹ ਵੀ ਵਰ੍ਹਦਾ ਸੀ ਹੁੱਸੜ ਵੀ ਹੋ ਜਾਂਦਾ ਸੀ। ਮੇਰੇ ਤਾਏ ਦੀ ਵਾਹੀ ਦੋ ਖੂਹਾਂ ਉੱਤੇ ਸੀ: ਇਕ ਭਾਈ ਵਾਲੇ ਖੂਹ ਤੇ ਜਿਸਨੂੰ ਪਿੰਡ ਭਰਾੜੀਵਾਲ ਲਗਦਾ ਸੀ ਤੇ ਦੂਜੀ ਹਵੇਲੀ ਵਾਲੇ ਖੂਹ ਤੇ ਜਿਸਨੂੰ ਪਿੰਡ ਮੂਲਾ ਚੱਕ ਲਗਦਾ ਸੀ। ਬੋਲਾ ਮੁਖਤਾਰ ਜਿਸਨੂੰ ਆਮ ਤੌਰ ਤੇ ਬੋਲਾ ਹੀ ਕਿਹਾ ਜਾਂਦਾ, ਹਵੇਲੀ ਵਾਲੇ ਖੂਹ ਦੀ ਪੈਲੀ ਤੇ ਗਿਆ ਹੋਇਆ ਸੀ ਤੇ ਬਾਕੀ ਦੇ ਚਾਰ ਭਰਾੜੀਵਾਲ ਵਿਚ ਸਨ। ਚਾਚੇ ਦਾ ਅੱਧਵਰਿਤਾ ਖੂਹ ਵੀ ਭਾਈ ਵਾਲੇ ਖੂਹ ਦੇ ਲਾਗੇ ਹੀ ਸੀ।
ਹੁਣ ਕਰੀਬ ਇੱਕ ਹਫ਼ਤੇ ਤੋਂ ਹਾਲਾਤ ਏਡੇ ਖ਼ਰਾਬ ਹੋ ਗਏ ਸਨ ਕਿ ਜਿਸ ਥਾਂ ਕੋਈ ਬੈਠਾ ਸੀ ਓਥੇ ਹੀ ਬੈਠਾ ਸੀ। ਚਾਚੇ ਦਾ ਸਾਰਾ ਮਾਲ ਡੰਗਰ ਖੂਹ ਉੱਤੇ ਹੀ ਬੱਧਾ ਪਿਆ ਸੀ। ਸ਼ਾਇਦ ਬੱਧਾ ਰਿਹਾ ਵੀ ਹੋਵੇ ਕਿ ਨਾ। ਸ਼ਾਇਦ ਲੋਕ ਹੀ ਖੋਹਲ ਕੇ ਲੈ ਗਏ ਹੋਣ, ਚਾਚੇ ਨੂੰ ਇਸਦਾ ਕੋਈ ਇਲਮ ਨਹੀਂ ਸੀ। ਸਾਡੇ ਘਰ ਵਿਚ ਮੈਂ ਸਾਂ, ਚਾਚਾ ਸੀ ਤੇ ਚਾਚੀ। ਤਾਏ ਦੇ ਘਰ ਵਿਚ ਤਾਇਆ ਸੀ, ਤਾਈ ਤੇ ਦੋ ਕੁੜੀਆਂ - ਦੀਪੋ ਇਕ ਸਾਲ ਦੀ ਤੇ ਵੱਡੀ ਬਿਅੰਤੀ ਤਿੰਨ ਸਾਲ ਦੀ। ਉਹ ਆਪਣੇ ਘਰ ਸਨ ਤੇ ਅਸੀਂ ਆਪਣੇ, ਆਹਮੋ ਸਾਹਮਣੇ, ਪਰ ਬੋਲਚਾਲ ਕੋਈ ਨਹੀਂ ਸੀ।
ਕਰਫਿ਼ਊ ਲਗਦੇ ਸਨ, ਗਲੀਆਂ ਤੇ ਬਾਜ਼ਾਰ ਬੰਦ ਸਨ ਤੇ ਲੋਕ ਘਰਾਂ ਵਿਚ ਦੜ ਵੱਟ ਕੇ ਬੈਠੇ ਸਨ। ਡਰੇ ਤੇ ਘਬਰਾਏ ਹੋਏ। ਪਤਾ ਨਹੀਂ ਕਦੋਂ ਕੀ ਵਾਪਰ ਜਾਏ। ਅਫ਼ਵਾਹਾਂ ਆਮ ਗਸ਼ਤ ਕਰਦੀਆਂ। ਸੁਣਿਆਂ ਗਿਆ ਕਿ ਨੰਢਿਆਂ ਵਾਲੇ ਵਿਹੜੇ (ਮੇਰੇ ਨਾਨਕਿਆਂ ਦੀ ਗਲੀ) ਵਾਲੇ ਵਿਹੜਾ ਖਾਲੀ ਕਰ ਕੇ ਚਲੇ ਗਏ ਸਨ। ਫੇਰ ਸੁਣਿਆਂ ਗਿਆ ਕਿ ਕੌੜਿਆਂ ਵਾਲੇ ਵਿਹੜੇ (ਨਵੀਂ ਸੜਕ ਦੇ ਨਾਲ ਦਾ ਵਿਹੜਾ) ਵਾਲੇ ਵੀ ਜਾ ਚੁੱਕੇ ਸਨ। ਹੁਣ ਸਿਰਫ਼ ਅਸੀਂ ਹੀ ਰਹਿ ਗਏ ਸਾਂ ਨਿਕਲਣ ਵਾਲੇ। ਪਰ ਫਿਕਰ ਇਹ ਸੀ ਕਿੱਥੇ ਜਾਵਾਂਗੇ? ਫੇਰ ਸਲਾਹ ਵੀ ਕੀਹਦੇ ਨਾਲ ਕੀਤੀ ਜਾਏ? ਸਕੇ ਭਰਾ ਹੀ ਇਕ ਦੂਜੇ ਨਾਲ ਨਹੀਂ ਸਨ ਬੋਲਦੇ। ਦ੍ਹੋਵੇਂ ਧਿਰਾਂ ਆਪੋ ਆਪਣੇ ਬੂਹਿਆਂ ਨੂੰ ਅੰਦਰੋਂ ਕੁੰਡੇ ਲਾ ਕੇ ਅੰਦਰੀਂ ਦਰੜੀਆਂ ਪਈਆਂ ਸਨ। ਚਾਚੇ ਤੇ ਤਾਏ ਦੇ ਸਾਂਝੇ ਮੁਸਲਮਾਨ ਯਾਰ ਗਲੀ ਵਿਚ ਫੇਰੇ ਮਾਰਦੇ ਤੇ ਧਰਵਾਸ ਦੇਂਦੇ ਕਿ ਉਹਨਾਂ ਦੇ ਹੁੰਦਿਆਂ ਕੋਈ ਉਹਨਾਂ ਦੀ ਹਵਾ ਵੱਲ ਨਹੀਂ ਵੇਖ ਸਕਦਾ। ਜੇ ਉਹਨਾਂ ਨੂੰ ਕਿਸੇ ਸ਼ੈ ਦੀ ਲੋੜ ਸੀ ਤਾਂ ਦੱਸਣ, ਉਹ ਹੁਣੇ ਲਿਆ ਕੇ ਦੇ ਦੇਣਗੇ।ਰਾਸ਼ਣ ਦੀ ਦੁਕਾਨ ਮੁਸਲਮਾਨਾਂ ਦੀ ਸੀ, ਨਵੀਂ ਸੜਕ ਚੋਂ ਨਿਕਲਦੇ ਪੀਪਿਆਂ ਵਾਲੇ ਬਾਜ਼ਾਰ ਵਿਚ। ਉਹ ਬਾਹਰੋਂ ਗਲੀ ਵਿੱਚੋਂ ਹੀ ਕਹਿੰਦੇ: ਦੇਵਾ ਸਿਹਾਂ ਆਸਾ ਸਿਹਾਂ, ਧਾਨੂੰ ਕਿਤੇ ਜਾਣ ਦੀ ਲੋੜ ਨਈਂ, ਇਕ ਦੋ ਦਿਨਾਂ ਦੀ ਖੱਪ ਏ ਫੇਰ ਸਭ ਕੁਸ਼ ਪਹਿਲਾਂ ਵਾਂਗ ਹੀ ਹੋ ਜਾਣਾ ਏਂ। ਸੋ ਤੁਸੀਂ ਰਾਮ ਨਾ ਬੈਠੇ ਰਹੋ। ਆਟਾ, ਲੂਣ, ਤੇਲ, ਜੋ ਵੀ ਚਾਹੀਦਾ ਜੇ ਦੱਸੋ ਅਸੀਂ ਡੀਪੂ ਤੋਂ ਲਿਆ ਕੇ ਹੁਣੇ ਦੇ ਜਾਂਦੇ ਹਾਂ। ਤੇ ਏਧਰ ਸਾਡੇ ਮੂਹਾਂ ਵਿਚੋਂ ਹਾਂ ਜਾਂ ਨਾਂਹ ਦੀ ਆਵਾਜ਼ ਵੀ ਨਹੀਂ ਸੀ ਨਿਕਲਦੀ।
ਮੈਨੂੰ ਪਰਤੱਖ ਯਾਦ ਹੈ ਉਹ ਸ਼ਾਮ ਦਾ ਵਕਤ ਜਦੋਂ ਚਾਚੀ ਨੇ ਚਾਚੇ ਨੂੰ ਕਿਹਾ ਸੀ ਤੂੰ ਹੀ ਜਾ ਕੇ ਵੱਡੇ ਭਰਾ ਦੇ ਪੈਰੀਂ ਪੈ ਜਾ, ਉਹਨੇ ਤਾਂ ਤੈਨੂੰ ਮਨਾਉਣ ਆਉਣਾ ਨਹੀਂ। ਜੇ ਨਸੀਬਾਂ ਵਿਚ ਮਰਨਾ ਹੀ ਲਿਖਿਆ ਹੈ ਤਾਂ ਘੱਟੋ ਘੱਟ ਕੱਠੇ ਤਾਂ ਮਰਾਂਗੇ। ਤੇ ਫੇਰ ਚਾਚਾ ਛੋਪਲੇ ਜਿਹੇ ਬੂਹਾ ਖੋਹਲ ਕੇ ਤੇ ਇਹ ਵੇਖ ਕੇ ਬਾਹਰ ਨਿਕਲਿਆ ਸੀ ਕਿ ਬਾਹਰ ਕੋਈ ਬਿੱਜ ਤਾਂ ਨਹੀਂ ਸੀ। ਉਹਨੇ ਆਪਣਾ ਬੂਹਾ ਉਵੇਂ ਹੀ ਬਾਹਰੋਂ ਬੰਦ ਕਰ ਦਿੱਤਾ ਜਿਹਨੂੰ ਚਾਚੀ ਨੇ ਅੰਦਰੋਂ ਕੁੰਡਾ ਲਾ ਲਿਆ। ਫੇਰ ਦੂਜੇ ਹੀ ਪਲ ਚਾਚਾ ਮੇਰੇ ਤਾਏ ਦੇ ਬੂਹੇ ਤੇ ਦਸਤਕ ਦੇ ਰਿਹਾ ਸੀ। ਡਰਿਆ ਹੋਇਆ ਤੇ ਭੈਭੀਤ। ਇਹ ਵੀ ਵੇਖ ਰਿਹਾ ਕਿ ਕੋਈ ਮੁਸਲਮਾਨ ਉੱਤੋਂ ਹੀ ਨਾ ਆ ਜਾਏ। ਮੁਸਲਮਾਨ ਤਾਂ ਸਾਡੇ ਇਲਾਕੇ ਵਿਚ ਆਦਮ ਬੋ, ਆਦਮ ਬੋ ਕਰਦੇ ਫਿਰਦੇ ਸਨ। ਹੁਣੇ ਕੁਝ ਦੇਰ ਪਹਿਲਾਂ ਆ ਕੇ ਧਰਵਾਸ ਦੇਣ ਵਾਲੇ ਦੀਨਾ, ਲੱਖਾ ਤੇ ਮ੍ਹਾਜਾ ਗੁੱਜਰ ਮੁਸਲਮਾਨ ਸਨ ਤੇ ਸਾਡੇ ਤੋਂ ਆਮ ਹੀ ਪੱਠੇ ਖ੍ਰੀਦਦੇ ਸਨ। ਇਹ ਨਵੀਂ ਸੜਕ ਤੇ ਹੀ ਰਹਿੰਦੇ ਸਨ ਜਿੱਥੇ ਇਹਨਾਂ ਦੀਆਂ ਡੇਰੀਆਂ ਸਨ। ਸਾਡਾ ਸਾਰਾ ਇਲਾਕਾ ਹੀ ਮੁਸਲਮਾਨਾਂ ਦਾ ਸੀ।
ਵਾਤਾਵਰਣ ਵਿਚ ਖ਼ਾਮੋਸ਼ੀ ਏਡੀ ਡੂੰਘੀ ਤੇ ਡਰਾਉਣੀ ਸੀ ਕਿ ਸੂਈ ਡਿੱਗੀ ਦਾ ਖੜਾਕ ਵੀ ਸੁਣ ਸਕਦਾ ਸੀ। ਜਦੋਂ ਚਾਚਾ, ਤਾਏ ਦੇ ਬੂਹੇ ਤੇ ਹੌਲੀ ਹੌਲੀ ਡਰੀ ਹੋਈ ਦਸਤਕ ਦੇ ਰਿਹਾ ਸੀ ਤਾਂ ਉਹ ਸਾਨੂੰ ਬੰਦ ਬੂਹੇ ਦੇ ਬਾਵਜੂਦ ਸੁਣ ਰਹੀ ਸੀ। ਫੇਰ ਸਾਨੂੰ ਅੰਦਰੋਂ ਭਾਈਯੇ (ਮੇਰੇ ਚਾਚੇ ਤੋਂ ਬਿਨਾਂ ਤਾਏ ਨੂੰ ਸਾਰੇ ਭਾਈਯਾ ਕਹਿੰਦੇ ਸਨ, ਉਹਦੇ ਆਪਣਾ ਬੱਚੇ ਵੀ, ਤੇ ਤਾਈ ਨੂੰ ਭਾਬੀ। ਇਸ ਤੋਂ ਬਾਅਦ ਮੈਂ ਵੀ ਇਹੋ ਹੀ ਸੰਬੋਧਨ ਵਰਤਾਂਗਾ) ਦੀ ਆਵਾਜ਼ ਵੀ ਸੁਣੀ - ਬੁਰੀ ਤਰ੍ਹਾਂ ਦਹਿਲੀ ਤੇ ਡਰੀ ਹੋਈ।
ਕੌਣ ਐਂ?
ਭਾਊ ਮੈਂ ਆਂ, ਆਸਾ ਸੋਂਹ
ਤੇ ਚਾਚੇ ਦਾ ਬੋਲ ਪਛਾਣ ਕੇ ਭਾਈਯੇ ਨੇ ਹੌਲੀ ਜਿਹੀ ਜ਼ਰਾ ਕੁ ਬੂਹਾ ਖੋਹਲ ਕੇ ਚਾਚੇ ਨੂੰ ਅੰਦਰ ਵਾੜ ਲਿਆ। ਬੂਹਾ ਬੰਦ ਹੋਣ ਦੀ ਤੇ ਅੰਦਰੋਂ ਕੁੰਡਾ ਲੱਗਣ ਦੀ ਆਵਾਜ਼ ਵੀ ਪਹਿਲਾਂ ਵਾਂਗ ਹੀ ਆਈ, ਤੇ ਬਸ। ਚਾਚੇ ਨੇ ਭਾਈਯੇ ਨਾਲ ਕੀ ਗੱਲਾਂ ਕੀਤੀਆਂ ਉਹ ਉਹਨੇ ਪੰਦਰਾਂ ਵੀਹ ਮਿੰਟਾਂ ਪਿੱਛੋਂ ਵਾਪਸ ਆ ਕੇ ਚਾਚੀ ਨੂੰ ਦੱਸੀਆਂ। ਸਾਰੀ ਗੱਲਬਾਤ ਦਾ ਸਿਰਾ ਇਹ ਸੀ ਕਿ ਇਕ ਥਾਂ ਇਕੱਠੇ ਹੋ ਜਾਈਏ। ਜੇ ਜੀਵਾਂਗੇ ਤਾਂ ਇਕੱਠੇ ਜੀਵਾਂਗੇ ਤੇ ਜੇ ਮਰ ਗਏ ਤਾਂ ਵੀ ਇਕੱਠੇ ਮਰਾਂਗੇ।
ਫੇਰ ਦੂਜੇ ਹੀ ਪਲ ਚਾਚੀ ਨਿੱਕੇ ਮੋਟੇ ਜ਼ਰੂਰੀ ਸਾਮਾਨ ਦੀ ਇਕ ਪੋਟਲੀ ਬੰਨ੍ਹ ਰਹੀ ਸੀ ਤੇ ਚਾਚਾ ਉਹਨੂੰ ਪੁੱਛ ਰਿਹਾ ਸੀ ਇਸ ਵਾਰੀ ਦੀਆਂ ਗੋਭੀਆਂ ਦੀ ਛੇ ਹਜ਼ਾਰ ਵਟਕ ਕਿੱਥੇ ਸੀ। ਚਾਚੀ ਨੇ ਉਹ ਵਟਕ ਅੰਦਰੋਂ ਲਿਆ ਕੇ ਚਾਚੇ ਨੂੰ ਫੜਾ ਦਿੱਤੀ। ਚਾਚੇ ਨੇ ਤਿੰਨ ਹਜ਼ਾਰ ਗਿਣ ਕੇ ਚਾਚੀ ਨੂੰ ਫੜਾ ਦਿੱਤਾ ਅਤੇ ਬਾਕੀ ਦਾ ਤਿੰਨ ਆਪਣੀ ਚਾਦਰ ਦੀ ਡੱਬ ਚ ਬੰਨ੍ਹ ਲਿਆ। ਸਾਡੇ ਚੋਂ ਜਿਹੜਾ ਬਚ ਗਿਆ ਉਹਨੂੰ ਕਿਸੇ ਅੱਗੇ ਤਰਲੇ ਤਾਂ ਨਈਂ ਕੱਢਣੇ ਪੈਣ ਗੇ - ਚਾਚੇ ਨੇ ਕਿਹਾ ਸੀ।
ਤੇ ਇਕ ਵਾਰ ਫੇਰ ਚਾਚਾ ਭਾਈਯੇ ਦੇ ਬੂਹੇ ਤੇ ਡਰੀ ਹੋਈ ਦਸਤਕ ਦੇ ਰਿਹਾ ਸੀ ਜਦੋਂਕਿ ਚਾਚੀ ਤੇ ਮੈਂ ਆਪਣੇ ਘਰ ਦੇ ਬੂਹੇ ਪਿੱਛੇ ਭੈਭੀਤ ਖੜੇ ਭਾਈਯੇ ਦਾ ਬੂਹਾ ਖੁਲ੍ਹਣ ਦੀ ਉਡੀਕ ਕਰ ਰਹੇ ਸਾਂ। ਜਿਉਂ ਹੀ ਬੂਹਾ ਖੁਲ੍ਹਿਆ ਚਾਚੀ ਮੇਰੀ ਉਂਗਲ ਫੜ ਕੇ ਓਧਰ ਨੂੰ ਭੱਜੀ। ਅਸੀਂ ਭਾਈਯੇ ਦੇ ਘਰ ਦਾ ਬੂਹਾ ਹੀ ਟੱਪੇ ਸਾਂ ਕਿ ਚਾਚੀ ਸਾਹੋ ਸਾਹ ਹੋ ਗਈ। ਉਹ ਪੂਰੇ ਦਿਨਾਂ ਉੱਤੇ ਸੀ। ਮੇਰਾ ਛੋਟਾ ਭੈਣ-ਭਾਈ ਕਿਸੇ ਵੇਲੇ ਵੀ ਬਾਹਰ ਆ ਸਕਦਾ ਸੀ।

ਸਾਨੂੰ ਦੋਹਾਂ ਬਲਕਿ ਤਿੰਨ੍ਹਾਂ ਨੂੰ ਅੰਦਰ ਵਾੜ ਕੇ ਚਾਚਾ ਉਹਨੀਂ ਪੈਰੀਂ ਵਾਪਸ ਘਰ ਨੂੰ ਗਿਆ ਤੇ ਬੂਹੇ ਨੂੰ ਜੰਦਰਾ ਲਾ ਕੇ ਵਾਪਸ ਆ ਗਿਆ। ਹੁਣ ਅਸੀਂ ਇਕ ਹੀ ਘਰ ਵਿਚ ਇਕੱਠੇ ਸਾਂ। ਪਤਾ ਨਹੀਂ ਮਰਨਾ ਸੀ ਕਿ ਜੀਣਾ ਸੀ।
ਪਰ ਕਿਸੇ ਪਾਸੇ ਕੋਈ ਆਵਾਜ਼ ਨਹੀਂ ਸੀ ਹੋ ਰਹੀ। ਭਾਬੀ ਸੁੰਨ ਸੀ, ਭਾਈਯਾ ਸੁੰਨ ਸੀ, ਤੇ ਮੇਰੇ ਚਾਚਾ ਚਾਚੀ ਵੀ। ਸਾਲ ਦੀ ਦੀਪੋ ਨੇ ਮਾਂ ਦਾ ਇਕ ਮੰਮਾ ਮੂੰਹ ਵਿਚ ਪਾਇਆ ਹੋਇਆ ਸੀ ਤੇ ਤਿੰਨ ਸਾਲਾਂ ਦੀ ਬੰਤੀ ਨੇ ਦੂਸਰਾ। ਗਰਮੀ ਤੇ ਹੱਸੜ ਬਹੁਤ ਸੀ। ਮੈਂ ਡਰਿਆ ਹੋਇਆਂ ਉਹਨਾਂ ਦੇ ਲਾਗੇ ਬੈਠਾ ਸਾਂ। ਚੁੱਪ ਚਾਪ, ਆਨੇ ਟੱਡੀ। ਮੇਰੇ ਲਈ ਇਹ ਸਭ ਕੁਝ ਬੜਾ ਅਜੀਬ, ਅਲੋਕਾਰ ਤੇ ਡਰਾਉਣਾ ਸੀ। ਮੈਨੂੰ ਇਹਨਾਂ ਸਭ ਦੇ ਉੱਚੀ ਬੋਲਣ ਦਾ, ਗਾਲਾਂ ਕੱਢਣ ਦਾ, ਲੜਨ ਦਾ, ਇਕ ਦੂਜੇ ਨੂੰ ਫੱਟੜ ਕਰ ਦੇਣ ਦਾ ਤਜਰਬਾ ਤਾਂ ਸੀ ਪਰ ਇਉਂ ਚੁੱਪ ਚਾਪ ਤੇ ਸੁੰਨ, ਡਰੇ ਤੇ ਦੁਬਕੇ ਹੋਏ ਹੋਣ ਦਾ ਕੋਈ ਇਲਮ ਨਹੀਂ ਸੀ। ਇਹ ਆਮ ਗੱਲ ਨਹੀਂ ਸੀ। ਇੱਥੇ ਕੁਝ ਗ਼ਲਤ ਜ਼ਰੂਰ ਸੀ। ਕੋਈ ਵੱਡੀ ਆਫ਼ਤ ਆਉਣ ਵਾਲੀ ਸੀ ਜਿਸਦਾ ਚਿਹਰਾ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਸੀ।


ਚਾਚੀ ਦਾ ਚਿਹਰਾ ਪੀਲਾ ਭੂਕ ਹੋ ਗਿਆ ਸੀ, ਤੇ ਉਹ ਹਫ਼ੀ ਹੋਈ ਉਥੇ ਹੀ ਲੰਮੀ ਪੈ ਗਈ ਸੀ।ਚਾਚਾ ਤੇ ਭਾਈਯਾ ਏਥੋਂ ਬਚ ਨਿਕਲਣ ਦੀਆ ਵਿਉਂਤਾਂ ਬਣਾ ਰਹੇ ਸਨ। ਉਹ ਇਕ ਦੂਜੇ ਨੂੰ ਘਰ ਵਿਚ ਕਿਸੇ ਹਥਿਆਰ ਦੇ ਹੋਣ ਬਾਰੇ ਪੁੱਛ ਰਹੇ ਸਨ। ਲੇਕਿਨ ਇਕ ਦੋ ਕਿਰਪਾਨਾਂ ਜਿਹੜੀਆਂ ਦੋਹਾਂ ਘਰਾਂ ਵਿਚ ਸਨ ਉਹ ਤਾਂ ਹੁਣ ਖੂਹਾਂ ਤੇ ਸਨ। ਪਾਣੀ ਦੀਆਂ ਵਾਰੀਆਂ ਸਮੇਂ ਲਿਜਾਈਆਂ ਗਈਆ ਓਥੇ ਹੀ ਰਹਿ ਗਈਆਂ ਸਨ। ਪਤਾ ਥ੍ਹੋੜਾ ਹੀ ਸੀ ਕਿਸੇ ਨੂੰ ਬਈ ਇਹ ਦਿਨ ਵੀ ਵੇਖਣੇ ਪੈਣੇ ਸਨ। ਮਾੜੀ ਮੋਟੀ ਡਾਂਗ ਸੋਟੀ ਤਾਂ ਸੀ ਪਰ ਬਾਹਰ ਤਾਂ ਤਲਵਾਰਾਂ, ਟਕੂਏ ਤੇ ਬਰਛਿਆਂ ਵਾਲੇ ਫਿਰਦੇ ਸਨ। ਫੇਰ ਚਾਚਾ ਸੀ ਸੱਠਾਂ ਸਾਲਾਂ ਦਾ ਤੇ ਭਾਈਯਾ ਤਰੇਠਾਂ ਦਾ।


ਚਾਚੇ ਨੇ ਸਰਕਾਰੀ ਨਲਕਾ ਜੋ ਭਾਈਯੇ ਦੇ ਘਰ ਵਿਚ ਲੱਗਾ ਹੋਇਆ ਸੀ, ਖ੍ਹੋਲਿਆ ਤਾਂ ਬੜਾ ਘਸਮੈਲਾ ਜਿਹਾ ਪਾਣੀ ਨਿਕਲਿਆ ਜਿਵੇਂ ਜ਼ੰਗਾਲਿਆ ਹੋਇਆ ਹੋਵੇ।
ਲਗਦਾ ਏ ਮੁਸਲਿਆਂ ਨੇ ਪਾਣੀ ਵਿਚ ਜ਼ਹਿਰ ਮਿਲਾ ਦਿੱਤਾ ਏ ਚਾਚੇ ਨੇ ਕਿਹਾ। ਇਹੋ ਜਿਹੀਆਂ ਅਫ਼ਵ੍ਹਾਵਾਂ ਉਹ ਪਹਿਲਾਂ ਵੀ ਸੁਣ ਚੁੱਕੇ ਸਨ। ਮੁਸਲਮਾਨੀ ਇਲਾਕਾ ਹੋਣ ਕਰ ਕੇ ਸਰਕਾਰੀ ਰਾਸ਼ਨ ਦਾ ਡੀਪੂ ਤੇ ਪਾਣੀ ਦੀ ਸਪਲਾਈ ਦੇ ਸ੍ਰੋਤਾਂ ਤੇ ਉਹਨਾਂ ਦਾ ਹੀ ਕਬਜ਼ਾ ਸੀ। ਪਾਣੀ ਚਾਚੇ ਨੂੰ ਹਾਜਤ ਲਈ ਚਾਹੀਦਾ ਸੀ। ਸੋ ਉਹ ਉਸੇ ਪਾਣੀ ਦੀ ਭਾਂਡਾ ਭਰ ਕੇ ਕੋਠੇ ਤੇ ਜਾ ਚੜ੍ਹਿਆ ਜਿੱਥੇ ਹਾਜਤਖਾਨਾ ਸੀ। ਪਰ ਕੁਝ ਚਿਰ ਪਿੱਛੋਂ ਜਦੋਂ ਉਹ ਥੱਲੇ ਆਇਆ ਤਾਂ ਹੋਰ ਵੀ ਡਰਿਆ ਹੋਇਆ ਸੀ: ਚਾਰੇ ਪਾਸੇ ਅੱਗਾਂ ਲੱਗੀਆਂ ਹੋਈਆਂ ਨੇ - ਉਹਨੇ ਘਬਰਾਏ ਹੋਏ ਨੇ ਕਿਹਾ। ਫੇਰ ਇਕ ਦਮ ਭਾਈਯਾ ਕੋਠੇ ਤੇ ਗਿਆ ਤੇ ਥੱਲੇ ਆ ਕੇ ਚਾਚੇ ਦੀ ਗੱਲ ਦੀ ਪੁਸ਼ਟੀ ਕਰਨ ਲੱਗਾ।
ਹਨੇਰਾ ਹੋ ਚੁੱਕਾ ਸੀ। ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ। ਵਾਤਾਵਰਣ ਵਿਚ ਗਰਮੀ ਤੇ ਹੁੱਸੜ ਸੀ। ਪਰ ਬਹੁਤਾ ਹੁੱਸੜ ਦਿਲਾਂ ਦੇ ਅੰਦਰ ਸੀ। ਫੇਰ ਭਾਈਯਾ ਹੌਲੀ ਜਿਹੀ ਇਕ ਅਲਾਣਾ ਮੰਜਾ ਡਾਹ ਕੇ ਲੰਮਾ ਪੈ ਗਿਆ ਤੇ ਥ੍ਹੋੜੇ ਚਿਰ ਪਿੱਛੋਂ ਚਾਚਾ ਵੀ ਇਕ ਦੂਸਰੇ ਮੰਜੇਤੇ। ਤੇ ਉਹਦੇ ਨਾਲ ਹੀ ਮੈਂ ਵੀ, ਉਹਦੀ ਦਾਹੜੀ ਵਿਚ ਮੂੰਹ ਸਿਰ ਲੁਕਾ ਕੇ।ਰਾਤ ਬੀਤਣ ਲੱਗੀ ਪਰ ਜਾਗੀ ਹੋਈ ਤੇ ਚੌਕੰਨੀ। ਬਿੜ੍ਹਕਾਂ ਲੈ ਰਹੀ। ਕੋਈ ਅੱਧੀ ਕੁ ਰਾਤ ਨਾਲ ਗਲੀ ਚੋਂ ਭਾਰੀ ਭਰਕਮ ਬੂਟਾਂ ਦੇ ਤੁਰਨ ਦੀ ਆਵਾਜ਼ ਆਈ ਤਾਂ ਸਾਰੇ ਵੱਡੇ ਉੱਠ ਕੇ ਬੈਠ ਗਏ।ਸੁੰਨ ਮਸਾਨ ਅੱਖਾਂ ਨਾਲ।
ਦੇਵਾ ਸਿਹਾਂ ਤੇ ਆਸਾ ਸਿਹਾਂ! ਹੁਣ ਸਾਡੀ ਕੋਈ ਪੇਸ਼ ਨਹੀਂ ਜੇ ਜਾਂਦੀ। ਮੁੰਡੀਰ ਬੜੀ ਭੂਤਰ ਗਈ ਐ। ਤੁਹੀਂ ਸਵੇਰੇ ਏਥੋਂ ਨਿਕਲ ਜਾਉ। ਬੂਹੇ ਖੁੱਲ੍ਹੇ ਛੱਡ ਦਿਉ। ਆਪਣੀਆਂ ਜਾਨਾਂ ਬਚਾਉ। ਅਸੀਂ ਧਾਨੂੰ ਖਬਰਦਾਰ ਹੀ ਕਰਨ ਆਏ ਆਂ। ਫੇਰ ਨਾ ਕਹਿਣਾਂ ਅਸੀਂ ਵੇਲੇ ਸਿਰ ਨਹੀਂ ਦੱਸਿਆ। ਭਾਈਯੇ ਤੇ ਚਾਚੇ ਨੇ ਆਵਾਜ਼ਾਂ ਪਛਾਣੀਆਂ, ਇਹ ਉਹਨਾਂ ਦੇ ਪੁਰਾਣੇ ਯਾਰਾਂ ਦੀਆਂ ਹੀ ਸਨ; ਦੀਨੇ, ਲੱਖੇ ਤੇ ਮ੍ਹਾਜੇ ਦੀਆਂ। ਫੇਰ ਇਹ ਆਵਾਜ਼ਾਂ ਚੁੱਪ ਕਰ ਗਈਆਂ ਤੇ ਇਹਨਾਂ ਦੇ ਪੈਰ ਸਾਡੀਆਂ ਛਾਤੀਆਂ ਤੇ ਬੂਟਾਂ ਸਣੇ ਤੁਰਦੇ ਗਲੀਉਂ ਬਾਹਰ ਨਿਕਲ ਗਏ।
ਚਾਚੇ ਨੇ ਮੈਨੂੰ ਜੱਫੀ ਵਿਚ ਘੁੱਟਿਆ ਤੇ ਕਿਹਾ, ਪੁੱਤ, ਜੇ ਮੈਂ ਮਰ ਗਿਆ ਤਾਂ ਤੂੰ ਰੋਟੀ ਕਿੱਥੋਂ ਖਾਏਂਗਾ? ਮੇਰਾ ਹੱਥ ਚਾਚੇ ਦੀਆਂ ਅੱਖਾਂ ਨੂੰ ਛੋਹ ਗਿਆ। ਅੱਖਾਂ ਗਿੱਲੀਆਂ ਸਨ। ਫੇਰ ਕੁਝ ਚਿਰ ਬਾਅਦ ਜਦੋਂ ਉਹਨੇ ਸਮਝਿਆ ਕਿ ਮੈਂ ਸੌਂ ਗਿਆ ਹਾਂ, ਉੱਠ ਕੇ ਪੌੜੀਆਂ ਚੜ੍ਹ ਗਿਆ। ਜਦੋਂ ਹੀ ਮੇਰੀ ਕੱਚੀ ਨੀਂਦ ਖੁੱਲ੍ਹੀ ਤਾਂ ਚਾਚੇ ਨੂੰ ਨਾਲ ਨਾ ਵੇਖ ਕੇ ਮੈਂ ਭੁੱਬ ਮਾਰ ਦਿੱਤੀ, ਚਾਚਾਸਸਸਸਸਸ! ਮੇਰੀ ਇਸ ਚੀਕ ਨੇ ਵਾਤਵਰਣ ਵਿਚ ਕਈ ਛੇਕ ਕਰ ਦਿੱਤੇ। ਚੁੱਪ ਕਰ ਮਾਂ ਯ੍ਹਾਵਿਆ - ਭਾਈਯੇ ਦੀ ਝਿੜਕ ਨੇ ਮੈਨੂੰ ਇਕ ਦਮ ਯਖ਼ ਕਰ ਦਿੱਤਾ। ਮੈਂ ਦਹਿਲ ਗਿਆ, ਡਰ ਗਿਆ, ਸੁੰਨ ਹੋ ਗਿਆ। ਜਦੋਂ ਚਾਚਾ ਹੇਠਾਂ ਆਇਆ ਤਾਂ ਉਹਨੇ ਭਾਈਯੇ ਦੇ ਕੰਨਾਂ ਵਿਚ ਕੋਈ ਘੁਸਰ ਮੁਸਰ ਕੀਤੀ। ਫੇਰ ਉਹ ਦੋਵੇਂ ਅੱਗੜ ਪਿੱਛੜ ਪੌੜੀਆਂ ਚੜ੍ਹ ਗਏ ਪਰ ਬਿਨਾਂ ਜ਼ਰਾ ਜਿੰਨੇ ਵੀ ਖੜਾਕ ਦੇ। ਸ਼ਾਇਦ ਅੱਗ ਦੀਆ ਲਾਟਾਂ ਹੋਰ ਉੱਚੀਆਂ ਹੋ ਗਈਆਂ ਸਨ।


ਦਹਿਲੇ ਹੋਏ ਦਿਲਾਂ ਨੂੰ ਮਸਲਦੀ, ਉਹਨਾਂ ਦੇ ਰੁੱਗ ਭਰਦੀ, ਕਈ ਜੋੜੇ ਅੱਖਾਂ ਚ ਦਹਿਸ਼ਤ ਬੀਜਦੀ ਰਾਤ, ਰੀਂਘਦੀ ਰਹੀ। ਤੇ ਫੇਰ ਪਹੁਫ਼ੁਟਾਲਾ ਹੋ ਗਿਆ। ਖਿੱਤੀਆਂ ਲੋਪ ਹੋਣ ਲੱਗ ਪਈਆਂ, ਤੇ ਕਾਲਾ ਚਾਨਣ ਚੜ੍ਹ ਪਿਆ। ਤੇ ਅਸੀਂ ਲੋਕ ਏਥੋਂ ਨਿਕਲਣ ਦਾ ਰਾਹ ਲੱਭਣ ਲੱਗੇ।ਜਦੋਂ ਦਿਨ ਕੁਝ ਕੁ ਹੋਰ ਚੜ੍ਹ ਗਿਆ ਤਾਂ ਗਲੀ ਵਿਚੋਂ ਆਉਂਦੀਆਂ ਅਨੇਕਾਂ ਪੈਰਾਂ ਦੀਆਂ ਚਾਪਾਂ ਸੁਣ ਕੇ ਚਾਚੇ ਨੇ ਉਹੋ ਹੀ ਮਕਾਨ ਦੀ ਵੱਖੀ ਵਾਲਾ ਬੂਹਾ ਖੋਹਲਿਆ ਤੇ ਬਾਹਰ ਨਿਕਲਿਆ। ਉਹ ਗਲੀ ਦੇ ਦੂਜੇ ਪਾਸੇ ਵੱਲ ਗਿਆ, ਮੰਗਲ ਸਿੰਘ ਦੇ ਘਰ ਵੱਲ। ਸਾਡੀ ਇਹ ਗਲੀ ਸੀ ਤਾਂ ਪ੍ਰਾਈਵੇਟ ਪਰ ਦੋਨਾਂ ਪਾਸਿਉਂ ਖੁੱਲ੍ਹੀ ਹੋਣ ਕਰ ਕੇ ਇਸ ਵਿਚ ਪ੍ਰਾਈਵੇਸੀ ਵਾਲੀ ਕੋਈ ਗੱਲ ਨਹੀਂ ਸੀ। ਇਸ ਵਿਚ ਹਰ ਕੋਈ ਦਗੜ ਦਗੜ ਕਰ ਸਕਦਾ ਸੀ। ਸਿਰੇ ਵਾਲਾ ਮਕਾਨ ਸੀ ਮੰਗਲ ਸਿੰਘ ਦਾ। ਚਾਚੇ ਨੇ ਵੇਖਿਆ ਉਸਦਾ ਵੱਡਾ ਸਾਰਾ ਫਾਟਕ ਯਾਨਿ ਗੇਟ ਚੌੜ ਚਪੱਟ ਖੁੱਲ੍ਹਾ ਸੀ ਤੇ ਮੁਸਲਮਾਨਾਂ ਦੀਆਂ ਵਾਹਰਾਂ ਨੇ ਮੰਗਲ ਸਿੰਘ ਦੀ ਹਵੇਲੀ ਦਾ ਪੂਰਾ ਘੇਰਾਉ ਕੀਤਾ ਹੋਇਆ ਸੀ। ਨਵੀਂ ਸੜਕ ਉੱਤੇ ਮੰਗਲ ਸਿੰਘ ਦਾ ਟਾਂਗਾ ਤਿਆਰ ਬਰ ਤਿਆਰ ਖੜਾ ਸੀ। ਚਾਚੇ ਨੇ ਮੰਗਲ ਸਿੰਘ ਦਾ ਤਰਲਾ ਕੀਤਾ ਸੀ ਕਿ ਉਹ ਆਪਣੇ ਪਰਵਿਾਰ ਨਾਲ ਸਿਰਫ਼ ਉਹਦੇ ਸਵਰਨ ਨੂੰ ਕੱਢ ਕੇ ਲੈ ਜਾਵੇ, ਬਸ। ਤੇ ਸ਼ਾਇਦ ਉਹ ਮੰਨ ਗਿਆ ਸੀ ਕਿ ਇਕ ਛੋਟੇ ਜਿਹੇ ਬੱਚੇ ਨੇ ਕਿੰਨੀ ਕੁ ਥਾਂ ਮੱਲ ਲੈਣੀ ਸੀ।ਸ਼ਾਇਦ ਉਹਨੇ ਕੁਝ ਵੀ ਨਾ ਕਿਹਾ ਹੋਵੇ ਤੇ ਚਾਚੇ ਨੇ ਉਹਦੀ ਚੁੱਪ ਤੇ ਘਬਰਾਹਟ ਨੂੰ ਹਾਂ ਸਮਝ ਲਿਆ ਹੋਵੇ। ਸ਼ਾਇਦ ਉਹਨੂੰ ਤਾਂ ਆਪਣੀ ਪਤਨੀ ਸੁਰਸਤੀ, ਪੱਤਰ ਭੋਲੂ ਤੇ ਦੋ ਜਵਾਨ ਧੀਆਂ ਨੂੰ ਵੀ ਇਸ ਆਦਮ ਖਾਣੇ ਜੰਗਲ ਚੋਂ ਕੱਢਣਾ ਵੀ ਮੁਸ਼ਕਿਲ ਜਾਪ ਰਿਹਾ ਹੋਵੇ।
ਚਾਚਾ ਦਵਾ ਦਵ ਘਰ ਆਇਆ, ਮੈਨੂੰ ਘਨਾੜੇ ਚੁੱਕਿਆ, ਬਾਕੀਆਂ ਨੂੰ ਤੁਰਨ ਲਈ ਕਿਹਾ, ਤੇ ਫੇਰ ਪਲਾਂ ਵਿਚ ਹੀ ਅਸੀਂ ਮੁਸਲਮਾਨ ਵਾਹਰਾਂ ਦੀ ਭੀੜ ਚੀਰ ਕੇ ਅੱਗੇ ਵਧਣ ਲੱਗੇ। ਵਾਹਰਾਂ ਅੱਖਾਂ ਪਾੜ ਪਾੜ ਸਾਨੂੰ ਵੇਖ ਰਹੀਆਂ ਸਨ। ਚਾਚਾ ਤੇ ਮੈਂ ਅੱਗੇ ਸਾਂ ਤੇ ਬਾਕੀ ਸਭ ਪਿੱਛੇ ਆ ਰਹੇ ਸਨ ਯਾਨਿ ਅੱਗੜ ਪਿੱਛੜ। ਸਿਰਫ਼ ਤਿੰਨ ਟੱਬਰ ਸਿੱਖਾਂ ਦੇ ਤੇ ਬਾਕੀ ਸਭ ਮੁਸਲਮਾਨ ਵਾਹਰਾਂ - ਤਲਵਾਰਾਂ, ਬਰਛਿਆਂ, ਕੁਹਾੜੀਆਂ, ਲੋਹੇ ਦੇ ਸਰੀਆਂ, ਨੇਜਿ਼ਆਂ, ਭਾਲਿਆਂ ਨਾਲ ਲੈੱਸ। ਉਹਨਾਂ ਦੇ ਸਿਰਾਂ ਤੇ ਲੋਹੇ ਦੇ ਟੋਪ। ਉਹਨਾਂ ਦੀਆਂ ਅੱਖਾਂ ਲਾਲ ਸੁਰਖ਼ ਜਿਵੇਂ ਲਾਲ ਮਿਰਚਾਂ। ਮੰਗਲ ਸਿੰਘ ਦੀ ਤਿੰਨ ਮੰਜ਼ਲੀ ਹਵੇਲੀ ਨੂੰ ਦੋਵੇਂ ਪਾਸਿਉਂ ਪੌੜੀਆਂ ਚੜ੍ਹਦੀਆਂ ਸਨ, ਟਾਂਗੇ ਦੇ ਆਉਣ ਜਾਣ ਲਈ ਦਰਵਾਜ਼ਾ ਹਾਥੀ ਲੰਘਾਉਣ ਜਿੱਡਾ ਸੀ। ਪਰ ਐਸ ਵੇਲੇ ਪੂਰੀ ਹਵੇਲੀ ਵਿਚ ਮਸਲਮਾਨ ਧਾੜਾਂ ਹੀ ਗਸ਼ਤ ਕਰ ਰਹੀਆਂ ਸਨ। ਟਾਂਗਾ ਬਾਹਰ ਖੜਾ ਸੀ। ਅੱਗੇ ਘੋੜੀ ਜੁਪੀ ਹੋਈ। ਪਰ ਉਸ ਵਿਚ ਅਜੇ ਕੋਈ ਬੈਠਾ ਨਹੀਂ ਸੀ। ਚਾਚੇ ਨੇ ਅਜੇ ਮੈਨੂੰ ਪਿੱਛਲੀ ਸੀਟ ਤੇ ਬਿਠਾਇਆ ਹੀ ਸੀ ਕਿ ਕਿਸੇ ਨੇ ਪਿੱਛੋਂ ਦੀ ਉਹਦੇ ਸਿਰ ਵਿਚ ਕੁਹਾੜੀ ਮਾਰ ਦਿੱਤੀ। ਉਹ ਟਾਂਗੇ ਉੱਤੇ ਹੀ ਉੱਲਰ ਪਿਆ।ਉਹਦੇ ਭਾਰ ਨਾਲ ਟਾਂਗੇ ਦਾ ਪਿੱਛਲਾ ਪਾਸਾ ਪਾਸ ਪੈ ਗਿਆ, ਘੋੜੀ ਦੇ ਤੰਗ ਨੂੰ ਕੱਸ ਪਈ, ਉਹ ਡਰ ਗਈ ਜਾਂ ਇਸਨੂੰ ਤੁਰਨ ਲਈ ਮਾਲਕ ਦਾ ਇਸ਼ਾਰਾ ਸਮਝ ਗਈ ਤੇ ਉਸੇ ਵੇਲੇ ਤੁਰ ਪਈ। ਸਿਰਫ਼ ਤੁਰ ਪਈ ਭੱਜੀ ਨਹੀਂ। ਇਕ ਦਮ ਭਾਜੜ ਪੈ ਗਈ। ਪਿੱਛਲੀ ਸੀਟ ਤੇ ਹੋਣ ਕਰ ਕੇ ਜ਼ਾਹਿਰ ਹੈ ਮੇਰੀਆਂ ਅੱਖਾਂ ਵੀ ਪਿੱਛੇ ਵੱਲ ਹੀ ਵੇਖ ਰਹੀਆਂ ਸਨ। ਚਾਚਾ ਜਿਉਂ ਹੀ ਸੰਭਲਿਆ ਤੇ ਭੌਂ ਕੇ ਵਾਰ ਕਰਨ ਵਾਲੇ ਵੱਲ ਮੂੰਹ ਕੀਤਾ ਤਾਂ ਤਲਵਾਰ ਦਾ ਇਕ ਵਾਰ ਉਹਦੀ ਧੌਣ ਦੇ ਸੱਜੇ ਪਾਸੇ ਹੋਇਆ। ਲਹੂ ਦੀ ਧਤੀਰੀ ਵਗ ੳੁੱਠੀ। ਉਹ ਭੁਆਂਟਣੀ ਖਾ ਕੇ ਡਿੱਗਣ ਹੀ ਲੱਗਾ ਸੀ ਕਿ ਫਿਰ ਸੰਭਲਿਆ ਤੇ ਉਹਨਾਂ ਪੰਜ ਛੇ ਬੰਦਿਆਂ ਦੇ ਚੰਗਲ ਚੋਂ ਭੱਜਣ ਲਈ ਪਾਸਾ ਹੀ ਲਿਆ ਸੀ ਕਿ ਤਲਵਾਰ ਦਾ ਇਕ ਹੋਰ ਵਾਰ ਉਹਦੇ ਖੱਬੇ ਕੰਨ ਤੇ ਹੋਇਆ। ਲਹੂ ਦੀ ਧਤੀਰੀ ਉਧਰੋਂ ਵੀ ਫੁਹਾਰੇ ਵਾਂਗ ਫੁੱਟ ਪਈ ਤੇ ਪੱਗ ਲੱਥ ਕੇ ਗਲ ਚ ਪੈ ਗਈ। ਹੁਣ ਤਕ ਟਾਂਗਾ ਮਸ੍ਹਾਂ ਪੰਜਾਹ ਕੁ ਗਜ਼ ਹੀ ਅੱਗੇ ਗਿਆ ਸੀ। ਮੇਰੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆ ਸਨ। ਮੇਰਾ ਮੂੰਹ ਸੁੱਕ ਗਿਆ ਸੀ। ਮੇਰੀਆ ਅੱਖਾਂ ਖ਼ੁਸ਼ਕ ਤੇ ਭੈਭੀਤ ਸਨ। ਏਨੇ ਚਿਰ ਵਿਚ ਮੈਂ ਵੇਖਿਆ ਇਕ ਆਦਮੀ ਟਾਂਗੇ ਦੇ ਬੰਬੂ ਨਾਲ ਲਮਕ ਰਿਹਾ ਸੀ। ਇਹ ਮੰਗਲ ਸਿੰਘ ਸੀ। ਉਹਦੀ ਇਕ ਲੱਤ ਡਾਂਗਾਂ ਮਾਰ ਕੇ ਤੋੜ ਦਿੱਤੀ ਗਈ ਸੀ। ਉਹ ਬੜਾ ਔਖਿਆਂ ਹੋ ਕੇ ਟਾਂਗੇ ਤੇ ਚੜ੍ਹਿਆ ਤ ਘੋੜੀ ਦੀਆਂ ਵਾਗਾਂ ਸੰਭਾਲ ਲਈਆਂ।
ਚਾਚਾ ਟਾਂਗੇ ਦੇ ਪਿੱਛੇ ਭੱਜਾ ਆ ਰਿਹਾ ਸੀ - ਜ਼ਖ਼ਮੀ ਤੇ ਲਹੂ ਲੁਹਾਣ। ਅੱਧੀ ਪੱਗ ਪੈਰਾਂ ਚ ਰੁਲ ਰਹੀ। ਉਹਦੇ ਪਿੱਛੇ ਹੀ ਉਹਨੂੰ ਮਾਰਨ ਵਾਲੇ ਵੀ ਭੱਜੇ ਆ ਰਹੇ ਸਨ। ਪਰ ਫੇਰ ਵੱਢਿਆ ਹੋਇਆ ਚਾਚਾ ਨਵੀਂ ਸੜਕ ਵਿਚ ਹੀ ਡਿੱਗ ਪਿਆ - ਚੌਫਾਲ, ਮੂਧੇ ਮੂੰਹ। ਤੇ ਮੇਰੀ ਲੇਰ ਨਿਕਲ ਗਈ, ਚਾਚਾ! ਮੇਰਾ ਚਾਚਾ!! ਬਾਊ ਜੀ ਮੇਰੇ ਚਾਚੇ ਨੂੰ ਮੰਗਲ ਸਿੰਘ ਨੂੰ ਸਾਰੇ ਬਾਊ ਜੀ ਹੀ ਕਹਿੰਦੇ ਸਨ।
ਚੁੱਪ ਕਰ ਮਾਂ ਯ੍ਹਾਵਿਆ1 ਮੰਗਲ ਸਿੰਘ ਦਾ ਦਬਕਾ ਮੇਰੇ ਚੁੱਪ ਕਰਨ ਤੇ ਬੁਸਕ ਬੁਸਕ ਕੇ ਰੋਣ ਲਈ ਕਾਫ਼ੀ ਸੀ।
ਟਾਂਗਾ ਨਵੀਂ ਸੜਕ ਦੇ ਮੋੜ ਤੇ ਆ ਗਿਆ ਜਿੱਥੋਂ ਇਹਨੇ ਸੱਜੇ ਹੱਥ ਮੁੜਨਾ ਸੀ। ਮੈਂ ਵੇਖਿਆ ਭਾਬੀ, ਬੰਤੀ ਦੀ ਉਂਗਲ ਫੜੀ ਵਾਹੋ ਦਾਹ ਭੱਜਣ ਵਾਂਗ ਤੁਰੀ ਜਾ ਰਹੀ ਸੀ। ਤੇ ਸਾਹਮਣਿਉਂ ਮ੍ਹਾਜਾ ਨੰਗੇ ਪਿੰਡੇ, ਤੇੜ ਚਾਦਰ ਤੇ ਹੱਥ ਚ ਲਹੂ ਲਿਬੜੀ ਤਲਵਾਰ ਲੈ ਕੇ ਤੁਰਿਆ ਆ ਰਿਹਾ ਸੀ। ਭਾਬੀ ਨੇ ਉਹਨੂੰ ਵੇਖ ਕੇ ਆਪਣਾ ਮੂੰਹ, ਸਿਰ ਵਾਲੇ ਚਿੱਟੇ ਦੁਪੱਟੇ ਵਿਚ ਢੱਕ ਲਿਆ ਸੀ। ਪਰ ਮ੍ਹਾਜੇ ਨੇ ਉਹਨੂੰ ਕੁਝ ਨਹੀਂ ਸੀ ਕਿਹਾ ਬਲਕਿ ਮੂੰਹ ਪਾਸੇ ਕਰ ਕੇ ਪਹਿਲਾਂ ਵਾਂਗ ਹੀ ਨਿਧੜਕ ਤੁਰਿਆ ਗਿਆ ਸੀ। ਉਹ ਓਧਰ ਨੂੰ ਜਾ ਰਿਹਾ ਸੀ ਜਿੱਧਰੋਂ ਅਸੀਂ ਆਏ ਸਾਂ।
ਮੇਰਾ ਸਭ ਕੁਝ ਨਵੀਂ ਸੜਕ ਤੇ ਰਹਿ ਗਿਆ ਸੀ - ਮੇਰਾ ਚਾਚਾ ਤੇ ਮੇਰੀ ਚਾਚੀ। ਚਾਚੀ ਦਾ ਤਾਂ ਮੈਨੂੰ ਕੁਝ ਵੀ ਨਹੀਂ ਸੀ ਪਤਾ। ਇਹ ਸਭ ਕੁਝ ਮਿੰਟਾਂ ਸਕਿੰਟਾਂ ਵਿਚ ਹੀ ਵਾਪਰ ਗਿਆ ਸੀ। ਬੁੱਲ੍ਹ ਚਿੱਥ ਕੇ ਰੋਂਦਿਆਂ ਮੇਰੀ ਘਿੱਗੀ ਬੱਝ ਗਈ ਸੀ ਤੇ ਰੋ ਰੋ ਕੇ ਅੱਖਾਂ ਲਾਲ ਤੇ ਧੁੰਦਲੀਆਂ ਹੋ ਗਈਆਂ ਸਨ। ਟਾਂਗਾ ਅਗਲੇ ਮੋੜ ਤੋਂ ਖੱਬੇ ਹੱਥ ਮੁੜ ਪਿਆ, ਲੂਣ ਮੰਡੀ ਵਾਲੇ ਪਾਸੇ। ਇਹ ਸ਼ਤੀਰੀਆਂ ਵਾਲਾ ਬਾਜ਼ਾਰ ਸੀ ਜੋ ਬਿਲਕੁਲ ਉਜੜਿਆ ਪਿਆ ਸੀ। ਅੱਗੇ ਲੂਣ ਮੰਡੀ ਸੀ, ਹਿੰਦੂਆਂ ਤੇ ਸਿੱਖਾਂ ਨਾਲ ਨੱਕੋ ਨੱਕ ਭਰੀ ਹੋਈ। ਟਾਂਗਾ ਏਥੇ ਆ ਕੇ ਰੁਕ ਗਿਆ ਜਾਂ ਮੰਗਲ ਸਿੰਘ ਨੇ ਰੋਕ ਦਿੱਤਾ। ਉਹ ਕਈਆਂ ਬੰਦਿਆ ਦੇ ਸਹਾਰੇ ਨਾਲ ਟਾਂਗੇ ਚੋਂ ਮਸ੍ਹਾਂ ਹੀ ਉਤਰਿਆ। ਮੈਂ ਪਿੱਛਲੇ ਪਾਸਿਉਂ ਹੌਲੀ ਹੌਲੀ ਉਤਰ ਕੇ ਉਸ ਰੱਬ ਜਿੱਡੀ ਭੀੜ ਵਿਚ ਗੁਆਚ ਗਿਆ। ਮੈਂ ਸਿਰਫ਼ ਭੁੱਬਾਂ ਮਾਰ ਕੇ ਰੋ ਰਿਹਾ ਸਾਂ ਤੇ ਭੀੜ ਵਿਚੋਂ ਕੋਈ ਜਾਣੂੰ ਚਿਹਰਾ ਤਲਾਸ਼ ਰਿਹਾ ਸਾਂ। ਪਰ ਉਸ ਭੀੜ ਵਿਚ ਕੋਈ ਵੀ ਚਿਹਰਾ ਮੈਨੂੰ ਨਹੀਂ ਸੀ ਜਾਣਦਾ ਤੇ ਨਾ ਹੀ ਉਹਨਾਂ ਚੋਂ ਮੈਂ ਕਿਸੇ ਨੂੰ।


ਕਈ ਘੰਟੇ ਲੰਘ ਗਏ। ਕਦੀ ਮੈਂ ਇਕ ਥਾਂ ਬੈਠ ਕੇ ਬੁਸਕ ਬੁਸਕ ਕੇ ਰੋਂਦਾ ਤੇ ਕਦੇ ਕਿਸੇ ਦੂਜੇ ਥਾਂ ਤੇ। ਆਸੇ ਪਾਸੇ ਸਭ ਲੋਕ ਮੈਥੋਂ ਬਹੁਤ ਵੱਡੇ ਤੇ ਉੱਚੇ ਸਨ, ਤੇ ਮੈਂ ਸਿਰਫ਼ ਉਹਨਾਂ ਦੇ ਗੋਡਿਆਂ ਤਕ ਆਉਂਦਾ ਸਾਂ। ਉਹ ਸਭ ਉੱਪਰ ਵੱਲ ਵੇਖਦੇ ਸਨ ਤੇ ਮੈਂ ਉਹਨਾਂ ਦੇ ਚਿਹਰਿਆਂ ਵੱਲ ਕਿ ਸ਼ਾਇਦ ਕੋਈ ਚਿਹਰਾ ਮੇਰਾ ਜਾਣਿਆ ਹੋਇਆ ਹੋਵੇ। ਕਈ ਵਾਰੀ ਉਹਨਾਂ ਦੇ ਪੈਰਾਂ ਵਿਚ ਆ ਕੇ ਮੈਂ ਮਿੱਧਿਆ ਵੀ ਗਿਆ। ਉੱਪਰ ਆਕਾਸ਼ ਵਿਚ ਬੱਦਲੋਟੀਆਂ ਤੁਰੀਆਂ ਫਿਰਦੀਆਂ ਸਨ। ਕਦੇ ਵਰ੍ਹ ਪੈਂਦੀਆਂ ਮੇਰੇ ਵਾਂਘ ਤੇ ਕਦੇ ਚੁੱਪ ਹੋ ਜਾਂਦੀਆਂ। ਸ਼ਾਇਦ ਮੇਰੇ ਵਾਂਗ ਹੀ ਅੱਖਾਂ ਸੁੱਜ ਜਾਂਦੀਆਂ ਹੋਣ ਰੋ ਰੋ ਕੇ। ਤੇ ਫੇਰ ਹਾਰ ਕੇ ਚੁੱਪ ਕਰ ਜਾਂਦੀਆਂ ਹੋਣ। ਕਈਆਂ ਯੁੱਗਾਂ ਪਿੱਛੋਂ ਮੈਂ ਅਚਾਨਕ ਇੱਕ ਖੁੱਲ੍ਹੀ ਹੋਈ ਦੁਕਾਨ ਅੱਗਿਉਂ ਲੰਘਿਆ ਤਾਂ ਵੇਖਿਆ ਅੰਦਰ ਚਾਚੀ ਬੈਠੀ ਸੀ, ਤੇ ਉਹਦੇ ਨਾਲ ਹੀ ਭਾਬੀ, ਦੀਪੋ ਤੇ ਬੰਤੀ। ਚਾਚੀ ਹੀ ਦੀਪੋ ਨੂੰ ਚੁੱਕ ਕੇ ਲੈ ਆਈ ਸੀ ਨਹੀਂ ਤਾਂ ਉਹਨੂੰ ਤਾਂ ਸਾਰੇ ਸੁੱਤੀ ਹੋਈ ਨੂੰ ਹੀ ਛੱਡ ਆਏ ਸਨ, ਵਿਹੜੇ ਵਿਚ।


ਚਾਚੀ ਭਾਬੀ ਨੂੰ ਦੱਸ ਰਹੀ ਸੀ ਕਿ ਕਿਵੇਂ ਮੰਗਲ ਸਿੰਘ ਦੀ ਪਤਨੀ, ਪੁੱਤਰ ਤੇ ਧੀਆਂ ਤੇ ਉਹ ਆਪ ਮੌਕਾ ਪਾ ਕੇ ਸਾਹਮਣੇ ਘਰ ਵਾਲੇ ਪ੍ਰੋਫੈਸਰ ਫ਼ੈਜ਼ ਤੇ ਰਜ਼ੀਆ ਦੇ ਘਰ ਵਿਚ ਵੜ ਗਏ ਸਨ। ਕਿਵੇਂ ਉਹਨਾਂ ਦ੍ਹੋਵਾਂ ਜੀਆਂ ਨੇ ਇਹਨਾਂ ਸਭ ਦੀ ਇੱਜ਼ਤ ਦੀ ਰਾਖੀ ਕੀਤੀ ਸੀ। ਹਜੂਮ ਦੀਆਂ ਸਭ ਧਮਕੀਆਂ ਦੇ ਸਾਹਮਣੇ ਵੀ ਉਹ ਡਟੇ ਰਹੇ ਸਨ। ਹਜੂਮ ਉਹਨਾਂ ਨੂੰ ਡਰਾ ਰਿਹਾ ਸੀ ਕਿ ਸਾਰੀਆਂ ਸਿੱਖ ਔਰਤਾਂ ੳੇੁਹਨਾਂ ਦੇ ਹਵਾਲੇ ਕਰ ਦਿੱਤੀਆਂ ਜਾਣ ਨਹੀਂ ਤਾਂ ਉਹ ਘਰ ਨੂੰ ਅੱਗ ਲਾ ਦੇਣ ਗੇ। ਪਰ ਉਹਨਾਂ ਨੇ ਵੀ ਫ਼ਸਾਦੀਆਂ ਨੂੰ ਵੰਗਾਰ ਕੇ ਕਹਿ ਦਿੱਤਾ ਸੀ ਕਿ ਉਹ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਉਹਨਾਂ ਸਿੱਖ ਔਰਤਾਂ ਨੂੰ ਹਾਸਿਲ ਕਰ ਸਕਦੇ ਸਨ। ਫੇਰ ਹਜੂਮ ਘਰ ਨੂੰ ਅੱਗ ਲਾਉਣ ਦੀ ਤਿਆਰੀ ਵਿਚ ਹੀ ਸੀ ਕਿ ਏਧਰੋਂ ਮੰਗਲ ਸਿੰਘ ਦੇ ਘੱਲੇ ਹੋਏ ਬੰਦੂਕਾਂ ਵਾਲੇ ਸਿਪਾਹੀ ਪਹੁੰਚ ਗਏ ਤੇ ਉਹਨਾਂ ਨੂੰ ਛੁਡਾ ਲਿਆਏ। ਇਸ ਦੌਰਾਨ ਚਾਚਾ ਜੀ ਭਿਆਣਾ ਤੇ ਲਹੂ ਲੁਹਾਣ ਨਵੀਂ ਸੜਕ ਚੋਂ ਉੱਠਿਆ ਤੇ ਵਾਪਸ ਘਰ ਨੂੰ ਤੁਰ ਪਿਆ ਤੇ ਭਾਈਯੇ ਦਾ ਉਹੀ ਵੱਖੀ ਵਾਲਾ ਬੂਹਾ ਟੱਪਣ ਦੀ ਕੋਸਿ਼ਸ਼ ਵਿਚ ਅੱਧਾ ਅੰਦਰ ਤੇ ਅੱਧਾ ਬਾਹਰ ਡਿੱਗ ਪਿਆ। ਚਾਚੀ ਨੇ ਇਹ ਸਭ ਕੁਝ ਰਜ਼ੀਆ ਦੇ ਬਾਹਰਲੇ ਰੌਂਸ ਦੀਆਂ ਝੀਤਾਂ ਚੋਂ ਵੇਖਿਆ ਸੀ। ਰਜ਼ੀਆ ਹੁਰੀਂ ਮੰਗਲ ਸਿੰਘ ਦੇ ਸਾਹਮਣੇ ਵਾਲੇ ਚੁਬਾਰੇ ਵਿਚ ਆਪਣੀਆਂ ਦੋ ਧੀਆਂ ਸਮੇਤ ਰਹਿੰਦੇ ਸਨ। ਉਹਨਾਂ ਦਾ ਇਹਨਾਂ ਸਭ ਪਰਿਵਾਰਾਂ ਨਾਲ ਕਈਆਂ ਸਾਲਾਂ ਦਾ ਤੇਹ ਸੀ। ਫੇਰ ਜਦੋਂ ਪੁਲੀਸ ਪਹੁੰਚ ਗਈ ਤਾਂ ਚਾਚੀ ਇਕ ਦਮ ਚਾਚੇ ਦਾ ਪਤਾ ਕਰਨ ਘਰ ਨੂੰ ਗਈ। ਚਾਚੇ ਦਾ ਲਹੂ ਬਹੁਤ ਵਗ ਚੁੱਕਾ ਸੀ। ਚਾਚੀ ਦੇ ਹਲਾਉਣ ਤੇ ਉਸਨੇ ਮਸ੍ਹਾਂ ਹੀ ਅੱਖਾਂ ਖੋਹਲੀਆਂ ਤੇ ਸਿਰਫ਼ ਇਹੋ ਪੁੱਛਿਆ, ਨ੍ਹਾਮ ਕੋਰੇ, ਸਵਰਨ ਕਿੱਥੇ ਆ? ਚਾਚਾ ਫੇਰ ਹਾਏ ਹਾਏ ਕਰ ਕੇ ਕੁਰ੍ਹਾਉਣ। ਉਸੇ ਵੇਲੇ ਚਾਚੀ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਚਾਚੀ ਬੂਹੇ ਦੇ ਓਹਲੇ ਵਿਚ ਹੋ ਗਈ, ਡਰੀ ਤੇ ਦਹਿਲੀ ਹੋਈ। ਢਿੱਡ ਵਿਚ ਨੌਂ ਮਹੀਨਿਆਂ ਦੀ ਜਿੰਦ ਸੀ। ਉਹਨੇ ਵੇਖਿਆ ਦੋ ਮੁਸਲਮਾਨ ਮੁੰਡੇ ਲੁੱਟ ਦਾ ਮਾਲ ਸਿਰਾਂ ਤੇ ਚੁੱਕੀ ਦੂਜੇ ਪਾਸੇ ਜਾ ਰਹੇ ਸਨ। ਚਾਚੀ ਚਾਚੇ ਨੂੰ ਬਚਾਉਣਾ ਚਾਹੁੰਦੀ ਸੀ। ਉਹਨੇ ਜਾ ਕੇ ਪੁਲੀਸ ਨੂੰ ਵੀ ਫ਼ਰਿਆਦ ਕੀਤੀ ਪਰ ਉਹਨਾਂ ਝਿੜਕ ਕੇ ਕਿਹਾ ਕਿ ਉਹਨੇ ਆਪਣੀ ਜਾਨ ਬਚਾਉਣੀ ਹੈ ਤਾਂ ਬਚਾਵੇ, ਮਰਨ ਵਾਲਿਆਂ ਬਾਰੇ ਨਾ ਸੋਚੇ। ਚਾਚੀ ਇਕ ਵਾਰੀ ਫੇਰ ਵਾਪਸ ਗਈ, ਆਖਰੀ ਵਾਰ ਆਪਣੇ ਮਰ ਰਹੇ ਆਦਮੀ ਨੂੰ ਵੇਖਣ। ਗਲੀ ਵਿਚੋਂ ਕੁਝ ਆਵਾਜ਼ਾਂ ਫੇਰ ਸੁਣੀਆਂ ਤਾਂ ਰੋਂਦੀ ਕੁਰਲਾਉਂਦੀ ਚਾਚੀ ਤੁਰਨ ਹੀ ਲੱਗੀ ਸੀ ਕਿ ਮੰਜੇ ਤੇ ਸੁੱਤੀ ਰਹਿ ਗਈ ਸਾਲ ਕੁ ਦੀ ਦੀਪੋ ਨੇ ਚਾਂਗਰ ਮਾਰ ਦਿੱਤੀ। ਚਾਚੀ ਨੇ ਇਕ ਦਮ ਦੀਪੋ ਨੂੰ ਚੁੱਕਿਆ ਤੇ ਵਾਹੋ ਦਾਹ ਬਾਹਰ ਨੂੰ ਭੱਜ ਪਈ। ਜਦੋਂ ਉਹ ਗਲੀ ਪਾਰ ਕਰ ਕੇ ਸੜਕ ਤੇ ਪਹੁੰਚੀ ਤਾਂ ਵੇਖਿਆ ਪੁਲੀਸ ਤੇ ਮੰਗਲ ਸਿੰਘ ਦਾ ਪਰਿਵਾਰ ਸੜਕ ਦੇ ਮੋੜ ਤੇ ਪਹੁੰਚ ਚੁੱਕੇ ਸਨ। ਤੇ ਉਹ, ਇਕ ਮੋਢੇ ਨਾਲ ਦੀਪੋ ਨੂੰ ਲਾਈ, ਦੂਜੇ ਵਿਚ ਪੋਟਲੀ ਫੜੀ ਤੇ ਢਿੱਡ ਵਿਚ ਬੱਚਾ ਲਈ ਉਹਨਾਂ ਨੂੰ ਮਿਲਣ ਲਈ ਵਾਹੋ ਦਾਹੀ ਹਫ਼ੀ ਹੋਈ ਭੱਜਣ ਲੱਗੀ। ਚਾਚੀ ਨੇ ਹੀ ਦੱਸਿਆ ਕਿ ਭਾਈਯਾ ਵੀ ਫੱਟੜ ਹੋ ਗਿਆ ਸੀ ਪਰ ਬਾਹਰ ਸੜਕ ਦੇ ਕਿਨਾਰੇ ਤੇ ਡਿੱਗਾ ਪਿਆ ਹੋਣ ਕਰ ਕੇ ਪੁਲੀਸ ਨੇ ਉਹਦੇ ਹਸਪਤਾਲ ਪਹੁੰਚਣ ਦਾ ਪ੍ਰਬੰਧ ਕਰ ਦਿੱਤਾ ਸੀ।


ਇਹ ਸੀ ਉਹ ਨਾਕਾਬਿਲੇ ਬਰਦਾਸ਼ਤ ਘਟਨਾ ਜਾਂ ਤਬਾਹੀ ਜਿਸਨੇ ਇਸ ਇਕ ਪਹਿਰ ਵਿਚ ਮੈਨੂੰ ਛੇ ਸਾਲਾਂ ਦਾ ਨਹੀਂ ਸੀ ਰਹਿਣ ਦਿੱਤਾ ਬਲਕਿ ਇਕ ਦਮ ਹੀ ਸੱਠਾਂ ਸਾਲਾਂ ਦਾ ਕਰ ਦਿੱਤਾ ਸੀ। ਮੇਰਾ ਚਾਚਾ ਮੇਰਾ ਸਭ ਕੁਝ ਸੀ: ਮੇਰਾ ਆਸਰਾ, ਮੇਰਾ ਰੱਬ, ਮੇਰਾ ਮਹਿਬੂਬ, ਮੈਨੂੰ ਬੇਇੰਤਹਾ ਮੁਹੱਬਤ ਕਰਨ ਵਾਲਾ, ਮਰ ਰਿਹਾ ਵੀ ਮੈਨੂੰ ਹੀ ਯਾਦ ਕਰਨ ਵਾਲਾ। (ਨ੍ਹਾਮ ਕੋਰੇ ਸਵਰਨ ਕਿੱਥੇ ਆ?) ਮੇਰੇ ਹੱਸਣ ਦੇ ਦਿਨ, ਪਿਉ ਦਾ ਸ਼ੱਕਰਤੌਲਾ ਹੋਣ ਦੇ ਦਿਨ, ਚਾਚੇ ਦੀ ਕਾਂਟੋ ਹੋਣ ਦੇ ਦਿਨ ਮੁਕ ਗਏ ਸਨ। ਮੇਰੇ ਚਾਚੇ ਦੇ ਨਾਲ ਹੀ ਸੰਤਾ ਸਿੰਘ ਹਲਵਾਈ ਦੀ ਹੱਟੀ, ਪੈਨਸਿਲਾਂ ਸਲੇਟੀਆਂ ਤੇ ਚਾਕਾਂ ਵਾਲੇ ਗਿਆਨ ਦੀ ਹੱਟੀ, ਮੇਰੀਆ ਜਿ਼ਦਾਂ ਦੀ ਦਾਸਤਾਨ, ਟੋਸ ਪਾ ਕੇ ਦੁੱਧ ਪੀਣ ਦੀ ਭੈੜੀ ਵਾਦੀ, ਬੀਬੇ ਕਬੂਤਰਾਂ ਦੀ ਕਲਪਨਾ - ਸਭ ਕੁਝ ਮੁੱਕ ਗਿਆ ਸੀ। ਇਸ ਸਭ ਕੁਝ ਵਿਚ ਅਸੀਮ ਇਜ਼ਾਫ਼ਾ ਇਕ ਦੋ ਮਹੀਨਿਆਂ ਦੇ ਵਿਚ ਹੀ ਹੋ ਗਿਆ ਜਦੋਂ ਚਾਚੀ ਮੇਰੇ ਛੋਟੇ ਭਰਾ ਨੂੰ ਜਨਮ ਦੇ ਕੇ ਮਰ ਗਈ ਤੇ ਫੇਰ ਹਫ਼ਤੇ ਪਿੱਛੋਂ ਹੀ ਮੇਰਾ ਨਾਮ-ਰਹਿਤ ਭਰਾ ਵੀ ਮੇਰੇ ਨਾਲ ਹੀ ਸੁੱਤਾ ਭੁੱਖਾ ਭਾਣਾ ਭਾਬੀ (ਤਾਈ) ਦੀ ਅਸੀਮ ਕਿਰਪਾ ਨਾਲ ਮਰ ਗਿਆ, ਤੇ ਮੈਂ ਬਿਲਕੁਲ ਇਕੱਲਾ ਰਹਿ ਗਿਆ ਆਪਣੀ ਇਸੇ ਤਾਈ ਦੇ ਜ਼ੁਲਮੋ ਸਿਤਮ ਸਹਿਣ ਲਈ।
ਇੱਕ ਲੇਖਕ ਵੱਜੋਂ, ਇਕ ਸ਼ਾਇਰ ਵੱਜੋਂ, ਇਕ ਕਹਾਣੀਕਾਰ ਤੇ ਨਾਵਲਕਾਰ ਵੱਜੋਂ ਇਹ ਹਾਦਸੇ ਮੇਰੇ ਜਨਮ ਦੇ ਸ੍ਰੋਤ ਸਨ।


ਮੇਰੀ ਮਾਂ ਦੀ ਮੌਤ ਠਿੱਬਿਆਂ ਵਾਲੇ ਵਿਹੜੇ ਚ ਜਾ ਕੇ ਹੋਈ। ਕੋਈ ਦੋ ਜਾਂ ਤਿੰਨ ਹਫ਼ਤੇ ਅਸੀਂ ਲੂਣ ਮੰਡੀ ਵਿਚ ਮੰਗਲ ਸਿੰਘ ਦੀ ਮਾਰਕੀਟ ਦੀ ਦੂਜੀ ਮੰਜ਼ਲ ਤੇ ਬਰਾਂਡੇ ਵਿਚ ਰਹੇ। ਏਥੇ ਹੀ ਚਾਚੀ ਨੇ ਮੁੰਡੇ ਨੂੰ ਜਨਮ ਦਿੱਤਾ ਤੇ ਬਿਮਾਰ ਪੈ ਗਈ। ਮੈਨੂੰ ਯਾਦ ਹੈ ਮੇਰਾ ਭਰਾ ਬਹੁਤ ਸੋਹਣਾ ਤੇ ਸਰੀਰ ਦਾ ਸੁਡੌਲ ਸੀ। ਪਰ ਓਥੇ ਸਾਡਾ ਕੋਈ ਵੀ ਯਾਰੋ ਮਦਦਗਾਰ ਨਹੀਂ ਸੀ, ਡਾਕਟਰ ਜਾਂ ਦਵਾਈ ਦੀ ਸੁਵਿਧਾ ਨਹੀਂ ਸੀ, ਕੋਲ ਕੱਪੜਾ ਵੀ ਕੋਈ ਨਹੀਂ ਸੀ। ਭਾਬੀ ਨੇ ਹੀ ਮੇਰੀ ਮਾਂ ਦਾ ਜਨੇਪਾ ਕਟਵਾਇਆ ਸੀ। ਸ਼ਾਇਦ ਮੇਰੀ ਮਾਂ ਦਾ ਉਹਦੀ ਛੋਟੀ ਧੀ ਨੂੰ ਵਾਹਰਾਂ ਤੋਂ ਬਚਾ ਕੇ ਲੈ ਆਉਣ ਦਾ ਅਹਿਸਾਨ ਅਜੇ ਨਵਾਂ ਨਵਾਂ ਸੀ।
ਦੋ ਹਫ਼ਤਿਆਂ ਬਾਅਦ ਮੰਗਲ ਸਿੰਘ ਨੇ ਸਾਨੂੰ ਜਵਾਬ ਦੇ ਦਿੱਤਾ। ਹੁਣ ਤਕ ਭਾਈਯਾ ਪੱਟੀਆਂ ਚ ਬੱਝਿਆ ਹੋਇਆ ਸਾਡੇ ਕੋਲ ਪਹੁੰਚ ਚੁੱਕਾ ਸੀ। ਪਰ ਜਿਸ ਦਿਨ ਉਸ ਨੂੰ ਹਸਪਤਾਲੋਂ ਲਿਆਇਆ ਜਾਣਾ ਸੀ ਉਸ ਦਿਨ ਭਾਬੀ ਨੇ ਮੇਰੀ ਮਾਂ ਨੂੰ ਪੱਕੀ ਨਸੀਹਤ ਕਰ ਦਿੱਤੀ ਸੀ ਉਹ ਆਪਣੇ ਖਸਮ ਦੇ ਮਰ ਜਾਣ ਬਾਰੇ ਉਹਦੇ ਨਾਲ ਕੋਈ ਗੱਲ ਨਾ ਕਰੇ। ਇਸ ਲਈ ਮੇਰੀ ਮਾਂ ਨੇ ਆਪਣੇ ਸਾਰੇ ਅੱਥਰੂ ਅੰਦਰ ਹੀ ਜੀਰ ਲਏ ਸਨ।
ਭਾਈਯੇ ਦੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ ਸਾਨੂੰ ਗੁਰੂ ਰਾਮਦਾਸ ਸਰਾਂ ਵਿਚ ਪਨਾਹ ਲੈਣੀ ਪਈ। ਸ਼ਾਇਦ ਮੁਹਿੰਦਰ ਨੇ ਹੁਣ ਤਕ ਸਾਨੂੰ ਲੱਭ ਲਿਆ ਸੀ। ਤੇ ਫੇਰ ਜਲਦੀ ਹੀ ਪਿੱਛੋਂ ਬੋਲੇ ਨੇ ਵੀ। ਇਹ ਦ੍ਹੋਵੇਂ ਸਾਨੂੰ ਸਰਾਂ ਵਿਚ ਆ ਕੇ ਹੀ ਮਿਲੇ ਸਨ। ਮੇਰੀ ਮਾਂ ਤਾਂ ਮੰਜੇ ਨਾਲ ਮੰਜਾ ਹੋ ਗਈ ਸੀ। ਇਕ ਦਿਨ ਉਹਨੇ ਤਿੰਨ ਹਜ਼ਾਰ ਰੁਪਿਆ ਕੱਢ ਕੇ ਭਾਈਯੇ ਦੇ ਅੱਗੇ ਰੱਖ ਦਿੱਤਾ ਜਿਹੜਾ ਚਾਚੇ ਨੇ ਘਰ ਛੱਡਣ ਤੋਂ ਪਹਿਲਾਂ ਉਹਨੂੰ ਫੜਾਇਆ ਸੀ। ਇਹ ਵੀ ਦਸਿੱਆ ਕਿ ਬਾਕੀ ਦਾ ਤਿੰਨ ਉਹਦੀ ਡੱਬ ਵਿਚ ਸੀ। ਭਾਈਯੇ ਨੇ ਉਹ ਰੁਪਏ ਰੱਖ ਲਏ।
ਮੈਂ ਹੁਣ ਬਿਲਕੁਲ ਨਹੀਂ ਸਾਂ ਬੋਲਦਾ। ਇਉਂ ਜਿਉਂ ਮੇਰੀ ਜ਼ਬਾਨ ਹੀ ਵੱਢੀ ਗਈ ਹੋਵੇ। ਕਦੇ ਕਦੇ ਚਾਚੀ ਨੂੰ ਬੁਲਾਉਂਦਾ ਸਾਂ ਪਰ ਉਹ ਤਾਂ ਬੋਲਣ ਦੀ ਸਥਿਤੀ ਵਿਚ ਹੀ ਨਹੀਂ ਸੀ। ਮੇਰਾ ਕੁਝ ਦਿਨਾਂ ਦਾ ਭਰਾ ਵੀ ਬਿਮਾਰ ਰਹਿੰਦਾ। ਗੁਰੂ ਰਾਮਦਾਸ ਹਸਪਤਾਲ ਵਿਚੋਂ ਦਵਾਈਆਂ ਵੀ ਇਸ ਹਾਲਾਤ ਵਿਚ ਨਹੀਂ ਸਨ ਮਿਲ ਰਹੀਆਂ। ਸਰਾਂ ਵਿਚ, ਦਰਬਾਰ ਸਾਹਿਬ ਦੀ ਸਾਰੀ ਦੀ ਸਾਰੀ ਪ੍ਰਕਰਮਾ ਵਿਚ ਹਜ਼ਾਰਾਂ ਲੱਖਾਂ ਜ਼ਖ਼ਮੀ ਲੋਕ ਕੱਰਾਹ ਰਹੇ ਸਨ। ਮੈਂ ਸਾਰਾ ਸਾਰਾ ਦਿਨ ਦਰਬਾਰ ਸਾਹਿਬ ਤੇ ਸਰਾਂ ਵਿਚ ਫਿਰਦਾ ਰਹਿੰਦਾ ਤੇ ਇਹਨਾਂ ਜ਼ਖ਼ਮੀਆਂ ਦੀ ਹਾਲਤ ਵੇਖਦਾ। ਅਸਲ ਵਿਚ ਮੈਂ ਆਪਣੇ ਚਾਚੇ ਨੂੰ ਲੱਭਦਾ ਸਾਂ। ਸ਼ਾਇਦ ਕਿਸੇ ਤਰ੍ਹਾਂ ਉਹ ਵੀ ਏਥੇ ਪਹੁੰਚ ਗਿਆ ਹੋਵੇ ਤੇ ਮੈਨੂੰ ਮਿਲ ਪਵੇ।
ਫੇਰ ਕਿਸੇ ਤਰ੍ਹਾਂ ਠਿੱਬਿਆਂ ਵਾਲੇ ਵਿਹੜੇ ਵਿਚ ਰਹਿੰਦੇ ਚਾਚੇ ਕਿਸ਼ਨ ਸਿੰਘ (ਇਹ ਸਾਡੇ ਸਕਿਆਂ ਵਿਚੋਂ ਸੀ) ਨੂੰ ਸਾਡੇ ਸਰਾਂ ਵਿਚ ਹੋਣ ਬਾਰੇ ਪਤਾ ਲੱਗਾ ਤਾਂ ਉਹ ਸਾਨੂੰ ਆ ਕੇ ਲੈ ਗਏ। ਮਹੀਨੇ ਕੁ ਬਾਅਦ ਏਥੇ ਹੀ ਚਾਚੀ ਮਰ ਗਈ ਤੇ ਹਫ਼ਤੇ ਕੁ ਬਾਅਦ ਹੀ ਮੇਰਾ ਭਰਾ ਵੀ।
ਹੁਣ ਮੈਂ ਪੂਰੀ ਤਰਾਂ ਯਤੀਮ ਹੋ ਚੁੱਕਾ ਸਾਂ। ਮੈਂ ਇਕੱਲਾ ਨੁੱਕਰਾਂ ਵਿਚ ਵੜ ਵੜ ਕੇ ਰੋਂਦਾ, ਬੁਸਕਦਾ ਤੇ ਹਟਕੋਰੇ ਭਰਦਾ। ਜਦੋਂ ਦ੍ਹੋਵੇਂ ਕੁੜੀਆਂ ਭਾਬੀ ਦੀ ਗੋਦੀ ਵਿਚ ਬੈਠ ਕੇ ਉਸਤੋਂ ਪਿਆਰ ਲੈ ਰਹੀਆਂ ਹੁੰਦੀਆਂ ਤਾਂ ਮੇਰਾ ਕਾਲਜਾ ਮੂੰਹ ਨੂੰ ਆਉਂਦਾ। ਮੈਂ ਬੁੱਲ੍ਹ ਚਿੱਥ ਚਿੱਥ ਕੇ ਰੋਂਦਾ, ਮੇਰਾ ਦਿਲ ਘਟਦਾ ਪਰ ਕੋਈ ਨਹੀਂ ਸੀ ਜਿਹਨੂੰ ਮੈਂ ਆਪਣਾ ਦੁੱਖ ਦੱਸ ਸਕਦਾ। ਇਕ ਦਿਨ ਇਉਂ ਹੀ ਭਾਬੀ ਨੇ ਮੈਨੂੰ ਬੁਸਕਦਿਆ ਵੇਖ ਲਿਆ ਤਾਂ ਰੱਖ ਕੇ ਇਕ ਚੁਪੇੜ ਮੇਰੇ ਮੂੰਹ ਤੇ ਜੜ ਦਿੱਤੀ।
ਹਰਾਮ ਦਿਆ ਆਪਣੇ ਤਾਂ ਸਾਰੇ ਖਾ ਲਏ ਈ, ਹੁਣ ਸਾਨੂੰ ਵੀ ਖਾਣਾ ਈਂ? ਹੁਣ ਕੌਣ ਮਰ ਗਿਆ ਤੇਰਾ ਜਿਹਨੂੰ ਰੋਣ ਮਰਨ ਡਿਆ ਹੋਇਆਂ? ਚੁੱਪ ਕਰ ਜਾ, ਨਹੀਂ ਤੇ ਜੇ ਵਾਜ ਕੱਢੀ ਵਿਚੋਂ ਰੱਖ ਕੇ ਚੀਰ ਦਊਂ - ਇਹ ਸੀ ਭਾਬੀ ਜਾਂ ਮੇਰੀ ਤਾਈ ਜਿਹਦੀ ਧੀ ਮੇਰੀ ਮਾਂ ਨੇ ਬਚਾਈ ਸੀ। ਇਸਤੋਂ ਬਾਅਦ ਮੈਂ ਉਹਦੇ ਸਾਹਮਣੇ ਕਦੇ ਨਾ ਰੋਇਆ, ਬਲਕਿ ਕਿਸੇ ਦੇ ਸਾਹਮਣੇ ਵੀ ਨਹੀਂ। ਮੇਰਾ ਦਿਲ ਰੋਂਦਾ ਤੇ ਭੁੱਬਾਂ ਮਾਰਦਾ ਸੀ ਅੱਧੀ ਅੱਧੀ ਰਾਤ ਨੂੰ ਉੱਠ ਕੇ, ਹਨੇਰੇ ਵਿਚ ਤਾਂਕਿ ਕੋਈ ਵੇਖ ਨਾ ਲਵੇ।ਖਾਸ ਕਰ ਕੇ ਭਾਬੀ।
ਇਕ ਦਿਨ ਚਾਚੀ ਆਤੋ ਆਈ ਹੋਈ ਸੀ। ਮੈਂ ਉਹਦਾ ਚਿਹਰਾ ਪਛਾਣਦਾ ਸਾਂ। ਉਹ ਚਾਚੇ ਚਾਚੀ ਦੇ ਹੁੰਦਿਆਂ ਵੀ ਇਕ ਅੱਧੀ ਵਾਰੀ ਸਾਡੇ ਘਰ ਆਈ ਸੀ। ਕੌੜਿਆ ਵਾਲੇ ਵਿਹੜੇ ਰਹਿੰਦੀ ਸੀ। ਚਾਚੇ ਕੀੜੀ ਦੀ ਵਹੁਟੀ। ਉਹਦਾ ਮੁੰਡਾ ਲਾਲੀ ਮੇਰੇ ਨਾਲੋਂ ਸਾਲ ਕੁ ਛੋਟਾ ਸੀ। ਦੁਪਹਿਰ ਦਾ ਵੇਲਾ ਸੀ। ਭਾਬੀ ਰੋਟੀਆਂ ਪਕਾ ਰਹੀ ਸੀ। ਉਹਨੇ ਇਕ ਰੋਟੀ ਤੇ ਭੋਰਾ ਕੁ ਸਬਜ਼ੀ ਪਾ ਕੇ ਵਗ੍ਹਾਤੀ ਮੇਰੇ ਵੱਲ ਮਾਰੀ। ਮੈਂ ਭੁੱਖਾ ਸਾਂ।ਰੋਟੀ ਵਾਲੀ ਤਾਸੀ ਲੈ ਕੇ ਅੰਦਰ ਵੜ ਗਿਆ ਤੇ ਤ੍ਰਿਪ ਤ੍ਰਿਪ ਰੋਂਦਾ ਰੋਟੀ ਖਾਣ ਲੱਗਾ। ਪਰ ਇਕ ਰੋਟੀ ਨਾਲ ਕੁਝ ਨਾ ਬਣਿਆਂ। ਇਸਤੋਂ ਬਾਅਦ ਰੋਟੀ ਰਾਤ ਨੂੰ ਮਿਲਣੀ ਸੀ। ਮੈਂ ਵਾਪਸ ਬਾਹਰ ਆਇਆ ਤੇ ਕਿਹਾ, ਭਾਬੀ, ਇਕ ਰੋਟੀ ਹੋਰ ਲੈ ਸਕਦਾਂ? ਭਾਬੀ ਨੇ ਇਕ ਨਜ਼ਰ ਆਤੋ ਵੱਲ ਵੇਖਿਆ, ਹੱਸੀ, ਤੇ ਕਿਹਾ, ਕੁੜੇ ਆਤੋ, ਵੇਖਿਆ ਈ? ਆਂਹਦੇ ਹੁੰਦੇ ਆ ਨਾ ਅਖੇ ਵੱਡਿਆਂ ਦੇ ਢਿੱਡ ਤੇ ਛੋਟਿਆਂ ਦੀਆਂ ਬਗਲ ਟਾਕੀਆਂ।ਇਹ ਕਹਿ ਕੇ ਭਾਬੀ ਫੇਰ ਵਿਅੰਗ ਨਾਲ ਹੱਸੀ ਤੇ ਇਕ ਹੋਰ ਰੋਟੀ ਮੇਰੀ ਤਾਸੀ ਚ ਵਗ੍ਹਾਤੀ ਮਾਰੀ। ਮੈਂ ਤੁਰਨ ਹੀ ਲੱਗਾ ਸਾਂ ਕਿ ਆਤੋ ਬੋਲੀ, ਆਹੋ ਭੈਣੇ, ਇਹੋ ਜਿਹੇ ਯਤੀਮ ਰੋਟੀਆਂ ਬਹੁਤ ਚੱਬਦੇ ਹੁੰਦੇ ਆ। ਮੈਨੂੰ ਜਾਪਿਆ ਮੈਂ ਬਾਜ਼ਾਰ ਦੇ ਕਿਨਾਰੇ ਤੇ ਬੈਠਾ ਮੰਗਤਾ ਸਾਂ। ਤੇ ਮੇਰੀ ਸਾਰੀ ਭੁੱਖ ਇਕ ਦਮ ਲੋਪ ਹੋ ਗਈ। ਮੈਂ ਰੋਟੀ ਵਾਲੀ ਤਾਸੀ ਓਥੇ ਹੀ ਰੱਖ ਦਿਤੀ ਤੇ ਮਸ੍ਹਾਂ ਹੀ ਆਪਣੀ ਭੁੱਬ ਰੋਕਦਾ ਅੰਦਰ ਨੂੰ ਭੱਜ ਪਿਆ। ਮਰ ਜਾਣੇ ਦੀ ਮਜਾਜ ਵੇਖ ਕਿੰਨੀ ਆਂ - ਭਾਬੀ ਦੀ ਆਵਾਜ਼ ਮੇਰੇ ਕੰਨ ਪਾੜ ਰਹੀ ਸੀ। ਅਜੇ ਮੇਰੀ ਮਾਂ ਮਰੀ ਨੂੰ ਇਕ ਮਹੀਨਾ ਵੀ ਨਹੀਂ ਸੀ ਹੋਇਆ। ਤੇ ਅੰਦਰ ਬੈਠੇ ਚੋਰੀਂ ਬੁਸਕਦੇ ਨੂੰ ਮੈਨੂੰ ਸੰਤਾ ਸਿੰਘ ਹਲਵਾਈ, ਸੋਢੇ ਵਾਲਾ ਗਿਆਨ, ਟੋਸ ਵਾਲੀ ਘਟਨਾ ਤੇ ਚਾਚਾ ਬੇਬਹਾ ਯਾਦ ਆਉਣ ਲੱਗੇ।

ਰਸਤੇ ਦੀ ਤਲਾਸ਼ ਵਿਚ

ਮੈਂ ਆਪਣੀ ਇਸ ਸਾਹਿਤਕ ਸਵੈਜੀਵਨੀ ਦੇ ਪਾਠਕਾਂ ਨੂੰ ਦੱਸਦਾ ਜਾਵਾਂ ਕਿ ਮੇਰੇ ਜੀਵਨ ਤੇ ਮੇਰੇ ਸਾਹਿਤ ਵਿਚ ਕੋਈ ਲਕੀਰ ਨਹੀਂ ਖਿੱਚੀ ਜਾ ਸਕਦੀ। ਜਿਹੜੀ ਵੀ ਮਾੜੀ ਚੰਗੀ ਜਿ਼ੰਦਗੀ ਮੈਂ ਜਿਊਈ ਹੈ ਉਸੇ ਦਾ ਹੀ ਰੂਪਾਂਤਰਨ ਮੈਂ ਆਪਣੇ ਸਾਹਿਤ ਵਿਚ ਕੀਤਾ ਹੈ ਭਾਵੇਂ ਇਹ ਕਵਿਤਾ ਸੀ ਤੇ ਭਾਵੇਂ ਕਹਾਣੀ, ਨਾਵਲ ਜਾਂ ਗ਼ਜ਼ਲ। ਸਮੀਖਿਆ ਦੇ ਖੇਤਰ ਵਿਚ ਵੀ ਮਾਰਕਸਵਾਦ ਨੂੰ ਚੁਣਨਾ ਇਸੇ ਦੀ ਹੀ ਦੇਣ ਹੈ। ਇਹ ਨਿਤਾਂਤ ਵੱਖਰੀ ਗੱਲ ਹੈ ਕਿ ਸਮਾਂ ਪਾ ਕੇ ਮੈਂ ਕੱਟੜ ਕਿਸਮ ਦੇ ਮਾਰਕਸਵਾਦ ਨੂੰ ਰੱਦ ਕਰ ਦੇਂਦਾ ਹਾਂ।
ਜਦੋਂ ਮੇਰੀ ਜਿ਼ੰਦਗੀ ਦੇ ਕੁਝ ਪੱਖ ਪਾਠਕਾਂ ਦੇ ਸਾਹਮਣੇ ਆ ਗਏ ਜਾਂ ਪਰਤੱਖ ਹੋ ਗਏ ਤਾਂ ਹੀ ਮੈਂ ਆਪਣੀਆਂ ਰਚਨਾਵਾਂ ਨੂੰ ਇਹਨਾਂ ਹਾਦਸਿਆਂ ਨਾਲ ਸੰਬੰਧਿਤ ਕਰ ਸਕਾਂਗਾ। ਸਾਹਿਤ ਜਿ਼ੰਦਗੀ ਚੋਂ ਪੈਦਾ ਹੂੰਦਾ ਹੈ ਨਾ ਕਿ ਇਸਦੇ ਉਲਟ।


1947 ਮੁੱਕ ਚੁੱਕਾ ਸੀ ਤੇ ਹੁਣ ਸ਼ਾਇਦ 1948 ਦੀ ਮਾਰਚ ਜਾਂ ਅਪ੍ਰੈਲ ਸੀ। ਅਸੀਂ ਠਿੱਬਿਆਂ ਵਾਲਾ ਵਿਹੜਾ ਛੱਡ ਕੇ ਕੌੜਿਆਂ ਵਾਲੀ ਗਲੀ ਵਿਚ ਆ ਗਏ ਸਾਂ ਤੇ ਪਾਕਿਸਤਾਨ ਜਾ ਚੁੱਕੇ ਇਕ ਪਰਿਵਾਰ ਦਾ ਖਾਲੀ ਘਰ ਮੱਲ ਲਿਆ ਸੀ। ਇਹ ਗਲੀ ਨਵੀਂ ਸੜਕ ਦੇ ਨਾਲ ਹੀ ਹੈ। ਸਾਡੇ ਆਪਣੇ ਮਕਾਨ ਅੱਧਜਲੇ ਪਏ ਸਨ। ਉਹਨਾਂ ਚ ਰਹਿਣਾ ਮੁਮਕਿਨ ਨਹੀਂ ਸੀ। ਕਾਫੀ ਸਾਰੀ ਮੁਰੰਮਤ ਦੀ ਲੋੜ ਸੀ।
ਇਕ ਦਿਨ ਭਾਬੀ ਨੇ ਮੁਹਿੰਦਰ ਨੂੰ ਕਿਹਾ ਕਿ ਉਹ ਆਪਣਾ ਸੜਿਆ ਹੋਇਆ ਮਕਾਨ ਵੇਖਣਾ ਚਾਹੁੰਦੀ ਸੀ। ਜਦੋਂ ਉਹ ਤੁਰਨ ਲੱਗੇ ਤਾਂ ਮੈਂ ਕਿਹਾ, ਭਾ, ਚਾਚੇ ਵਾਲੇ ਮਕਾਨ ਦੀ ਚਾਬੀ ਵੀ ਲੈ ਲਈਂ ਪਤਾ ਨਹੀਂ ਕਿਵੇਂ ਮੈਂ ਸੋਚ ਲਿਆ ਕਿ ਜੇ ਮੈਂ ਮੇਰਾ ਜਾਂ ਸਾਡਾ ਮਕਾਨ ਕਹਿ ਦਿੱਤਾ ਤਾਂ ਕਿਤੇ ਪੁਆੜਾ ਹੀ ਨਾ ਪੈ ਜਾਏ। ਭਾਬੀ ਨੇ ਮੇਰੇ ਵੱਲ ਵੇਖ ਕੇ ਘੂਰੀ ਜਿਹੀ ਵੱਟੀ ਪਰ ਮੈਂ ਆਪਣਾ ਮੂੰਹ ਪਾਸੇ ਕਰ ਲਿਆ। ਪਰ ਮੁਹਿੰਦਰ ਨੇ ਉਹ ਚਾਬੀ ਵੀ ਚੁੱਕ ਲਈ। ਨਵੀਂ ਸੜਕ ਤੇ ਜਾ ਕੇ ਉਹਨੇ ਪਹਿਲਾਂ ਆਪਣਾ ਮਕਾਨ ਖੋਹਲਿਆ, ਭਾਬੀ ਨੂੰ ਅੰਦਰ ਵਾੜਿਆ ਤੇ ਫੇਰ ਚਾਚੇ ਵਾਲਾ ਮਕਾਨ ਵੀ ਖੋਹਲ ਦਿੱਤਾ। ਮੈਨੂੰ ਓਥੇ ਹੀ ਛੱਡ ਕੇ ਉਹ ਆਪ ਆਪਣੇ ਘਰ ਚਲਿਆ ਗਿਆ।
ਸਾਡੇ ਵਾਲੇ ਘਰ ਵਿਚ ਹਨੇਰਾ ਸੀ। ਮੈਂ ਬਾਹਰਲਾ ਬੂਹਾ ਪੂਰਾ ਖੋਹਲ ਦਿੱਤਾ ਜਿਸ ਨਾਲ ਮਕਾਨ ਚਾਨਣ ਨਾਲ ਭਰ ਗਿਆ। ਮੈਂ ਆਲੇ ਵਿਚਲੀ ਮੇਰੀ ਹੀ ਟਿਕਾਈ ਹੋਈ ਇੱਟ ਪਾਸੇ ਕੀਤੀ ਤਾਂ ਵੇਖਿਆ ਮੇਰਾ ਡੋਰ ਵਾਲਾ ਪੂਰੀ ਇਕ ਗੋਟ ਦਾ ਡੋਰ ਦਾ ਪਿੰਨਾ ਉਵੇਂ ਹੀ ਪਿਆ ਸੀ। ਇਹ ਪਿੰਨਾ ਮੈਨੂੰ ਮੇਰੇ ਨਾਨਕਿਆਂ ਦੀ ਗਲੀ ਦੇ ਸਾਹਮਣੇ ਵਾਲੀ ਹੱਟੀ ਤੋਂ ਚਾਚੇ ਨੇ ਲੈ ਕੇ ਦਿੱਤਾ ਸੀ। ਮੈਂ ਇਹਨੂੰ ਅਜੇ ਖੋਹਲਿਆ ਵੀ ਨਹੀਂ ਸੀ। ਕੋਰਾ ਹੀ ਪਿਆ ਸੀ। ਫੇਰ ਮੈਂ ਅੰਦਰਲੇ ਕਮਰੇ ਵਿਚ ਗਿਆ। ਚਾਚੇ ਦੇ ਪਲੰਘ ਦੇ ਪਾਵੇ ਨਾਲ ਮੇਰਾ ਸਕੂਲ ਵਾਲਾ ਬਸਤਾ ਤੇ ਫੱਟੀ ਪਏ ਸਨ। ਤੇ ਇਕ ਪਾਸੇ ਭੂਆ ਕੋਲੋਂ ਆਂਦਾ ਘਿਉ ਵਾਲਾ ਪੀਪਾ ਵੀ ਓਦਾਂ ਹੀ ਪਿਆ ਸੀ। ਪਰ ਉਹਨੂੰ ਲੈ ਕੇ ਆਉਣ ਵਾਲਾ ਚਾਚਾ ਹੀ ਨਹੀਂ ਸੀ ਰਿਹਾ। ਯਾਦ ਆਉਂਦਿਆਂ ਹੀ ਮੇਰਾ ਕੜ ਪਾਟ ਗਿਆ।
ਚਾਚਾ ਇਸ ਪਲੰਘ ਤੇ ਸੌਂਦਾ ਹੁੰਦਾ ਸੀ ਤੇ ਮੈਂ ਤੇ ਚਾਚੀ ਨਾਲ ਵਾਲੀ ਮੰਜੀ ਤੇ ਜਿਹੜੀ ਇਸ ਵੇਲੇ ਕੰਧ ਨਾਲ ਲੱਗੀ ਹੋਈ ਸੀ ਤੇ ਬਿਸਤਰੇ ਪਲੰਘ ਤੇ ਪਏ ਸਨ। ਰਸੋਈ ਦਾ ਸਾਮਾਨ ਵੀ ਉਂਜ ਹੀ ਪਿਆ ਸੀ ਜਿਵੇਂ ਚਾਚੀ ਛੱਡ ਕੇ ਗਈ ਸੀ। ਚਾਚੇ ਦੀਆਂ ਚਿੱਟੀਆਂ ਚਾਦਰਾਂ ਤੇ ਕੁੜਤੇ ਇਕ ਰੱਸੀ ਉਤੇ ਲਟਕ ਰਹੇ ਸਨ ਪਰ ਚਾਚਾ ਹੀ ਕਿਤੇ ਨਹੀਂ ਸੀ।
ਵੀਰਾਨ ਤੇ ਬਰਬਾਦ ਹੋ ਚੁਕਾ ਆਪਣਾ ਘਰ ਵੇਖ ਕੇ ਅਜੇ ਮੈਂ ਲਹੂ ਦੇ ਅੱਥਰੂ ਰੋ ਹੀ ਰਿਹਾ ਸਾਂ ਕਿ ਮੈਨੂੰ ਸਾਹਮਣੇ ਵਾਲੇ ਘਰ ਚੋਂ ਭਾਬੀ ਦੀ ਆਵਾਜ਼ ਸੁਣੀ: ਵੇ ਮਿੰ੍ਹਦਰਾ, ਆਹ ਦੋ ਇੱਟਾਂ ਵੀ ਪੁੱਟ ਏਥੋਂ ਤੇ ਸੁੱਟ ਇਹਨਾਂ ਨੂੰ ਬਾਹਰ ਕਿਤੇ। ਅਈਥੇ ਈ ਡਿੱਗਿਆ ਮਰਿਆ ਸੀ ਨਾ ਉਹ ਨਖੱਤਾ ਮਿਰਗੀ ਪੈਣਾ। ਮੈਂ ਉੱਤੋਂ ਕੋਠੇ ਤੋਂ ਹੋਰ ਇੱਟਾਂ ਲੈ ਕੇ ਆਉਣੀ ਆਂ, ਉਹ ਲਾ ਦੇ ਏਥੇ ਸੁਣਦਿਆਂ ਹੀ ਮੈਂ ਸਮਝ ਗਿਆ ਕਿ ਜੀ ਭਿਆਣਾ ਚਾਚਾ ਏਥੇ ਹੀ ਅੱਧਾ ਅੰਦਰ ਤੇ ਅੱਧਾ ਬਾਹਰ ਡਿੱਗਿਆ ਸੀ। ਏਥੇ ਹੀ ਚਾਚੀ ਉਹਨੂੰ ਅਖੀਰ ਵੇਲੇ ਛੱਡ ਕੇ ਤੇ ਦੀਪੋ ਨੂੰ ਚੁੱਕ ਕੇ ਤੁਰ ਪਈ ਸੀ। ਮੈਂ ਇਕ ਦਮ ਭੱਜ ਕੇ ਓਧਰ ਨੂੰ ਗਿਆ। ਭਾਬੀ ਕੋਠੇ ਤੇ ਜਾ ਚੜ੍ਹੀ ਸੀ ਤੇ ਮੁਹਿੰਦਰ ਹੇਠਾਂ ਆ ਗਿਆ ਸੀ।
ਭਾ, ਆਹ ਦ੍ਹੋਵੇਂ ਇੱਟਾਂ ਪੁੱਟ ਕੇ ਮੈਨੂੰ ਦੇ ਦੇ, ਸੁੱਟੀਂ ਨਾ - ਮੇਰੀਆਂ ਅੱਖਾਂ ਤਰ ਸਨ, ਜੀਭ ਤਾਲੂ ਨਾਲ ਲੱਗੀ ਹੋਈ ਸੀ ਤੇ ਗਚ ਭਰਿਆ ਹੋਇਆ ਸੀ।
ਕਿਉਂ, ਤੂੰ ਚਾਰ ਪੌਣਾ ਵਾਂ ਇਹਨਾਂ ਦਾ? ਹੁਣੇ ਥੱਲੇ ਉਤਰੀ ਭਾਬੀ ਮੇਰੇ ਵੱਲ ਨਾਹਰੀਆਂ ਅੱਖਾਂ ਨਾਲ ਵੇਖਦੀ ਹੋਈ ਬੋਲੀ।
ਚੱਲ ਛੱਡ ਭਾਬੀ, ਤੂੰ ਵੀ ਤਾਂ ਬਸ, ਅਖੀਰ ਪਿਉ ਸੀ ਉਹਦਾ - ਮੁਹਿੰਦਰ ਨੇ ਮੇਰਾ ਬਚਾਅ ਕੀਤਾ ਪਰ ਨਾ ਹੋਇਆਂ ਵਰਗਾ। ਜਦੋਂ ਮੁਹਿੰਦਰ ਨੇ ਉਹ ਦੋ ਇੱਟਾਂ ਪੁੱਟ ਕੇ ਪਾਸੇ ਰੱਖੀਆਂ ਤਾਂ ਮੈਂ ਚੁੱਕ ਕੇ ਆਪਣੇ ਘਰ ਲੈ ਗਿਆ। ਉਹਨਾਂ ਨੂੰ ਮੈਂ ਇਕ ਕੱਪੜੇ ਵਿਚ ਲਪੇਟ ਕੇ ਚਾਚੀ ਦੀ ਅਲਮਾਰੀ ਵਿਚ ਰੱਖਿਆ ਤੇ ਫੇਰ ਉਹਨਾਂ ਉੱਤੇ ਝੁਕ ਕੇ ਭੁੱਬਾਂ ਮਾਰਨ ਲੱਗਾ। ਭੁੱਬਾਂ, ਜਿਹਨਾਂ ਦੀ ਆਵਾਜ਼ ਸਿਰਫ਼ ਮੈਨੂੰ ਹੀ ਸੁਣਦੀ ਸੀ। ਮੈਂ ਆਪਣਾ ਸਿਰ ਉਦੋਂ ਚੁੱਕਿਆ ਜਦੋਂ ਮੁਹਿੰਦਰ ਮਕਾਨ ਨੂੰ ਜੰਦਰਾ ਲਾਉਣ ਆਇਆ।


ਇੱਥੇ ਹੀ ਇਕ ਹੋਰ ਘਟਨਾ ਦਾ ਜਿ਼ਕਰ ਬਹੁਤ ਜ਼ਰੂਰੀ ਹੈ।ਮੇਰੀ ਇਕ ਗ਼ਜ਼ਲ ਦਾ ਇਕ ਸ਼ੇਅਰ ਹੈ:
ਕਰੇ ਗੀ ਕੀ ਭਲਾ ਸਾਨੂੰ ਤੁਹਾਡੀ ਮੌਤ ਦੀ ਧਮਕੀ,
ਅਸੀਂ ਤਾਂ ਰਾਤ ਦਿਨ ਲੰਘੇ ਹਾਂ ਕੱਲੇ ਮਕਤਲਾਂ ਵਿੱਚੋਂ।

ਜ਼ਾਹਿਰ ਹੈ ਕਿ ਇਸ ਸ਼ੇਅਰ ਨੂੰ ਲਿਖਣ ਲਈ ਕਿਹੋ ਜਿਹੀ ਜਿ਼ੰਦਗੀ ਜੀਵੀ ਗਈ ਹੋਵੇਗੀ।
ਇਸ ਲਈ ਉਸ ਮਾਰੂ ਘਟਨਾ ਦਾ ਮੰਜ਼ਰ ਪੇਸ਼ ਕਰ ਰਿਹਾ ਹਾਂ ਜਿਸ ਵਿੱਚੋਂ ਏਦਾਂ ਦੇ ਕਈ ਸ਼ੇਅਰ ਖ਼ੁਦ ਬਖ਼ੁਦ ਪੈਦਾ ਹੋ ਗਏ।
ਉਦੋਂ ਅਜੇ ਅਸੀਂ ਕੌੜਿਆਂ ਵਾਲੀ ਗਲੀ ਵਿਚ ਹੀ ਰਹਿੰਦੇ ਸਾਂ। ਸ਼ਹਿਰ ਵਿਚ ਕਰਫਿ਼ਊ ਅਜੇ ਲਗਦਾ ਸੀ। ਇਕ ਦਿਨ ਦੁਪਹਿਰ ਵੇਲੇ ਮੁਹਿੰਦਰ ਨੇ ਭਾਬੀ ਕੋਲੋਂ ਪੋਣੇ ਵਿਚ ਰੋਟੀਆਂ ਤੇ ਸਬਜ਼ੀ ਭਾਜੀ ਜੋ ਵੀ ਸੀ, ਬੰਨ੍ਹਵਾਈ ਤੇ ਮੈਨੂੰ ਨਾਲ ਲੈ ਕੇ ਤੁਰ ਪਿਆ। ਸ਼ਹਿਰ ਤੋਂ ਬਾਹਰਲੀ ਰਿੰਗ ਰੋਡ ਤੇ ਯਾਨਿ ਭਗਤਾਂ ਵਾਲੇ ਤੇ ਹਕੀਮਾਂ ਵਾਲੇ ਦਰਵਾਜ਼ੇ ਦੇ ਵਿਚਕਾਹੇ ਜਿਹੇ ਜਾ ਕੇ ਮੈਨੂੰ ਕਹਿਣ ਲੱਗਾ, ਖੂਹ ਤੇ ਬ੍ਹੀਰਾ, ਬੰਸਾ ਤੇ ਜਿੰਦਾ ਰੋਟੀ ਦੀ ਉਡੀਕ ਕਰ ਰਹੇ ਨੇ। ਕਰਫਿ਼ਊ ਲੱਗਾ ਹੋਇਐ। ਵੇਖਦਿਆਂ ਸਾਰ ਗੋਲੀ ਮਾਰ ਦੇਣ ਦਾ ਹੁਕਮ ਐਂ।ਤੂੰ ਛੋਟਾ ਏਂ, ਛੁਪ ਛੁਪਾ ਕੇ ਨਿਕਲ ਸਕਦੈਂ। ਤੂੰ ਏਦਾਂ ਕਰ, ਆਹ ਰੋਟੀਆਂ ਸਿਰ ਤੇ ਰੱਖ, ਸਾਹਮਣਾ ਗੰਦਾ ਨਾਲਾ ਪਾਰ ਕਰ ਜਾ, ਅੱਗੇ ਔਹਨਾਂ ਝਾੜੀਆਂ ਚ ਵੜ ਜਾਈਂ। ਅੱਗੇ ਖਾਲੀ ਮੈਦਾਨ ਆ। ਬਸ ਸਿੱਧਾ ਤੁਰਿਆ ਜਾਈਂ। ਅੱਗੇ ਰੇਲ ਦੀ ਪਟੜੀ ਤੋਂ ਖੱਬੇ ਹੱਥ ਹੋ ਜਾਈਂ। ਫੇਰ ਅੱਗੇ ਰੇਲ ਦੇ ਫਾਟਕ ਤੋਂ ਸੱਜੇ ਹੱਥ। ਤੇਰੇ ਸੱਜੇ ਹੱਥ ਅੰਨ੍ਹਗੜ੍ਹ ਪਿੰਡ ਹੋਊਗਾ। ਸਿੱਧਾ ਤੁਰਿਆ ਜਾਈਂ। ਗਾਂਹ ਇੱਟਾਂ ਦਾ ਭੱਠਾ ਲੰਘ ਕੇ ਸੱਜੇ ਹੱਥ ਛੱਪੜ ਆਊਗਾ, ਓਥੋਂ ਸੱਜੇ ਮੁੜ ਜਾਈਂ। ਫੇਰ ਪੁਲੀ ਲੰਘ ਕੇ ਅੱਗੇ ਭਾਈ ਵਾਲਾ ਖੂਹ ਈ। ਸਾਰੇ ਤੈਨੂੰ ਓਥੇ ਮਿਲ ਪੈਣਗੇ। ਬਸ, ਦਵਾ ਦਵ ਵਗ ਜਾਹ। ਯਾਦ ਰਹੇ ਮੇਰੀ ਉਮਰ ਅਜੇ ਸਾਢੇ ਛੇ ਸਾਲਾਂ ਦੇ ਕਰੀਬ ਸੀ।
ਉਹਨੇ ਮੇਰੇ ਸਿਰ ਤੇ ਰੋਟੀਆਂ ਵਾਲੀ ਛੋਟੀ ਜਿਹੀ ਗੰਢੜੀ ਰੱਖੀ ਤੇ ਪਸ਼ੂ ਨੂੰ ਹਿੱਕ ਦੇਣ ਵਾਂਗ ਹਿੱਕ ਦਿੱਤਾ। ਮੈਂ ਭਲਾ ਕਿਵੇਂ ਨਾਂਹ ਕਰ ਸਕਦਾ ਸਾਂ। ਇਹ ਕੋਈ ਚਾਚਾ ਜਾਂ ਚਾਚੀ ਥ੍ਹੋੜਾ ਹੀ ਸਨ ਕਿ ਮੇਰੀ ਗੱਲ ਸੁਣਦੇ? ਮੈਂ ਡਰਿਆ ਜਿਹਾ ਤੁਰ ਪਿਆ। ਗੰਦਾ ਨਾਲਾ ਪਾਰ ਕੀਤਾ ਤੇ ਗਾਂਹ ਝਾੜੀਆਂ ਚ ਵੜ ਗਿਆ। ਅੱਗੇ ਗਿਆ ਤਾਂ ਵੇਖਿਆ ਉਥੇ ਕੋਈ ਮੈਦਾਨ ਨਹੀਂ ਸੀ ਸਗੋਂ ਇਕ ਵਸੀਹ ਉਜਾੜ ਬੀਆਬਾਨ ਸੀ ਜੋ ਅੱਧੇ ਮੀਲ ਤੋਂ ਵੀ ਵੱਡਾ ਸੀ ਤੇ ਅਜੇ ਛੇ ਸੱਤ ਮਹੀਨੇ ਪਹਿਲਾਂ ਵੱਢੇ ਗਏ ਬੰਦਿਆਂ ਦੀਆਂ ਲੋਥਾਂ ਤੇ ਕੁਰੰਗਾਂ ਨਾਲ ਭਰਿਆ ਹੋਇਆ ਸੀ। ਹਰ ਪਾਸੇ ਹੱਡੀਆਂ ਹੀ ਹੱਡੀਆਂ, ਲੱਤਾਂ, ਬਾਹਵਾਂ, ਧੜ, ਖੋਪਰੀਆਂ, ਪੂਰੇ ਤੇ ਅੱਧਵਰਿੱਤੇ ਕੁਰੰਗ ਖਿੱਲਰੇ ਹੋਏ ਸਨ ਤੇ ਦਰਜਨਾਂ ਹੀ ਕੁੱਤੇ ਉਹਨਾਂ ਨੂੰ ਚੂੰਢ ਰਹੇ ਤੇ ਇਕ ਦੂਜੇ ਨੂੰ ਭੌਂਕ ਰਹੇ ਸਨ। ਮੈਂ ਅੰਦਰ ਤਕ ਕੰਬ ਗਿਆ। ਦਹਿਲ ਗਿਆ। ਮੇਰੇ ਸਰੀਰ ਚੋਂ ਸੱਤਿਆ ਹੀ ਮੁਕ ਗਈ। ਕਰਫਿ਼ਊ ਕਾਰਨ ਏਧਰ ਓਧਰ ਕੋਈ ਵੀ ਬੰਦਾ ਨਹੀਂ ਸੀ ਦਿਸਦਾ। ਮੈਂ ਪਿੱਛੇ ਮੁੜ ਕੇ ਵੇਖਿਆ। ਮੁਹਿੰਦਰ ਕਦੋਂ ਦਾ ਉੱਥੋਂ ਜਾ ਚੁੱਕਾ ਸੀ। ਹੁਣ ਕੀ ਕਰਾਂ? ਕਿੱਧਰ ਜਾਵਾਂ? ਅੱਗੇ ਜਾਵਾਂ ਕਿ ਪਿੱਛੇ? ਕੁਝ ਵੀ ਸਮਝ ਨਹੀਂ ਸੀ ਆ ਰਹੀ। ਤਦੇ ਹੀ ਕੁੱਤਿਆਂ ਨੇ ਮੈਨੂੰ ਵੇਖ ਲਿਆ। ਉਹ ਮੇਰੇ ਵੱਲ ਨੂੰ ਭੱਜੇ। ਉਹ ਪਾਸਿਉਂ ਦੀ ਆ ਰਹੇ ਸਨ। ਵਾਪਸ ਝਾੜੀਆਂ ਵਿਚ ਜਾਣ ਦੀ ਥਾਂ ਮੈਂ ਅੱਗੇ ਨੂੰ ਭੱਜ ਪਿਆ। ਕੁੱਤੇ ਪਿੱਛੇ ਪਿੱਛੇ ਤੇ ਮੈਂ ਅੱਗੇ। ਕਦੇ ਮੈਂ ਇਕ ਹੱਡੀ ਨਾਲ ਟਕਰਾ ਕੇ ਡਿੱਗਦਾ ਤੇ ਕਦੇ ਦੂਜੀ ਨਾਲ। ਅੱਗੇ ਇਕ ਖਾਲ ਵਿਚ ਪੂਰਾ ਕੁਰੰਗ ਪਿਆ ਸੀ, ਬੇਹੱਦ ਡਰਾਉਣਾ। ਲੱਗਾ ਉਹ ਹੁਣੇ ਹੀ ਮੈਨੂੰ ਧੌਣ ਤੋਂ ਫੜ ਲਵੇਗਾ। ਮੈਂ ਫਿਰ ਪਿੱਛੇ ਨੂੰ ਭੱਜਿਆ। ਪਰ ਪਿੱਛੇ ਤਾਂ ਕੁੱਤੇ ਸਨ। ਮੈਂ ਵਲਾ ਪਾ ਕੇ ਭੱਜਣ ਲੱਗਾ। ਪਰ ਕਦੇ ਮੈਂ ਕਿਸੇ ਖੋਪਰੀ ਨਾਲ ਠੋਕਰ ਖਾ ਕੇ ਡਿੱਗਦਾ, ਕਦੇ ਕਿਸੇ ਲੱਤ ਦੀ ਹੱਡੀ ਨਾਲ ਤੇ ਕਦੇ ਕਿਸੇ ਅੱਧ ਬਚੇ ਪਿੰਜਰ ਨਾਲ। ਖੋਪਰੀ ਹੁੰਦੀ ਤਾਂ ਮੈਂ ਤਿਲਕ ਕੇ ਔਹ ਜਾਂਦਾ, ਜੇ ਕੋਈ ਲੱਤ ਬਾਂਹ ਦੀ ਲੰਮੀ ਹੱਡੀ ਹੁੰਦੀ ਤੇ ਉਹਦੇ ਇਕ ਸਿਰੇ ਤੇ ਪੈਰ ਆ ਜਾਂਦਾ ਤਾਂ ਉਹ ਉੱਛਲ ਕੇ ਮੇਰੀਆਂ ਖੁੱਚਾਂ ਚ ਵੱਜਦੀ ਤਾਂ ਮੈਂ ਕਿਤੇ ਹੁੰਦਾ ਤੇ ਰੋਟੀਆਂ ਵਾਲੀ ਪੋਟਲੀ ਕਿਤੇ ਹੁੰਦੀ। ਅਨੇਕਾਂ ਵਾਰੀ ਮੈਂ ਡਿੱਗਿਆ ਤੇ ਅਨੇਕਾਂ ਵਾਰੀ ਸਿਰ ਦੀਆਂ ਰੋਟੀਆਂ। ਮੈਂ ਭੁੱਬ ਵੀ ਨਹੀਂ ਸਾਂ ਮਾਰ ਸਕਦਾ। ਮੇਰਾ ਤਾਂ ਸਾਹ ਨਾਲ ਸਾਹ ਨਹੀਂ ਸੀ ਰਲਦਾ। ਮੈਂ ਤਾਂ ਬੁਰੀ ਤਰ੍ਹਾਂ ਹੌਂਕ ਰਿਹਾ ਤੇ ਭੱਜ ਰਿਹਾ ਸਾਂ। ਫੇਰ ਕੁੱਤੇ ਸਨ ਕਿ ਮੈਨੂੰ ਪਾੜ ਦੇਣਾ ਚਾਹੁੰਦੇ ਸਨ ਕਿਉਂਕਿ ਹੱਡੀਆਂ ਤੇ ਕੁਰੰਗਾਂ ਦਾ ਸਾਰਾ ਮਾਸ ਉਹ ਚਟਮ ਕਰ ਚੁੱਕੇ ਸਨ। ਉਹ ਬੇਤਰਹ ਭੁੱਖੇ ਸਨ।ਸਾਢੇ ਛੇ ਸਾਲ ਦੀ ਮੇਰੀ ਉਮਰ ਤੇ ਇਹ ਭਵਜਲ। ਅਜੇ ਚਾਚੇ ਮਰੇ ਨੂੰ ਸਿਰਫ਼ ਛੇ ਮਹੀਨੇ ਹੋਏ ਸਨ ਤੇ ਚਾਚੀ ਮਰੀ ਨੂੰ ਚਾਰ ਮਹੀਨੇ। ਜੇ ਮੈਨੂੰ ਕੁੱਤੇ ਚੱਬ ਵੀ ਜਾਂਦੇ ਤਾਂ ਕਿਸੇ ਦਾ ਕੀ ਜਾਣਾ ਸੀ?
ਮੈਂ ਭੱਜਦਾ ਗਿਆ, ਡਿੱਗਦਾ ਤੇ ਮੁੜ ਉੱਠਦਾ ਦੌੜਦਾ ਗਿਆ, ਤੇ ਕੁੱਤੇ ਮੇਰੇ ਪਿੱਛੇ ਭੱਜਦੇ ਰਹੇ, ਮੇਰਾ ਸਬਰ ਅਜ਼ਮਾਉਂਦੇ ਰਹੇ। ਪਤਾ ਨਹੀਂ ਕਿੰਨੇ ਯੁੱਗ ਭੱਜਿਆ ਹੋਵਾਂਗਾ ਮੈਂ? ਜਦੋਂ ਮੈਂ ਪਟੜੀ ਤੇ ਪਹੁੰਚਿਆ ਤਾਂ ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ। ਮੈਂ ਓਥੇ ਰੜੇ ਹੀ ਡਿੱਗ ਪਿਆ ਜਿਵੇਂ ਸਿਰੀ ਸੁੱਟ ਦਿੱਤੀ ਹੋਵੇ। ਕੁੱਤੇ ਏਧਰ ਨਹੀਂ ਸਨ ਆਏ। ਉਹ ਹੁਣ ਕੁਰੰਗਾਂ ਨੂੰ ਪਾੜ ਪਾੜ ਖਾਣ ਚ ਮਸਰੂਫ਼ ਹੋ ਗਏ ਸਨ। ਤੇ ਮੈਂ ਬਿਫਰੇ ਹੋਏ ਤੂਫ਼ਾਨ ਚੋਂ ਬਾਹਰ ਨਿਕਲ ਕੇ ਹੁਣ ਡਾਡਾਂ ਮਾਰ ਰਿਹਾ ਸਾਂ। ਹੁਣ ਜਦੋਂ ਮੈਂ ਮਕਤਲ ਚੋਂ ਨਿਕਲ ਆਇਆ ਸਾਂ। ਛੇਆਂ ਮਹੀਨਿਆਂ ਵਿਚ ਹੀ ਸਭ ਕੁਝ ਬਦਲ ਗਿਆ ਸੀ। ਕਿਸੇ ਦੇ ਦਿਲ ਦਾ ਟੁਕੜਾ ਮੈਂ, ਹੁਣ ਏਨਾ ਸਸਤਾ ਹੋ ਗਿਆ ਸਾਂ ਮੇਰੀ ਜਾਨ ਦੀ ਕੀਮਤ ਹੀ ਕੋਈ ਨਹੀਂ ਸੀ ਰਹੀ। ਦੱਸੇ ਮੂਜਬ ਜਦੋਂ ਸਾਰੇ ਰਸਤੇ ਗਾਹ ਕੇ ਮੈਂ ਰੋਟੀ ਲੈ ਕੇ ਪਹੁੰਚਿਆ ਤਾਂ ਕਿਸੇ ਨੇ ਮੇਰੀ ਜਿ਼ਬ੍ਹਾ ਹੋਈ ਸ਼ਕਲ ਨਹੀਂ ਵੇਖੀ। ਰੋਟੀਆਂ ਫੜੀਆਂ, ਖਾਧੀਆਂ ਤੇ ਬਸ। ਫੇਰ ਵਾਪਸੀ ਉੱਤੇ ਮੈਂ ਰਾਹ ਬਦਲ ਲਿਆ। ਕੁੱਤਿਆਂ ਤੋਂ ਬਚਣ ਲਈ। ਪਰ ਇਸ ਕਦਰ ਗੁਆਚ ਗਿਆ ਕਿ ਡੂੰਘੀ ਰਾਤ ਪਏ ਘਰ ਪੁਹੰਚਿਆ। ਮੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਕਿ ਮੈਂ ਕਿੱਥੇ ਰਹਿ ਗਿਆ ਸਾਂ। ਜਾਂ ਕਿੱਧਰੋਂ ਆਇਆ ਸਾਂ? ਮੈਂ ਇਕ ਖਾਲੀ ਨੁੱਕਰ ਲੱਭੀ ਤੇ ਓਥੇ ਹੀ ਢੇਰੀ ਹੋ ਗਿਆ। ਬਿਲਕੁਲ ਭੁੱਖਾ ਭਾਣਾ। ਦੂਰ ਦੂਰ ਤੱਕ ਪੱਸਰੀ ਦਿਲ ਦੀ ਉਜਾੜ ਦੀਆਂ ਮੁੱਠਾਂ ਭਰੀ।


ਮੈਂ ਕੌੜਿਆਂ ਵਾਲੀ ਗਲੀ ਵਿਚ ਭਟਕ ਰਿਹਾ ਸਾਂ ਕਿ ਅਚਾਨਕ ਮਾਸਟਰ ਜੈ ਸਿੰਘ ਨੂੰ ਆਪਣੇ ਵਾਲੇ ਪਾਸੇ ਆਉਂਦਿਆਂ ਵੇਖਿਆ। ਮੈਂ ਭੱਜ ਕੇ ਉਹਨੂੰ ਅਗਲਵਾਂਢੀ ਹੀ ਜਾ ਮਿਲਿਆ। ਮਾਸਟਰ ਜੀ ਨਾਲ ਚਾਚੇ ਦੇ ਮਰਨ ਪਿੱਛੋਂ ਮਿਲਣ ਦੀ ਇਹ ਮੇਰੀ ਦੂਜੀ ਵਾਰੀ ਸੀ। ਇਕ ਵਾਰ ਉਸਨੂੰ ਮੈਂ ਸਰਾਂ ਚ ਮਿਲਿਆ ਸਾਂ। ਦੂਰੋਂ ਵੇਖਦਿਆਂ ਹੀ ਲੱਤਾਂ ਨੂੰ ਜਾ ਚੰਬੜਿਆ ਸਾਂ। ਉਹਨਾਂ ਨੂੰ ਜਦੋਂ ਮੈਂ ਦੱਸਿਆ ਕਿ ਮੇਰਾ ਚਾਚਾ ਵੱਢਿਆ ਗਿਆ ਸੀ ਤੇ ਮਾਰਿਆ ਜਾ ਚੁਕਾ ਸੀ ਤਾਂ ਉਹਨਾਂ ਨੇ ਮੈਨੂੰ ਬੜੀ ਹਮਦਰਦੀ ਤੇ ਪਿਆਰ ਨਾਲ ਆਪਣੇ ਨਾਲ ਘੁੱਟਿਆ ਸੀ। ਹੁਣ ਜਦੋਂ ਮਿਲੇ ਤਾਂ ਕਹਿਣ ਲੱਗੇ: ਅਗਲੇ ਸੋਮਵਾਰ ਤੋਂ ਸਕੂਲ ਖੁੱਲ੍ਹ ਰਹੇ ਨੇ, ਤੂੰ ਜ਼ਰੂਰ ਆਵੀਂ।
ਪਰ ਮਾਸਟਰ ਜੀ ਮੇਰੀ ਤਾਂ ਚਾਚੀ ਵੀ ਮੇਰੀ ਫੀਸ ਮੈਂ ਮੇਰੀਆਂ ਭੁੱਬਾਂ ਬੰਦ ਨਹੀਂ ਸਨ ਹੋ ਰਹੀਆਂ। ਮਾਸਟਰ ਜੀ ਮੇਰੇ ਕੋਲ ਹੀ ਪੈਰਾਂ ਭਾਰ ਬੈਠ ਗਏ, ਮੈਨੂੰ ਜੱਫੀ ਚ ਲਿਆ, ਚੁੱਪ ਕਰਾਇਆ ਤੇ ਕਿਹਾ, ਫਿਕਰ ਨਾ ਕਰ ਬੇਟੇ, ਫੀਸ ਤੇਰੀ ਮਾਫ਼ ਹੋਵੇਗੀ। ਪਰ ਤੂੰ ਆਈਂ ਜ਼ਰੂਰ - ਪੱਕੀ ਕਰ ਕੇ ਉਹ ਉੱਠ ਖੜੇ ਹੋਏ। ਕੰਬੋਜਾਂ ਦੇ ਬਾਕੀ ਘਰਾਂ ਨੂੰ ਇਹੋ ਸੁਨੇਹਾਂ ਦੇਣ।ਕੰਬੋਜਾਂ ਦੇ ਨਿਆਣੇ ਜਿ਼ਆਦਾਤਰ ਉਹਨਾਂ ਦੇ ਸਕੂਲ ਵਿਚ ਹੀ ਪੜ੍ਹੇ ਸਨ ਤੇ ਪੜ੍ਹਦੇ ਸਨ।
ਇਕ ਵਾਰ ਫਿਰ ਮੌਕਾ ਪਾ ਕੇ ਮੈਂ ਭਾ ਮੁਹਿੰਦਰ ਦਾ ਤਰਲਾ ਕੀਤਾ, ਚਾਚੇ ਦੇ ਪਲੰਘ ਦੇ ਕੋਲ ਪਿਆ ਬਸਤਾ ਤੇ ਫੱਟੀ ਲਿਆਂਦੇ ਤੇ ਫੇਰ ਆਉਣ ਵਾਲੇ ਸੋਮਵਾਰ ਦੀ ਉਡੀਕ ਕਰਨ ਲੱਗਾ, ਬਹੁਤ ਹੀ ਉਤਸੁਕਤਾ ਨਾਲ। ਪਰ ਹੁਣ ਤਕ ਮੇਰੇ ਸਿਰ ਵਿਚ ਬਹੁਤ ਜੂੰਆਂ ਪੈ ਚੁਕੀਆਂ ਸਨ। ਤਾਈ ਤਾਂ ਮੈਨੂੰ ਦੁਰੇ ਦੁਰੇ ਕਰਦੀ ਹੀ ਸੀ। ਆਪ ਹੀ ਨਹਾਉਂਦਾ ਸਾਂ ਪਰ ਖੱਟੀ ਲੱਸੀ ਦੀ ਛਿੱਡੀ ਵਾਲਾਂ ਚੋਂ ਨਹੀਂ ਸੀ ਨਿਕਲਦੀ ਤੇ ਬਦਬੂ ਮਾਰਦੇ ਵਾਲਾਂ ਚ ਜੂੰਆਂ ਤਾਂ ਪੈਣੀਆਂ ਹੀ ਸਨ। ਆਪਣਾ ਸਿਰ ਲੁਕਾਉਣ ਲਈ ਇਕ ਲੀਰ ਵਰਗੀ ਪੱਗ ਮੈਂ ਸਿਰ ਤੇ ਬੰਨ੍ਹੀ ਫਿਰਦਾ ਸਾਂ।
ਆਉਂਦੇ ਸੋਮਵਾਰ ਮੈਂ ਸਕੂਲ ਜ਼ਰੂਰ ਗਿਆ ਪਰ ਕਿਵੇਂ? ਸਰੀਰ ਤੇ ਉਹੋ ਹੀ ਕੱਪੜੇ - ਕੱਛ ਤੇ ਝੱਗਾ, ਸਿਰ ਤੇ ਉਹੀ ਰੱਸਾਨੁਮਾ ਪੱਗ। ਪਰ ਮੈਂ ਇਹਨਾਂ ਨੂੰ ਸਾਬਣ ਨਾਲ ਧੋ ਲਿਆ ਸੀ। ਪੈਰੋਂ ਨੰਗਾ ਸਾਂ ਪਰ ਉਂਜ ਮੈਂ ਮਲ ਮਲ ਕੇ ਨ੍ਹਾਤਾ ਸਾਂ। ਮੇਰੇ ਬਸਤੇ ਵਿਚ ਮੇਰੇ ਚਾਚੇ ਦੀਆਂ ਬਰਕਤਾਂ ਅਜੇ ਵੀ ਪਈਆਂ ਹੋਈਆਂ ਸਨ - ਸਿਆਹੀ ਦੀ ਦਵਾਤ, ਇਕ ਦੋ ਪੈਂਸਿਲਾਂ, ਸਲੇਟੀਆਂ, ਚਾਕਾਂ ਤੇ ਕਲਮਾਂ। ਤੇ ਗਾਚਣੀ ਵੀ। ਮਾਸਟਰ ਜੈ ਸਿੰਘ ਨੇ ਮੇਰੀ ਫੀਸ ਵਾਕਈ ਮਾਫ਼ ਕਰ ਦਿੱਤੀ ਸੀ।
ਘਰ ਦਿਆਂ ਨੂੰ ਮੇਰੇ ਨਾਲ ਕੋਈ ਸਰੋਕਾਰ ਨਹੀਂ ਸੀ। ਮੈਂ ਸਕੂਲ ਗਿਆ ਹਾਂ ਕਿ ਢੱਠੇ ਖੂਹ ਚ, ਉਹਨਾਂ ਦੀ ਜਾਣੇ ਬਲਾ। ਉਹਨਾਂ ਨੂੰ ਘਰ ਦੇ ਛੋਟੇ ਮੋਟੇ ਕੰਮ ਕਰਨ ਲਈ ਇਕ ਮੁੰਡੂ ਚਾਹੀਦਾ ਸੀ, ਤੇ ਉਹ ਮੈਂ ਸਾਂ ਹੀ। ਇਹ ਸਕੂਲ ਜਾਣ ਦਾ ਤੇ ਪੜ੍ਹਨ ਦਾ ਭੂਤ ਮੇਰੇ ਤੇ ਆਪੇ ਹੀ ਸਵਾਰ ਹੋ ਗਿਆ। ਇਹ ਭੂਤ ਮੇਰੇ ਅੰਦਰ ਹੀ ਕਿਤੇ ਸੁੱਤਾ ਪਿਆ ਸੀ ਜੋ ਅਚਾਨਕ ਮਾਸਟਰ ਜੈ ਸਿੰਘ ਨੇ ਜਗਾ ਦਿੱਤਾ ਸੀ। ਮੈਂ ਅੱਜ ਵੀ ਹੈਰਾਣ ਹੁੰਦਾ ਹਾਂ ਕਿ ਇਹ ਭੂਤ ਉਦੋਂ ਦਾ ਜਾਗਿਆ ਅੱਜ ਤੱਕ ਨਹੀਂ ਸੁੱਤਾ।
ਸਕੂਲ ਜਾ ਕੇ ਸਿਰਫ਼ ਇਸ ਭੂਤ ਦੀ ਤ੍ਰਿਪਤੀ ਹੀ ਨਹੀਂ ਸੀ ਹੁੰਦੀ ਸਗੋਂ ਮੈਂ ਘਰ ਵਿਚੋਂ ਪੈਂਦੀਆਂ ਫਿਟਕਾਰਾਂ ਤੋਂ ਵੀ ਕੁਝ ਘੰਟਿਆਂ ਲਈ ਬਚ ਜਾਂਦਾ ਸਾਂ। ਤਾਈ ਦੀ ਕੁੱਟ ਤੋਂ ਬਚ ਜਾਂਦਾ ਸਾਂ, ਮੇਰੇ ਮਾਪਿਆਂ ਨੂੰ ਬੇਵਜਾਹ ਦਿੱਤੀਆਂ ਉਸ ਦੀਆਂ ਗਾਲਾਂ ਤੋਂ ਕਿਨਾਰਾਕਸ਼ ਹੋ ਜਾਂਦਾ ਸਾਂ। ਸਭ ਤੋਂ ਮੁਸ਼ਕਿਲ ਗੱਲ ਇਹ ਸੀ ਕਿ ਮੈਂ ਸਾਰਾ ਦਿਨ ਢਿੱਡੋਂ ਭੁੱਖਾ ਹੀ ਤੁਰਿਆ ਫਿਰਦਾ ਰਹਿੰਦਾ। ਮੇਰੇ ਕੋਲ ਕੋਈ ਪੈਸਾ ਵੀ ਨਾ ਹੁੰਦਾ ਕਿ ਕੁਝ ਖਰੀਦ ਕੇ ਖਾ ਲੈਂਦਾ। ਤਾਈ ਕੋਲੋਂ ਤਾਂ ਮੈਂ ਕੀ ਮੰਗਣਾ ਸੀ ਕੁਝ, ਆਪਣੇ ਪਿਉ ਦੇ ਸਕੇ ਭਰਾ ਕੋਲੋਂ ਵੀ ਮੰਗਦਿਆਂ ਡਰ ਲਗਦਾ। ਜੇ ਕਦੇ ਉਹ ਜੱਫੀ ਚ ਲੈ ਕੇ ਪਿਆਰ ਕਰਦਾ ਤੇ ਮੇਰੀ ਲੋੜ ਪੁੱਛਦਾ ਤਾਂ ਮੈਂ ਮੰਗਣੋਂ ਨਾ ਡਰਦਾ। ਪਰ ਯੇਹ ਨਾ ਥੀ ਹਮਾਰੀ ਕਿਸਮਤ।


ਫਿਰ ਬਹੁਤ ਛੇਤੀ ਭਾਈਯੇ ਨੇ ਮੈਨੂੰ ਮਹੀਆਂ-ਗਾਵਾਂ ਮਗਰ ਲਾ ਦਿੱਤਾ। ਗਰਮੀਆਂ ਦੀਆਂ ਛੁੱਟੀਆਂ ਵਿਚ ਰੋਟੀ ਦੀ ਇਕ ਪੋਟਲੀ ਮੇਰੇ ਪੱਲੇ ਬੰਨ੍ਹ ਦਿੱਤੀ ਜਾਂਦੀ ਤੇ ਅੱਗੇ ਮੱਝਾਂ ਤੇ ਗਾਵਾਂ ਲਾ ਦਿੱਤੀਆਂ ਜਾਂਦੀਆਂ। ਤੇ ਮੈਂ ਸਾਰਾ ਸਾਰਾ ਦਿਨ ਖਾਲੀ ਖੱਤਿਆਂ ਵਿਚ, ਵੱਟਾਂ-ਬੰਨ੍ਹਿਆਂ ਤੇ ਉਹਨਾਂ ਨੂੰ ਚਾਰਦਾ ਰਹਿੰਦਾ, ਨੰਗੇ ਪੈਰਾਂ ਵਿਚ ਸੂਲਾਂ ਚੁਭਣ ਨਾਲ ਰੋਂਦਾ ਤੇ ਫੇਰ ਆਪੇ ਹੀ ਚੁੱਪ ਕਰ ਜਾਂਦਾ।

ਪਹਿਲੇ ਚਾਰ ਸਾਲ ਮੈਂ ਇਸੇ ਸਕੂਲ ਵਿਚ ਪੜ੍ਹਿਆ, ਯਾਨਿ ਪਹਿਲੀਆਂ ਚਾਰ ਜਮਾਤਾਂ ਅਤੇ ਚੌਥੀ ਚੋਂ ਰਿਆਇਤੀ ਪਾਸ ਹੋਇਆ। ਅਸਲ ਵਿਚ ਪਹਿਲੇ ਚਾਰ ਸਾਲ ਮੇਰੀ ਮੱਤ ਹੀ ਮਾਰੀ ਰਹੀ ਕਿਉਂਕਿ ਮੇਰੇ ਸਿਰ ਵਿਚ ਏਨੀਆਂ ਜੂੰਆਂ ਸਨ ਜਿੰਨਾ ਝੂਠ ਬੋਲ ਲਈਏ।ਚੌਥੀ ਜਮਾਤ ਵਿਚ ਸਾਂ ਜਦੋਂ ਇਕ ਦਿਨ ਉਸੇ ਹੀ ਖੂਹ ਤੇ ਬ੍ਹੀਰੇ ਬੰਸੇ ਦੀ ਰੋਟੀ ਲੈ ਕੇ ਗਿਆ। ਜਦੋਂ ਉਹਨਾਂ ਦਿਨ ਦੇ ਚਾਨਣ ਵਿਚ ਮੈਨੂੰ ਦ੍ਹੋਵਾਂ ਹੱਥਾਂ ਨਾਲ ਵਾਹੋ ਦਾਹੀ ਸਿਰ ਖੁਰਕਦਿਆਂ ਵੇਖਿਆ ਤਾਂ ਮੇਰੀ ਬੇੜ ਵਰਗੀ ਪੱਗ ਲਾਹ ਕੇ ਔਹ ਮਾਰੀ ਤੇ ਵੇਖਿਆਂ ਮੇਰਾ ਸਿਰ ਜੂੰਆਂ ਦੀ ਬਸਤੀ ਬਣਿਆ ਹੋਇਆ ਸੀ। ਉਹ ਦ੍ਹੋਵੇਂ ਨਾਲੇ ਹੱਸਣ ਤੇ ਨਾਲੇ ਜੂੰਆਂ ਦੇ ਲੱਪ ਭਰ ਭਰ ਕੇ ਲਾਗੇ ਪਏ ਚੌਅ ਤੇ ਮਾਰੀ ਜਾਣ। ਪਰ ਸੰਘਣੇ ਵਾਲਾਂ ਵਿਚ ਏਨੀਆਂ ਜੂੰਆਂ ਸਨ ਮੁੱਕਣ ਦਾ ਨਾਂ ਹੀ ਨਾ ਲੈਣ। ਫੇਰ ਉਹਨਾਂ ਉਸੇ ਸ਼ਾਮ ਮੇਰਾ ਸਿਰ ਜ਼ਬਰਦਸਤੀ ਨਾਈ ਦੇ ਅੱਗੇ ਕਰ ਦਿਤਾ। ਤੇ ਨਾਈ ਨੇ ਸਿਰ ਨੂੰ ਬਿਲਕੁਲ ਪੱਧਰ ਕਰ ਦਿੱਤਾ, ਸੁਹਾਗੀ ਹੋਈ ਪੈਲੀ ਵਾਂਗ।


ਬ੍ਹੀਰੇ ਨੇ ਮੈਨੂੰ ਪੰਜਵੀਂ ਜਮਾਤ ਵਿਚ ਆਪਣੇ ਹੀ ਸਕੂਲ਼ (ਗੁਰੂ ਰਾਮਦਾਸ ਹਾਈ ਸਕੂਲ) ਵਿਚ ਦਾਖਲ ਕਰਵਾ ਦਿੱਤਾ। ਫੀਸ ਉਥੇ ਵੀ ਮਾਫ਼ ਹੋ ਗਈ, ਪੁਰਾਣੇ ਸਕੂਲ ਦੀ ਮਾਰਫ਼ਤ। ਉਂਜ ਅਰਜ਼ੀ ਜ਼ਰੂਰ ਲਿਖ ਕੇ ਦੇਣੀ ਪਈ ਕਿ ਮੈਂ ਯਤੀਮ ਸਾਂ।
ਪਰ ਸਕੂਲ ਜਾਣ ਤੋਂ ਪਹਿਲਾਂ ਮੈਨੂੰ ਹਰ ਰੋਜ਼ ਸਵੇਰੇ ਮਾਲ ਡੰਗਰ ਖੂਹ ਤੇ ਲਿਜਾ ਕੇ ਖੁਰਲੀ ਤੇ ਬੰਨ੍ਹਣਾ ਪੈਂਦਾ। ਇਉਂ ਮੈਂ ਰੋਜ਼ ਹੀ ਸਕੂਲੋਂ ਲੇਟ ਹੋ ਜਾਂਦਾ ਤੇ ਫੇਰ ਮਾਸਟਰ ਜੀਵਨ ਸਿੰਘ ਤੋਂ ਰਜਵੀਂ ਕੁੱਟ ਖਾਣੀ ਪੈਂਦੀ। ਦੱਸਣਾ ਮੈਨੂੰ ਆਉਂਦਾ ਨਹੀਂ ਸੀ ਤੇ ਮਾਸਟਰ ਸਮਝਦਾ ਸੀ ਮੈਂ ਢਿੱਲਾ, ਸੁਸਤ ਤੇ ਢੀਠ ਸਾਂ, ਰਾਤ ਦਿਨ ਸੁੱਤਾ ਹੀ ਰਹਿੰਦਾ ਸਾਂ। ਉਂਜ ਮੇਰੀ ਜ਼ੁਬਾਨ ਵੀ ਬੰਦ ਹੋ ਚੁੱਕੀ ਸੀ। ਮੈਂ ਬਿਲਕੁਲ ਗੂੰਗਾ ਹੋ ਗਿਆ ਸਾਂ। ਭਾਬੀ ਨੇ ਮੇਰੇ ਅੰਦਰ ਏਨਾ ਡਰ ਬਿਠਾ ਦਿੱਤਾ ਸੀ ਕਿ ਮੈਂ ਨਾ ਹੀ ਕੁਝ ਬੋਲਦਾ ਸਾਂ ਤੇ ਨਾ ਹੀ ਕਿਸੇ ਦੇ ਸਾਹਮਣੇ ਰੋਂਦਾ ਸਾਂ। ਜਦੋਂ ਰੋਂਦਾ ਇਕੱਲਾ ਰੁੱਖਾਂ ਦਰਖਤਾਂ ਓਹਲੇ ਬੈਠ ਕੇ ਰੋਂਦਾ। ਫੇਰ ਇਕ ਦਿਨ ਜਦੋਂ ਮਾਸਟਰ ਜੀਵਨ ਸਿੰਘ ਨੇ ਮੈਨੂੰ ਸਿਆਲ ਦੀ ਇਕ ਸਵੇਰ ਨੂੰ ਅੱਠ ਬੈਂਤ ਮਾਰੇ, ਜਿਸ ਨਾਲ ਸਾਰਾ ਦਿਨ ਮੇਰੇ ਹੱਥ ਲੂਸਦੇ ਰਹੇ ਤੇ ਮੈਨੂੰ ਬੁਖ਼ਾਰ ਚੜ੍ਹ ਗਿਆ ਤਾਂ ਮੇਰੀ ਜਮਾਤ ਦੇ ਇਕ ਮੁੰਡੇ ਨੇ ਸਾਰੀ ਗੱਲ ਬ੍ਹੀਰੇ ਨੂੰ ਦੱਸੀ। ਬ੍ਹੀਰੇ ਨੇ ਮਾਸਟਰ ਜੀਵਨ ਸਿੰਘ ਨੂੰ ਇਸ ਮਾਰ ਦੀ ਵਜ੍ਹਾ ਪੁੱਛੀ ਜੋ ਉਸਨੇ ਮੇਰਾ ਰੋਜ਼ ਲੇਟ ਆਉਣਾ ਦੱਸਿਆ। ਬ੍ਹੀਰੇ ਨੇ ਜਦੋਂ ਉਹਨੂੰ ਅਸਲੀਅਤ ਦੱਸੀ ਤਾਂ ਮਾਸਟਰ ਬਹੁਤ ਪਛਤਾਇਆ। ਫੇਰ ਇਕ ਦਿਨ ਮਾਸਟਰ ਨੇ ਮੈਨੂੰ ਕੋਲ ਸੱਦਿਆ ਤੇ ਪਿਆਰ ਨਾਲ ਪੁੱਛਿਆ ਕਿ ਮੈਂ ਉਹਨੂੰ ਆਪਣੀ ਇਹ ਡੰਗਰ ਖੂਹ ਤੇ ਖੜਨ ਵਾਲੀ ਗੱਲ ਪਹਿਲਾਂ ਕਿਉਂ ਨਾ ਦੱਸੀ।ਮੈਂ ਫੇਰ ਵੀ ਕੁਝ ਨਾ ਬੋਲ ਸੱਕਿਆ। ਸਿਰਫ਼ ਪਰਲ ਪਰਲ ਵਗਦੇ ਅੱਥਰੂ ਹੀ ਮੇਰਾ ਜਵਾਬ ਸਨ।
ਮਾਸਟਰ ਜੀਵਨ ਸਿੰਘ ਹਿਸਾਬ ਦਾ ਟੀਚਰ ਸੀ ਤੇ ਪਹਿਲਾ ਪੀਰੀਅਡ ਪੰਜਵੀਂ ਵਿਚ ਉਸੇ ਦਾ ਹੁੰਦਾ ਸੀ। ਉਹਨੇ ਮੈਨੂੰ ਮਾਰਨਾ ਬਿਲਕੁਲ ਛੱਡ ਦਿੱਤਾ।।ਤੇ ਫੇਰ ਦਿਨਾਂ ਵਿਚ ਹੀ ਉਸਦਾ ਪਿਆਰ ਵਾਲਾ ਵਤੀਰਾ ਰੰਗ ਲਿਆਉਣ ਲੱਗਾ। ਹਰ ਸਵਾਲ ਹੱਲ ਕਰ ਕੇ ਸਭ ਤੋਂ ਪਹਿਲਾਂ ਵਖਾਉਣ ਵਾਲਾ ਮੈਂ ਹੁੰਦਾ। ਅੱਗੇ ਇਕ ਮੁੰਡਾ ਹਰਬੰਸ ਤੇ ਦੂਜਾ ਕਰਮਾ ਹੁੰਦੇ ਸਨ। ਹੁਣ ਉਹ ਮੇਰੇ ਵੱਲ ਵੇਖ ਕੇ ਹੈਰਾਨ ਹੁੰਦੇ। ਛੇਵੀਂ ਵਿਚ ਚੜ੍ਹਦਿਆਂ ਤਕ ਬੜਾ ਕੁਝ ਬਦਲ ਚੁੱਕਾ ਸੀ। ਇਸੇ ਸਾਲ ਸਾਨੂੰ ਅੰਗਰੇਜ਼ੀ ਸ਼ੁਰੂ ਕੀਤੀ ਗਈ। ਤੇ ਏਧਰ ਭਾਸ਼ਾਵਾਂ ਦਾ ਇਸ਼ਕ ਮੇਰੀ ਰਗ਼ ਰਗ਼ ਵਿਚ ਸੀ। ਪੰਜਾਬੀ ਵਿਚ ਮੈਂ ਪਹਿਲਾਂ ਹੀ ਬਹੁਤ ਹੁਸਿ਼ਆਰ ਸਾਂ। ਪੰਜਾਬੀ ਦੇ ਮਾਸਟਰ ਦੀਦਾਰ ਸਿੰਘ ਨੂੰ ਮੇਰੇ ਤੇ ਮਾਨ ਹੁੰਦਾ ਸੀ। ਡੰਗਰ ਚਾਰਨ ਦਾ ਕੰਮ, ਖੂਹ ਤੇ ਰੋਟੀ ਖੜਨ ਦਾ ਕੰਮ, ਫਲ੍ਹਿਆਂ ਦੇ ਦਿਨੀਂ ਫਲ੍ਹੇ ਵਾਹੁਣ ਦਾ ਕੰਮ - ਸਭ ਕੁਝ ਮੈਨੂੰ ਪਹਿਲਾਂ ਵਾਂਗ ਹੀ ਕਰਨਾ ਪੈਂਦਾ। ਪਰ ਹੁਣ ਮੇਰਾ ਬਸਤਾ ਹਮੇਸ਼ਾਂ ਹੀ ਮੇਰੇ ਕੋਲ ਹੁੰਦਾ। ਬਸਤੇ ਚ ਪੰਜਾਬੀ ਦੇ ਪਾਟੇ ਪੁਰਾਣੇ ਰਸਾਲੇ ਹੁੰਦੇ, ਪਾਟੀਆਂ ਪੁਰਾਣੀਆਂ ਕਿਤਾਬਾਂ ਹੁੰਦੀਆਂ, ਸਕੂਲ ਦੀਆਂ ਕਾਪੀਆਂ ਕਿਤਾਬਾਂ ਹੁੰਦੀਆਂ, ਤੇ ਮੈਂ ਡੰਗਰ ਚਾਰਦਾ ਵੀ ਆਪਣੇ ਆਪ ਵਿਚ ਰੁੱਝਿਆ ਰਹਿੰਦਾ। ਛੇਵੀਂ ਜਮਾਤ ਵਿਚ ਹੀ ਮੈਂ ਆਪਣੀ ਪਹਿਲੀ ਕਵਿਤਾ ਲਿਖੀ। ਉਦੋਂ ਮੈਂ ਬ੍ਹਾਰਵੇਂ ਸਾਲ ਵਿਚ ਸਾਂ। ਇਹ ਕਵਿਤਾ ਮੈਂ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਫੁਹਾਰਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ। ਨਾਮ ਸੀ ਗੁਲਾਬ।

ਐ ਫੁੱਲਾ ਸੋਹਲ ਗੁਲਾਬ ਦਿਆ।
ਐ ਸਾਨੀ ਮਸਤ ਸ਼ਰਾਬ ਦਿਆ।
ਤੇਰੀ ਰੰਗਤ, ਸੋਹਣਾ ਹਾਸਾ ਇਹ।
ਹਰ ਦਿਲ ਦਾ ਬਦਲੇ ਪਾਸਾ ਇਹ।

ਬਸ, ਏਨੀ ਕੁ ਹੀ ਯਾਦ ਰਹਿ ਸਕੀ ਹੈ। ਇਸਤੋਂ ਬਾਅਦ ਮੈਂ ਤਿੰਨ ਰੁਬਾਈਆਂ ਲਿਖੀਆਂ ਜੋ ਮੈਂ ਹਫ਼ਤਾਵਾਰੀ ਵਰਤਮਾਨ ਦੇ ਐਡੀਟਰ ਜਮੀਅਤ ਸਿੰਘ ਨੂੰ ਵਖਾਈਆਂ। ਉਹਨਾਂ ਨੂੰ ਬਹੁਤ ਪਸੰਦ ਆਈਆਂ ਤੇ ਉਹਨਾਂ ਨੇ ਛਾਪ ਦਿੱਤੀਆਂ। ਇਹ ਪਰਚਾ ਈਸ਼ਰ ਸਿੰਘ ਮਝੈਲ ਦਾ ਸੀ। ਇਹਨਾਂ ਰੁਬਾਈਆਂ ਤੋਂ ਬਾਅਦ ਤਕਰੀਬਨ ਹਰ ਪਰਚੇ ਵਿਚ ਹੀ ਮੇਰੀ ਕਵਿਤਾ ਜ਼ਰੂਰ ਹੁੰਦੀ ਸੀ। ਸੱਤਵੀਂ ਤਕ ਪਹੁੰਚਦਿਆਂ ਮੇਰੀ ਅੰਗਰੇਜ਼ੀ ਜੋ ਸਾਨੂੰ ਐਨ.ਸੀ.ਸੀ. ਦਾ ਮਾਸਟਰ ਰੂਪ ਸਿੰਘ ਪੜਾਉਂਦਾ ਸੀ, ਵੀ ਏਡੀ ਤੇਜ਼ ਹੋ ਗਈ ਕਿ ਕਈ ਵਾਰੀ ਉਹ ਕਲਾਸ ਮੇਰੇ ਭਰੋਸੇ ਛੱਡ ਕੇ ਆਪ ਕਿਸੇ ਕੰਮ ਚਲਿਆ ਜਾਂਦਾ। ਜਦੋਂ ਮੈਂ ਅੱਠਵੀਂ ਵਿਚ ਸਾਂ ਤਾਂ ਉਹ ਮੈਨੂੰ ਸੱਦ ਕੇ ਆਪਣੀ ਸੱਤਵੀਂ ਕਲਾਸ ਨੂੰ ਅੰਗਰੇਜ਼ੀ ਦੇ ਬਾਰਾਂ ਟੈਂਸ ਸਿਖਾੳੇੁਣ ਲਈ ਆਖ ਦੇਂਦਾ।
ਪਰ ਗਰੀਬੀ ਮੈਨੂੰ ਘੁਣ ਵਾਂਗ ਚੰਬੜੀ ਹੋਈ ਸੀ।ਮੈਂ ਵੇਖ ਰਿਹਾ ਹੁੰਦਾ ਕਿ ਬ੍ਹੀਰਾ ਸਕੂਲ਼ ਦੀ ਟੱਕ ਸ਼ਾਪ ਤੋਂ ਕੁਝ ਨਾ ਕੁਝ ਲੈ ਕੇ ਖਾ ਰਿਹਾ ਹੁੰਦਾ ਜਦੋਂ ਕਿ ਮੇਰੀ ਜ੍ਹੇਬ ਬਿਲਕੁਲ ਖਾਲੀ ਹੁੰਦੀ। ਉਹ ਭਾਬੀ ਕੋਲੋਂ ਵੀ ਪੈਸੇ ਲੈ ਲੈਂਦਾ ਅਤੇ ਭਾਈਯੇ ਕੋਲੋਂ ਵੀ। ਪਰ ਮੈਂ ਕਿੱਥੋਂ ਲੈਂਦਾ? ਭਾਬੀ ਕੋਲੋਂ ਤਾਂ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।ਪਰ ਜੇ ਕਦੇ ਗ਼ਲਤੀ ਨਾਲ ਮੰਗ ਵੀ ਲੈਂਦਾ ਤਾਂ ਅੱਗੋਂ ਕਈ ਗਾਲਾਂ ਤੇ ਸ਼ਲੋਕ ਸੁਣਨੇ ਪੈਂਦੇ: ਕਿਉਂ, ਤੇਰਾ ਨਖੱਤਾ ਪਿਉ ਮੇਰੇ ਕੋਲ ਠੈਂਚੀ ਜਮ੍ਹਾਂ ਕਰਵਾ ਗਿਆ ਸੀ ਪਈ ਤੈਨੂੰ ਦੇ ਦਿਆਂ? ਉਹਨੂੰ ਮਰਨ ਜੋਗੇ ਨੂੰ ਕਹਿਣਾ ਸੀ ਤੇਰੇ ਲਈ ਬੰਕ ਚ ਖਾਤਾ ਖੁਲ੍ਹਵਾ ਜਾਂਦਾ। ਇਹ ਤੇ ਏਦਾਂ ਦੀਆਂ ਹੋਰ ਸਾੜਵੀਆਂ ਗੱਲਾਂ ਸੁਣਨੀਆਂ ਪੈਂਦੀਆਂ। ਦੂਜੇ ਪਾਸੇ ਜੇ ਭਾਈਏ ਦਾ ਮਜ਼ਾਜ ਠੀਕ ਹੁੰਦਾ ਤਾਂ ਕਦੇ ਮੰਗ ਲੈਂਦਾ ਨਹੀਂ ਤਾਂ ਨਹੀਂ।
ਮੇਰੀ ਜਮਾਤ ਵਿਚ ਹੀ ਇਕ ਮਜ੍ਹਬੀਆਂ ਦਾ ਮੁੰਡਾ ਅਜੀਤ ਪੜ੍ਹਦਾ ਸੀ। ਛੇਵੀਂ ਤੋਂ ਉਹਦੇ ਨਾਲ ਮੇਰਾ ਜੁੱਟ ਜਿਹਾ ਬਣ ਗਿਆ ਸੀ ਕਿਉਂਕਿ ਉਹਦੇ ਕੋਲ ਵੀ ਪੈਸੇ ਘੱਟ ਹੀ ਹੁੰਦੇ ਸਨ ਪਰ ਸ਼ਾਇਦ ਮੇਰੇ ਵਰਗੀ ਖਸਤਾ ਹਾਲਤ ਉਹਦੀ ਵੀ ਨਹੀਂ ਸੀ। ਅਸਾਂ ਦ੍ਹੋਵਾਂ ਰਲ ਕੇ ਭੁੱਖ ਦਾ ਹੱਲ ਲੱਭ ਲਿਆ। ਸਕੂਲ਼ ਦੇ ਨਾਲ ਹੀ ਹਰ ਰੋਜ਼ ਸਬਜ਼ੀ ਦੀ ਮੰਡੀ ਲਗਦੀ ਸੀ। ਗਾਜਰਾਂ ਟਕੇ ਦੀਆਂ ਸੇਰ ਮਿਲ ਜਾਂਦੀਆਂ। ਇਕ ਸੇਰ ਉਹ ਲੈ ਲੈਂਦਾ ਤੇ ਇਕ ਸੇਰ ਮੈਂ। ਫੇਰ ਅਸੀਂ ਗਰਾਉਂਡ ਵਾਲੇ ਨਲਕੇ ਤੋਂ ਜਾ ਕੇ ਉਹਨਾਂ ਨੂੰ ਖੂਬ ਧੋਂਦੇ, ਤੇ ਫੇਰ ਘਾਹ ਤੇ ਬੈਠ ਕੇ ਖਾਂਦੇ ਤੇ ਢਿੱਡ ਭਰ ਲੈਂਦੇ। ਇਹੋ ਸਾਡਾ ਰੋਜ਼ ਦਾ ਮਾਮੂਲ ਸੀ। ਫੇਰ ਉਹ ਵੀ ਕਵਿਤਾ ਲਿਖਣ ਲੱਗ ਪਿਆ। ਮੈਂ ਤਾਂ ਪਹਿਲਾਂ ਹੀ ਲਿਖਦਾ ਸਾਂ। ਅਸੀਂ ਆਪੋ ਆਪਣੀ ਕਵਿਤਾ ਇਕ ਦੂਜੇ ਨੂੰ ਸੁਣਾਉਂਦੇ, ਗਾਜਰਾਂ ਦਾ ਦੁਪਹਿਰਾ ਕਰਦੇ ਤੇ ਇਕ ਦੂਜੇ ਦੇ ਆਸਰੇ ਤੁਰੇ ਰਹਿੰਦੇ।
ਮੇਰੇ ਨਾਲ ਹੀ ਇਕ ਹੋਰ ਮੁੰਡਾ ਹਰਦੇਵ ਪੜ੍ਹਦਾ ਸੀ। ਮੇਰੇ ਨਾਲੋਂ ਛੋਟੇ ਕੱਦ ਦਾ ਪਰ ਉਂਜ ਬਹੁਤ ਪਿਆਰਾ ਤੇ ਮਿਲਾਪੜਾ। ਉਹ ਲੂਣ ਮੰਡੀ ਵਿਚਲੀ ਇਕ ਗਲੀ ਵਿਚ ਰਹਿੰਦਾ ਸੀ। ਅਸੀਂ ਇਕੱਠੇ ਹੀ ਸਕੂਲੋਂ ਵਾਪਸ ਘਰ ਜਾਂਦੇ ਸਾਂ। ਉਹਨੇ ਲੂਣ ਮੰਡੀ ਰੁਕ ਜਾਣਾ ਹੁੰਦਾ ਤੇ ਮੈਂ ਅੱਗੇ ਨਵੀਂ ਸੜਕ ਨੂੰ ਚਲਿਆ ਜਾਂਦਾ। ਇਕ ਦਿਨ ਮੈਂ ਆਪਣੀ ਆਰਥਕ ਮੁਸ਼ਕਿਲ ਦੀ ਗੱਲ ਉਹਦੇ ਨਾਲ ਕੀਤੀ ਤੇ ਸੁਝਾਅ ਪੁੱਛਿਆ। ਤੂੰ ਤਾਂ ਯਾਰ ਪੜ੍ਹਾਈ ਚ ਬਹੁਤ ਹੁਸਿ਼ਆਰ ਐਂ, ਟਿਊਸ਼ਨਾਂ ਕਿਉਂ ਨਹੀਂ ਰੱਖ ਲੈਂਦਾ? ਉਹਨੇ ਮਸ਼ਵਰਾ ਪੇਸ਼ ਕੀਤਾ। ਪਰ ਟਿਊਸ਼ਨਾਂ ਕਿੱਥੋਂ ਲਵਾਂ? ਇਹ ਖਿਆਲ ਤਾਂ ਮੈਂਨੂੰ ਵੀ ਆਇਆ ਸੀ ਪਰ ਮੁਸ਼ਕਿਲ ਤਾਂ ਟਿਊਸ਼ਨਾਂ ਦੀ ਸੀ। ਤੂੰ ਫਿਕਰ ਨਾ ਕਰ, ਮੈਂ ਆਪਣੇ ਵੱਡੇ ਭਰਾ ਨਾਲ ਗੱਲ ਕਰਾਂਗਾ, ਉਹਨੇ ਕਿਹਾ। ਤੇ ਫੇਰ ਹਫ਼ਤੇ ਕੁ ਬਾਅਦ ਉਹਦੇ ਭਰਾ ਨੇ ਮੇਰੇ ਲਈ ਇਕ ਟਿਊਸ਼ਨ ਦਾ ਬੰਦੋਬਸਤ ਕਰ ਦਿੱਤਾ। ਪੰਜ ਰੁਪਏ ਮਹੀਨੇ ਤੇ। ਛੇਵੀਂ ਚ ਪੜ੍ਹਦੀ ਇਕ ਕੁੜੀ ਨੂੰ ਹਿਸਾਬ ਤੇ ਅੰਗਰੇਜ਼ੀ ਪੜਾਉਣੀ ਸੀ। ਇਉਂ ਹੀ ਮਹੀਨੇ ਕੁ ਪਿੱਛੋਂ ਇਕ ਹੋਰ ਟਿਊਸ਼ਨ ਮਿਲ ਗਈ। ਸਤਵੀਂ ਦੇ ਇਕ ਮੁੰਡੇ ਦੀ। ਤੇ ਇਉਂ ਮੈਂ ਦਸ ਰੁਪਏ ਮਹੀਨੇ ਦੇ ਕਮੌਣ ਲਗ ਪਿਆ। ਇਸਦੇ ਨਾਲ ਹੀ ਮੈਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਧਾਰਮਿਕ ਦੇ ਇਮਤਿਹਾਨ ਦੀ ਤਿਆਰੀ ਸ਼ੁਰੂ ਕਰ ਦਿਤੀ। ਮੈਰਿਟ ਤੇ ਪਾਸ ਕਰ ਜਾਣ ਦੀ ਸੂਰਤ ਵਿਚ ਦੋ ਸਾਲ ਲਈ ਅੱਠ ਰੁਪਏ ਮਹੀਨਾ ਮਿਲ ਸਕਦੇ ਸਨ। ਮੇਰੇ ਵੱਲ ਵੇਖ ਕੇ ਅਜੀਤ ਵੀ ਇਸ ਵਜ਼ੀਫ਼ੇ ਲਈ ਤਿਆਰੀ ਕਰਨ ਲੱਗਾ। ਪਰ ਜਦੋਂ ਇਮਤਿਹਾਨ ਹੋਏ ਅਜੀਤ ਪਾਸ ਤਾਂ ਹੋ ਗਿਆ ਪਰ ਮੈਰਿਟ ਲਿਸਟ ਵਿਚ ਨਾ ਆ ਸਕਿਆ, ਮੈਂ ਆ ਗਿਆ। ਇਉਂ ਮੇਰੇ ਅੱਠ ਰੁਪਏ ਮਹੀਨਾ ਹੋਰ ਬੱਝ ਗਏ। ਟਿਊਸ਼ਨਾਂ ਤਾਂ ਟੁੱਟ ਵੀ ਸਕਦੀਆਂ ਸਨ ਪਰ ਇਹ ਵਜ਼ੀਫ਼ਾ ਦੋ ਸਾਲ ਚੱਲਣਾ ਸੀ।
ਨੌਵੀਂ ਤੇ ਦਸਵੀਂ ਜਮਾਤ ਵਿਚ ਸਾਰੇ ਹੀ ਮਾਸਟਰ ਮੇਰੇ ਤੇ ਮਿਹਰਬਾਨ ਰਹੇ। ਮੇਰਾ ਸਿਰ ਹੁਣ ਪੂਰੀ ਤਰ੍ਹਾਂ ਜ਼ਰਖ਼ੇਜ਼ ਸੀ। ਕੋਈ ਵੀ ਵਿਸ਼ਾ ਮੇਰੇ ਅੱਗੇ ਨਹੀਂ ਸੀ ਟਿਕਦਾ। ਸਾਇੰਸ ਮੈਂ ਅੰਗਰੇਜ਼ੀ ਵਿਚ ਲਈ ਸੀ ਕਿਉਂਕਿ ਬ੍ਹੀਰੇ ਦੀਆਂ ਸਾਇੰਸ ਦੀ ਕਿਤਾਬ ਅੰਗਰੇਜ਼ੀ ਵਿਚ ਹੀ ਸੀ। ਬਾਕੀ ਦੀ ਕਲਾਸ ਸਾਇੰਸ ਪੰਜਾਬੀ ਵਿਚ ਕਰਦੀ ਸੀ। ਮਾਸਟਰ ਸੇਵਾ ਸਿੰਘ ਪੜਾਉਂਦਾ ਵੀ ਪੰਜਾਬੀ ਵਿਚ ਹੀ ਸੀ। ਵਿਚ ਵਿਚ ਅੰਗਰੇਜ਼ੀ ਦੀਆਂ ਡੈਫ਼ੀਨਿਸ਼ਨਜ਼ ਵੀ ਬੋਲਦਾ ਰਹਿੰਦਾ। ਪਰ ਸਾਰਾ ਕੁਝ ਅੰਗਰੇਜ਼ੀ ਵਿਚ ਕਰਨਾ ਮੇਰੀ ਮਜਬੂਰੀ ਸੀ। ਸ਼ਾਇਦ ਇਸੇ ਕਰ ਕੇ ਹੀ ਕੁਦਰਤ ਨੇ ਬ੍ਹੀਰੇ ਨੂੰ ਮੇਰੇ ਨਾਲੋਂ ਤਿੰਨ ਸਾਲ ਅੱਗੇ ਰੱਖਿਆ ਹੋਇਆ ਸੀ। ਉਹਦੀਆਂ ਖਰੀਦੀਆਂ ਤੇ ਛੱਡੀਆਂ ਹੋਈਆਂ ਕਿਤਾਬਾਂ ਮੇਰੇ ਲਈ ਵਰਦਾਨ ਸਾਬਤ ਹੋਈਆਂ, ਨਹੀਂ ਤਾਂ ਮੈਂ ਉਹ ਭਲਾ ਕਿੱਥੋਂ ਤੇ ਕਿਵੇਂ ਖਰੀਦਣੀਆਂ ਸਨ?
ਅੰਗਰੇਜ਼ੀ ਦੇ ਟੀਚਰ ਤੇ ਹੈੱਡ ਮਾਸਟਰ ਮਾਹਣਾ ਸਿੰਘ ਨੇ ਮੇਰਾ ਨਾਂ ਫਿ਼ਲਾਸਫ਼ਰ ਪਾਇਆ ਹੋਇਆ ਸੀ ਕਿਉਂਕਿ ਹਰ ਲੇਖ ਲਿਖਣ ਵੇਲੇ ਮੈਂ ਸ਼ੁਰੂਆਤ ਕਿਸੇ ਦਾਰਸ਼ਨਿਕ ਖਿਆਲ ਨਾਲ ਕਰਦਾ ਸਾਂ ਜਿਹੜਾ ਮੈਂ ਕਿਤੇ ਪੜ੍ਹਿਆ ਹੁੰਦਾ ਸੀ।ਤੇ ਪੜ੍ਹਦਾ ਤਾਂ ਮੈਂ ਏਨਾ ਸਾਂ ਰਹੇ ਰੱਬ ਦਾ ਨਾਂ। ਅਠਵੀਂ ਤਕ ਪਹੁੰਚਦਿਆਂ ਮੈਂ ਸਾਰਾ ਨਾਨਕ ਸਿੰਘ, ਸਾਰਾ ਜਸਵੰਤ ਸਿੰਘ ਕੰਵਲ, ਭਾਈ ਮੋਹਨ ਸਿੰਘ ਵੈਦ, ਮੋਹਨ ਸਿੰਘ, ਧਨੀਰਾਮ ਚਾਤ੍ਰਿਕ, ਕੁਝ ਕੁ ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ ਅਤੇ ਹੋਰ ਕਈ ਲੇਖਕ ਪੜ੍ਹ ਚੁੱਕਾ ਸਾਂ।ਹੁਣ ਤਕ ਬ੍ਹੀਰਾ ਦਸਵੀਂ ਕਰ ਕੇ ਖਾਲਸਾ ਕਾਲਜ, ਅੰਮ੍ਰਿਤਸਰ ਜਾ ਚੁੱਕਾ ਹੋਇਆ ਸੀ। ਨਾਲ ਹੀ ਉਹਦਾ ਵਿਆਹ ਵੀ ਕਰ ਦਿੱਤਾ ਗਿਆ ਸੀ। ਸੋ ਉਹਨੂੰ ਬ੍ਹਾਰਵੀਂ ਵਿਚ ਹੀ ਅਜੇਹੀਆਂ ਬਰੇਕਾਂ ਲੱਗੀਆਂ ਕਿ ਉਹ ਹਰ ਸਾਲ ਫੇਲ ਹੋ ਜਾਂਦਾ। ਏਧਰ ਮੈਂ 1957 ਵਿਚ ਦਸਵੀਂ ਕਰ ਲਈ, 616 ਨੰਬਰ ਲੈਕੇ ਤੇ ਸਕੂਲ ਵਿਚ ਤੀਜੀ ਪੁਜ਼ੀਸ਼ਨ ਪ੍ਰਾਪਤ ਕਰ ਕੇ। ਫਰਸਟ ਆਉਣ ਵਾਲੇ ਮੁੰਡੇ ਦੇ 621 ਨੰਬਰ ਸਨ। ਜੇ ਮਾਸਟਰਾਂ ਨੇ ਮੈਨੂੰ ਸਕੂਲ ਦੇ ਟਾਈਮ ਤੋਂ ਬਾਅਦ ਦੂਜੇ ਦੋ ਮੁੰਡਿਆਂ ਦੇ ਬਰਾਬਰ ਕੋਚਿੰਗ ਦਿੱਤੀ ਹੁੰਦੀ ਤਾਂ ਸ਼ਾਇਦ ਮੈਂ ਦਸਵੀਂ ਚੋ ਵਜ਼ੀਫ਼ਾ ਲੈ ਜਾਂਦਾ। ਪਰ ਉਹਨਾਂ ਨੂੰ ਸ਼ਾਇਦ ਮੇਰੇ ਤੇ ਇਸ ਤਰ੍ਹਾਂ ਦਾ ਯਕੀਨ ਨਹੀਂ ਸੀ।
ਮੇਰੀ ਫਰਸਟ ਕਲਾਸ ਆਏਗੀ, ਅਜੇਹਾ ਉਹਨਾਂ ਨੂੰ ਪਤਾ ਸੀ।
ਫੇਰ ਮੈਂ ਸਭ ਦੀ ਮਰਜ਼ੀ ਦੀ ਉਲੰਘਣਾਂ ਕਰ ਕੇ ਖਾਲਸਾ ਕਾਲਜ ਵਿਚ ਦਾਖਲ ਹੋਇਆ। ਭਾਈਯੇ ਦੀ ਇੱਕੋ ਜਿ਼ਦ ਸੀ ਕਿ ਜਾਂ ਕੋਈ ਕੜੀ ਕਲਰਕੀ ਲੱਭਾਂ ਤੇ ਹਰ ਮਹੀਨੇ ਉਹਨਾਂ ਨੂੰ ਤਨਖਾਹ ਲਿਆ ਕੇ ਦਿਆਂ, ਤੇ ਜਾਂ ਫਿਰ ਖੂਹ ਤੇ ਜਾ ਕੇ ਭਰਾਵਾਂ ਨਾਲ ਖੇਤੀ ਕਰਾਵਾਂ। ਪਰ ਮੇਰੀ ਜਿ਼ਦ ਸੀ ਕਿ ਮੈਂ ਹਰ ਹਾਲਤ ਵਿਚ ਖੇਤੀ ਬਾੜੀ ਦੀ ਬੀ.ਐਸ.ਸੀ. ਕਰਨੀ ਚਾਹੁੰਦਾ ਸਾਂ। ਦਾਖਲਾ ਲੈਣ ਵਿਚ ਡਾਕਟਰ ਆਗਿਆ ਸਿੰਘ (ਵਕੀਲ ਜੀਵਨ ਸਿੰਘ ਦਾ ਪੁੱਤਰ) ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਹਮੇਸ਼ਾਂ ਉਹਨਾਂ ਦਾ ਸ਼ੁਕਰਗੁਜ਼ਾਰ ਰਹਾਂਗਾ। ਫੀਸ ਮੇਰੀ ਕਾਲਜ ਵਿਚ ਵੀ ਮੁਆਫ਼ ਹੀ ਰਹੀ। ਸਗੋਂ ਇਕ ਸਟਾਈਪੈਂਡ ਵੀ ਮਿਲਦਾ ਸੀ। ਟਿਊਸ਼ਨਾਂ ਮੈਨੂੰ ਆਮ ਹੀ ਮਿਲ ਜਾਂਦੀਆਂ, ਖਾਸ ਕਰ ਕੇ ਨੌਵੀਂ ਤੇ ਦਸਵੀਂ ਦੀਆਂ। ਅੰਗਰੇਜ਼ੀ ਤੇ ਹਿਸਾਬ ਹੀ ਵਿਦਿਆਰਥੀਆਂ ਦਾ ਕਮਜ਼ੋਰ ਹੁੰਦਾ, ਤੇ ਮੇਰੇ ਪੋਟਿਆਂ ਤੇ ਹੁੰਦਾ।
ਉਦੋਂ ਮੈਂ ਸਤਵੀਂ ਜਾਂ ਅਠਵੀਂ ਵਿਚ ਸਾਂ ਜਦੋਂ ਭਾਈਯੇ ਹੁਰਾਂ ਨੇ ਇਕ ਟਰੈਕਟਰ ਲੈ ਲਿਆ ਸੀ। ਟਰੈਕਟਰ ਚਲਾਉਣਾ ਮੈਂ ਸਭ ਤੋਂ ਪਹਿਲਾਂ ਸਿੱਖ ਲਿਆ। ਘਰ ਦੀ ਪੈਲੀ ਵਾਹ ਕੇ ਟਰੈਕਟਰ ਵੇਹਲਾ ਹੋ ਜਾਂਦਾ ਤਾਂ ਕਿਰਾਏ ਦੀ ਪੈਲੀ ਵਾਹੀ ਜਾਂਦੀ। ਆਮ ਕਰ ਕੇ ਇਹ ਕੰਮ ਮੈਂ ਕਰਦਾ। ਗਾਹਕ ਨਾਲ ਮੁਹਿੰਦਰ ਦੀ ਪਹਿਲਾਂ ਹੀ ਬਾਂਧ ਹੋਈ ਹੁੰਦੀ। ਇਸ ਲਈ ਇਸਦਾ ਮੈਂ ਕੁਝ ਨਹੀਂ ਸਾਂ ਕਰ ਸਕਦਾ। ਪਰ ਜਦੋਂ ਉਹ ਪੈਲੀ ਵਾਹ ਕੇ ਮੈਂ ਵਾਪਸ ਆ ਰਿਹਾ ਹੁੰਦਾ ਤਾਂ ਰਾਹ ਵਿਚ ਕੋਈ ਹੋਰ ਜੱਟ ਮਿਲ ਜਾਂਦਾ ਜਿਸਨੇ ਇਕ ਦੋ ਖੇਤਾਂ ਨੂੰ ਪਾੜ ਜਾਂ ਦੋਹਰ ਪੁਆਉਣੀ ਹੁੰਦੀ। ਮੈਂ ਉਹਦਾ ਕੰਮ ਕਰ ਦੇਂਦਾ ਤੇ ਪੈਸੇ ਆਪਣੀ ਜ੍ਹੇਬ ਚ ਹੀ ਰੱਖਦਾ। ਉਹਦਾ ਹਿਸਾਬ ਕਿਸੇ ਨੂੰ ਨਾ ਦੇਂਦਾ। ਉਹਨੀਂ ਦਿਨੀਂ ਇਕ ਵਿਘੇ ਨੂੰ ਪਾੜ ਪਾਉਣ ਦੇ ਤਿੰਨ ਰੁਪਏ ਤੇ ਦੋਹਰ ਦੇ ਛੇ ਰੁਪਏ ਹੁੰਦੇ ਸਨ। ਇਉਂ ਕਈ ਵਾਰੀ ਤਾਂ ਮੈਂ ਵੀਹ ਵੀਹ ਰੁਪਏ ਵੀ ਕਮਾ ਲੈਂਦਾ। ਪਰ ਮੈਂ ਹਰੇਕ ਪੈਸਾ ਜੋੜਦਾ ਤੇ ਲੁਕਾ ਕੇ ਰੱਖਦਾ। ਪਰ ਇਹ ਠੱਗੀ ਬਹੁਤਾ ਚਿਰ ਨਾ ਚੱਲ ਸਕਦੀ ਕਿਉਂਕਿ ਵਾਹੀ ਤਾਂ ਸੀਜ਼ਨਲ ਹੀ ਹੁੰਦੀ ਸੀ। ਬਿਜਾਈਆਂ ਮੁੱਕਣ ਪਿੱਛੋਂ ਫੇਰ ਸੋਕਾ ਪੈ ਜਾਂਦਾ। ਕਈ ਵਾਰੀ ਟਿਊਸ਼ਨਾਂ ਵੀ ਟੁੱਟ ਜਾਂਦੀਆਂ, ਖਾਸ ਕਰ ਕੇ ਇਮਤਿਹਾਨਾਂ ਤੋਂ ਬਾਅਦ, ਤੇ ਫੇਰ ਘੋਰ ਗਰੀਬੀ ਦਾ ਮੌਸਮ ਆ ਜਾਂਦਾ।
ਬ੍ਹੀਰੇ ਨੇ ਐਫ਼.ਐਸ.ਸੀ. ਥਰਡ ਕਲਾਸ ਵਿਚ ਉਸੇ ਸਾਲ ਕੀਤੀ ਜਿਸ ਸਾਲ ਮੈਂ ਐਫ਼.ਐਸ.ਸੀ. ਐਗਰੀਕਲਚਰ ਦੀ ਕੀਤੀ ਹਾਲਾਂਕਿ ਉਹ ਮੇਰੇ ਨਾਲੋਂ ਤਿੰਨ ਸਾਲ ਅੱਗੇ ਹੁੰਦਾ ਸੀ। ਫੇਰ ਉਹਨੇ ਬੀ.ਏ ਵਿਚ ਆਰਟਸ ਲੈ ਲਏ ਪਰ ਉਹ ਪਾਸ ਕਦੇ ਨਾ ਹੋ ਸਕਿਆ। ਅੰਗਰੇਜ਼ੀ ਲਿਟਰੇਚਰ ਦੀਆ ਉਹਦੀਆਂ ਸਭ ਕਿਤਾਬਾਂ ਮੈਂ ਹੀ ਪੜ੍ਹੀਆਂ ਭਾਵੇਂ ਕਿ ਐਗ੍ਰੀਕਲਚਰ ਵਿਚ ਅੰਗਰੇਜ਼ੀ ਆਪਸ਼ਨਲ ਤੇ ਸਿਰਫ਼ 50 ਨੰਬਰ ਦੀ ਹੁੰਦੀ ਸੀ। ਅੰਗਰੇਜ਼ੀ ਦੀ ਥਾਂ ਐਨ.ਸੀ.ਸੀ. ਵੀ ਰੱਖੀ ਜਾ ਸਕਦੀ ਸੀ। ਉਂਜ ਸਬਜੈਕਟਸ ਸਾਰੇ ਹੀ ਅੰਗਰੇਜ਼ੀ ਵਿਚ ਸਨ। ਪੰਜਾਬੀ ਮੈਂ ਦਸਵੀਂ ਤਕ ਹੀ ਪੜ੍ਹੀ ਸੀ। ਪਰ ਪੰਜਾਬੀ ਤਾਂ ਮੇਰਾ ਇਸ਼ਕ ਸੀ। ਸੈਆਂ ਹੀ ਕਵਿਤਾਵਾਂ ਲਿਖ ਕੇ ਛਪਵਾ ਚੁੱਕਾ ਸਾਂ। ਜਿਸ ਦਿਨ ਕਾਲਜ ਵੜਿਆ ਸਾਂ ਸਾਰੇ ਮੁੰਡੇ ਮੇਰਾ ਨਾਂ ਪਹਿਲਾਂ ਹੀ ਜਾਣਦੇ ਸਨ। ਕਾਲਜ ਵਿਚ ਮੈਂ ਦਰਬਾਰ ਮੈਗ਼ਜ਼ੀਨ ਨਾਲ ਜੁੜ ਗਿਆ ਤੇ ਕਵਿਤਾ ਦੇ ਨਾਲ ਨਾਲ ਕਹਾਣੀ ਵੀ ਲਿਖਣ ਲੱਗਾ।
ਦਸਵੀਂ ਪਾਸ ਕਰ ਕੇ ਮੈਨੂੰ ਆਪਣਾ ਰਸਤਾ ਲੱਭ ਗਿਆ ਸੀ। ਤੇ ਇਹ ਰਸਤਾ ਸੀ ਰੱਜ ਕੇ ਪੜ੍ਹਨ ਦਾ।
ਥੋੜ ਦਾ ਪੰਛੀ ਨਰੋਆ, ਤੇ ਆਕਾਸ਼ਾਂ ਦਾ ਉਡਾਰ
ਥੋੜ ਦੇ ਪੰਛੀ ਦੇ ਖੰਭ , ਫੱਕ ਦੇ ਹਿੰਮਤ ਹਵਾ
ਉਡਣ ਦਾ ਸਾਮਾਨ ਕਰਦੇ, ਸੇਕ ਤੇ ਸਰਦੀ ਨੂੰ ਜਰਦੇ ਤੋੜ ਦੇਂਦੇ ਹਰ ਦੀਵਾਰ, ਮਹਿਕੀਆਂ ਸੱਧਰਾਂ ਖਲਾਰ

ਥੋੜ ਦੀ ਧਰਤੀ ਚੋਂ ਉੱਗੇ ਪੂਰਨਤਾ ਦੀ ਇਕ ਲਗਨ
ਤੇ ਪਨੀਰੀ ਲਗਨ ਦੀ ਨੂੰ ਸਕੇ ਨਾ ਕੋਈ ਕੋਰਾ ਵੀ ਲੂਹ
ਕਿ ਦ੍ਰਿੜਤਾ ਦਾ ਹੀ ਛੌਰਾ ਢੱਕਦਾ ਗਰਮੀ ਲਗਨ ਦੀ

ਚਾਨਣ ਦੀ ਝੋਲੀ ਚ ਪੈਂਦਾ ਥੋੜ ਸੋਹਣੀ ਦਾ ਸ਼ਗਨ
ਖਿੱਚਦੇ ਚੌੜੇ ਗਗਨ,
ਤੇ ਹੱਯਾਤੀ ਪੰਧ ਮਾਰੇ ਹੋ ਕੇ ਖ਼ੁਦ ਵਿਚ ਮਗਨ
ਆਸ ਦੇ ਸੂਰਜ ਅਨੇਕਾਂ ਜਿੰਦ ਦੇ ਰਾਹੀਂ ਜਗਨ
-0-
 

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346